Tue. Jul 5th, 2022ਚੰਡੀਗੜ੍ਹ :
 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ਵਿਚ ਬਣਾਈ 11 ਮੈਂਬਰੀ ਕਮੇਟੀ ਵਿਚ ਸਿਆਸੀ ਆਗੂਆਂ ਨੁੰ ਸ਼ਾਮਲ ਕਰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੀ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਜਥੇਦਾਰ ਸਿੰਘ ਹਿੱਤ ਕਿਸੇ ਵੀ ਕੀਮਤ ‘ਤੇ ਕਮੇਟੀ ਮੈਂਬਰ ਨਹੀਂ ਹੋਣੇ ਚਾਹੀਦੇ ਤੇ ਇਸ ਕਮੇਟੀ ਵਿਚ ਸਿਰਫ ਕੌਮ ਦੇ ਧਾਰਮਿਕ ਆਗੂ ਹੀ ਸ਼ਾਮਲ ਕੀਤੇ ਜਾਣੇ ਚਾਹੀਦੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਦੀ ਪਾਲਣਾ ਕੀਤੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਵੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਹੈਰਾਨੀਜਨਕ ਤਰੀਕੇ ਨਾਲ 2 ਹੋਰ ਮੈਂਬਰਾਂ ਦੀ ਸ਼ਮੂਲੀਅਤ ਦਾ ਐਲਾਨ ਵੀ ਕੀਤਾ।
ਉਹਨਾ ਦੱਸਿਆ ਕਿ 19 ਮਈ ਨੂੰ ਕਮੇਟੀ ਦੀ ਪਲੇਠੀ ਮੀਟਿੰਗ ਹੋਈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਮੇਟੀ ਵਿਚ ਸਿਆਸੀ ਆਗੂ ਸ਼ਾਮਲ ਕਰਨ ਦਾ ਵਿਰੋਧ ਕੀਤਾ ਤਾਂ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਸਵਾਲ ਕੀਤਾ ਕਿ ਕਿਹੜਾ ਸਿਆਸੀ ਆਗੂ ਮੈਂਬਰ ਹੈ ਤਾਂ ਜਥੇਦਾਰ ਦਾਦੂਵਾਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਆ ਪਰ ਉਸ ਮੌਕੇ ਨਾ ਸਿਰਫ ਪਰਮਜੀਤ ਸਿੰਘ ਸਰਨਾ ਬਲਕਿ ਗੋਲਕਚੋਰ ਮਨਜੀਤ ਸਿੰਘ ਜੀ ਕੇ ਵੀ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਵਿਚ ਆ ਗਏ ।
ਉਹਨਾਂ ਕਿਹਾ ਕਿ ਅਸੀਂ ਸਿੰਘ ਸਾਹਿਬ ਦੇ ਹੁਕਮ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕੀਤੀ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਨੇ ਜ਼ਿੰਮੇਵਾਰੀ ਲਗਾਈ ਹੈ, ਅਸੀਂ ਸ਼੍ਰੋਮਣੀ ਕਮੇਟੀ ਦੀ ਬਾਂਹ ਫੜ ਕੇ ਉਹਨਾਂ ਦਾ ਸਹਿਯੋਗ ਕਰੀਏ। ਉਹਨਾਂ ਕਿਾ ਕਿ ਮੰਦੇ ਭਾਗਾਂ ਨੁੰ ਅਜਿਹਾ ਜਾਪਦਾ ਹੈ ਕਿ ਇਹ ਬੰਦੀ ਸਿੰਘਾ ਦੀ ਰਿਹਾਈ ਨਾ ਹੋ ਕੇ ਆਪ ਇਕ ਸਿਆਸੀ ਪਾਰਟੀ ਦੇ ਬਚਾਅ ਲਈ ਕੀਤੀ ਜਾ ਰਹੀ ਚਾਰਾਜੋਈ ਹੈ।
