Wed. May 18th, 2022


ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਵੱਲੋਂ ਜਪੁਜੀ ਸਾਹਿਬ ਦੇ 14 ਭਾਸ਼ਾਵਾਂ ਵਿਚ ਅਨੁਵਾਦ ਦੇ ਕਿਤਾਬਚੇ ਛਪੇ ਨਾ ਹੋਣ ਬਾਰੇ ਕੀਤੇ ਦਾਅਵੇ ਲੀਰੋ ਲੀਰ ਕਰਦਿਆਂ ਇਹਨਾਂ ਕਿਤਾਬਚਿਆਂ ਦੀ ਕਾਪੀ ਮੀਡੀਆ ਸਾਹਮਣੇ ਪੇਸ਼ ਕਰਕੇ ਇਹਨਾਂ ਦਾ ਝੂਠ ਬੇਨਕਾਬ ਕਰ ਦਿੱਤਾ ਹੈ ਤੇ ਨਾਲ ਹੀ ਸਰਨਾ ਭਰਾਵਾਂ ਤੇ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ ਨੂੰ ਸਵਾਲ ਕੀਤਾ ਹੈ ਕਿ ਉਹ ਬਾਦਲ ਪਰਿਵਾਰ ਦੇ ਨੇੜੇ ਤਾਂ ਢੁੱਕ ਰਹੇ ਹਨ ਪਰ ਉਹ ਸੰਗਤਾਂ ਨੁੰ ਦੱਸਣ ਕਿ ਕਿ ਕੀ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀ ਫੜੇ ਗਏ ਹਨ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ. ਕਾਲਕਾ ਤੇ ਸ. ਕਾਹਲੋਂ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਅਵਤਾਰ ਸਿੰਘ ਹਿੱਤ ਤੇ ਕੁਲਮੋਹਲ ਸਿੰਘ ਇਹ ਦਾਅਵਾ ਕਰ ਰਹੇ ਹਨ ਕਿ ਡਾ. ਭਾਨੂੰ ਮੂਰਤੀ ਵੱਲੋਂ ਕੀਤੇ ਅਨੁਵਾਦ ਦੀਆਂ ਕਾਪੀਆਂ ਕਦੇ ਛਪੀਆਂ ਹਨ। ਜਦੋਂ ਕਿ ਅਸਲੀਅਤ ਵਿਚ ਦਿੱਲੀ ਗੁਰਦੁਆਰਾ ਕਮੇਟੀ ਕੋਲ ਇਹ ਕਾਪੀਆਂ ਸੈਂਕੜੇ ਦੀ ਗਿਣਤੀ ਵਿਚ ਮੌਜੂਦ ਹਨ ਜਿਹਨਾਂ ਵਿਚ ਹੋਰਨਾਂ ਭਾਸ਼ਾਵਾਂ ਤੋਂ ਇਲਾਵਾ ਮਲਿਆਲਮ ਤੇ ਗੁਜਰਾਤੀ ਭਾਸ਼ਾਵਾਂ ਵੀ ਸ਼ਾਮਲ ਹਨ।ਉਕਤ ਆਗੂਆਂ ਨੇ ਕਿਹਾ ਕਿ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਪੰਥ ਨੁੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਜੋ ਵੀ ਸੱਚਾਈ ਹੈ ਅਸੀਂ ਸਬੂਤਾਂ ਸਮੇਤ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਪੇਸ਼ ਕੀਤੀ ਹੈ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਥਕ ਜਥੇਬੰਦੀਆਂ ਨਾਲ ਰਾਇ ਮਸ਼ਵਰਾ ਕਰ ਕੇ ਮਾਮਲ ਵਿਚ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਗੁਰਬਾਣੀ ਦੀ ਉਸੇ ਤਰੀਕੇ ਬੇਅਦਬੀ ਹੈ ਜਿਵੇਂ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਤੇ ਕੈਨੇਡਾ ਨਿਵਾਸੀ ਓਂਕਾਰ ਸਿੰਘ ਨੇ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਸ. ਹਿੱਤ ਦੀ ਦਿੱਲੀ ਕਮੇਟੀ ਦੀ ਪ੍ਰਧਾਨਗੀ ਵੇਲੇ ਇਹ ਗੁਨਾਹ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਕਮੇਟੀ ਦੇ ਪ੍ਰਧਾਨ ਬਣੇ ਤੇ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਇਸ ਮਾਮਲੇ ਵਿਚ ਸਰਨਾ ਨੂੰ ਪੱਤਰ ਲਿਖ ਕੇ ਮਾਮਲੇ ਬਾਰੇ ਗੱਲ ਕੀਤੀ ਸੀ ਜਿਸਦਾ ਦਫਤਰੀ ਰਿਕਾਰਡ ਮੌਜੂਦ ਹੈ। ਉਹਨਾਂ ਇਹ ਵੀ ਦੱਸਿਆ ਕਿ 19 ਮਾਰਚ 2002 ਨੁੰ ਇਕ ਸੱਦਾ ਪੱਤਰ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਵੱਲੋਂ ਜਾਰੀ ਕੀਤਾ ਗਿਆ ਜਿਸ ਮੁਤਾਬਕ ਇਹ ਪ੍ਰੋਗਰਾਮ 25 ਮਾਰਚ 2002 ਨੂੰ ਅੰਬੇਡਕਰ ਆਡੀਟੋਰੀਅਮ ਵਿਚ ਹੋਇਆ ਜਿਸ ਵਿਚ ਗੁਰਬਾਣੀ ਦੇ 14 ਭਾਸ਼ਾਵਾਂ ਵਿਚ ਅਨੁਵਾਦ ਕੀਤੇ ਗੁਟਕੇ ਰਿਲੀਜ਼ ਕੀਤੇ ਗਏ।
ਉਹਨਾਂ ਕਿਹਾ ਕਿ ਅਵਤਾਰ ਸਿੰਘ ਹਿੱਤ ਇਕਲੌਤੇ ਉਹ ਵਿਅਕਤੀ ਹਨ ਜਿਹਨਾਂ ਨੂੰ ਸਭ ਤੋਂ ਵੱਧ ਵਾਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਗਿਆ ਭਾਵੇਂ ਉਹ 1984 ਦੇ ਗਵਾਹਾਂ ਦੇ ਮਾਮਲਾ ਹੋਵੇ ਜਾਂ ਫਿਰ ਹਰੀ ਨਗਰ ਸਕੂਲ ਦਾ ਜਾਂ ਕੋਈ ਹੋਰ। ਸਰਨਾ ਭਰਾਵਾਂ ’ਤੇ ਵਰਦਿਆਂ ਸ. ਕਾਲਕਾ ਤੇ ਸ. ਕਾਹਲੋਂ ਨੇ ਕਿਹਾ ਕਿ ਅੱਜ ਸਰਨਾ ਭਰਾਵਾ ਤੇ ਮਨਜੀਤ ਸਿੰਘ ਜੀ ਕੇ ਅਕਾਲੀ ਦਲ ਬਾਦਲ ਖਾਸ ਤੌਰ ’ਤੇ ਬਾਦਲ ਪਰਿਵਾਰ ਦੇ ਨੇੜੇ ਢੁੱਕਣ ਦਾ ਯਤਨ ਕਰ ਰਹੇ ਹਨ ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਜਿਹੜਾ ਬਰਗਾੜੀ ਤੇ ਬਹਿਬਲ ਕਲਾਂ ਦਾ ਮਸਲਾ ਉਹ ਆਪਣੇ ਭਾਸ਼ਣਾਂ ਵਿਚ ਚੁੱਕਦੇ ਰਹੇ ਹਨ, ਕੀ ਉਹ ਹੱਲ ਹੋ ਗਿਆ ਤੇ ਕੀ ਇਹਨਾਂ ਮਸਲਿਆਂ ਦੇ ਦੋਸ਼ੀ ਗਿ੍ਰਫਤਾਰ ਹੋ ਗਏ ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਸਾਰੀਆਂ ਧਿਰਾਂ ਆਪਸੀ ਲਾਭ ਵਾਸਤੇ ਇਕਜੁੱਟ ਹੋ ਰਹੀਆਂ ਹਨ।ਸ. ਕਾਲਕਾ ਤੇ ਸ. ਕਾਹਲੋਂ ਨੇ ਇਹ ਵੀ ਸਵਾਲ ਕੀਤਾ ਕਿ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਅਕਾਲੀ ਦਲ ਦੇ ਦਫਤਰ ’ਤੇ ਕਬਜ਼ੇ ਜੋ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਆਰੰਭੀ ਗਈ ਹੈ, ਉਸ ਵਿਚ ਨਾ ਤਾਂ ਅਰਦਾਸ ਕੀਤੀ ਜਾ ਰਹੀ ਹੈ, ਨਾ ਸ੍ਰੀ ਆਨੰਦ ਸਾਹਿਬ ਦੇ ਪਾਠ ਹੋ ਰਹੇ ਹਨ, ਕੀ ਇਹ ਬੇਅਦਬੀ ਨਹੀਂ ਹੈ।ਉਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਪ੍ਰਤੀ ਸਰਨਾ ਭਰਾਵਾਂ ਵੱਲੋਂ ਮੰਦੀ ਸ਼ਬਦਾਵਲੀ ਵਰਤਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ।

 

Leave a Reply

Your email address will not be published.