ਉਹਨਾਂ ਕਿਹਾ ਕਿ ਇਸ ਤੋਂ ਵੀ ਅੱਗੇ ਹੈਰਾਨੀ ਵਾਲੀ ਗੱਲ ਇਹ ਹੈ ਕਿ 19 ਮਈ ਨੁੰ ਜਦੋਂ ਪਲੇਠੀ ਮੀਟਿੰਗ ਹੋਈ ਸੀ ਤਾਂ ਇਹ ਫੈਸਲਾ ਹੋਇਆ ਸੀ ਕਿ ਕਮੇਟੀ ਦੀ ਮੀਟਿੰਗ ਬਾਰੇ ਕੋਈ ਮੀਡੀਆ ਵਿਚ ਗੱਲਬਾਤ ਨਹੀਂ ਕਰੇਗਾ ਪਰ ਦਿੱਲੀ ਦੇ ਆਗੂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਇਸ ਸਮਝੌਤੇ ਦੀ ਸਿਰਫ ਉਲੰਘਣਾ ਹੀ ਨਹੀਂ ਕੀਤੀ ਬਲਕਿ ਕਮੇਟੀ ਵਿਚ ਕੀ ਗੱਲਬਾਤ ਹੋਈ, ਉਸਦੇ ਤੱਥ ਤੋੜ ਮਰੋੜ ਕੇ ਮੀਡੀਆ ਸਾਹਮਣੇ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਬਲਕਿ ਜਦੋਂ 19 ਮਈ ਨੁੰ ਪਲੇਠੀ ਮੀਟਿੰਗ ਹੋਈ ਸੀ ਤਾਂ ਦਿੱਲੀ ਕਮੇਟੀ ਨੇ ਦੋ ਮੈਂਬਰਾਂ ਨੁੰ ਸ਼ਾਮਲ ਕਰਨ ‘ਤੇ ਇਤਰਾਜ਼ ਜ਼ਾਹਰ ਕੀਤਾ ਸੀ ਜਿਸਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਤੁਹਾਡੇ ਇਤਰਾਜ਼ ਨੋਟ ਕਰ ਲਏ ਹਨ ਪਰ ਇਸ ਮਾਮਲੇ ਵਿਚ ਕਾਰਵਾਈ ਕੋਈ ਨਹੀਂ ਕੀਤੀ ਗਈ। ਸਰਦਾਰ ਕਾਲਕਾ ਨੇ ਦੱਸਿਆ ਕਿ ਉਹਨਾਂ ਨੇ ਮੰਗ ਕੀਤੀ ਸੀ ਕਿ ਇਹਨਾਂ ਮੈਂਬਰਾਂ ਦੀ ਸ਼ਮੂਲੀਅਤਾ ਬਾਰੇ ਉਹਨਾਂ ਦੀ ਚਿੱਠੀ ਨੁੰ ਆਧਾਰ ਬਣਾ ਕੇ ਮਤਾ ਪਾਸ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੋਈ ਹੁੰਗਾਰਾ ਨਹੀਂ ਦਿੱਤਾ।
ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਖਿਲਾਫ ਹਮਲਾ ਬੋਲਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਅਸੀਂ ਸਵਾਲ ਕਰਦੇ ਹਾਂ ਕਿ ਜਿਹੜੇ ਬਾਦਲ ਬਰਗਾੜੀ ਤੇ ਬਹਿਬਲ ਕਲਾਂ ਦੇ ਦੋਸ਼ੀ ਹੋਣ ਤੇ ਸਰਨਾ ਭਰਾ ਤੇ ਮਨਜੀਤ ਸਿੰਘ ਜੀ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਵਿਚ ਉਹਨਾਂ ਖਿਲਾਫ ਬੋਲਦੇ ਹੋਣ, ਉਹ ਦੱਸਣ ਕਿ ਕੀ ਬਾਦਲ ਹੁਣ ਬਰੀ ਹੋ ਗਏ ਹਨ ? ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋਂ 328 ਸਰੂਪ ਗਾਇਬ ਹੋਣ ਬਾਰੇ ਹੁਣ ਤੱਕ ਕੋਈ ਪ੍ਰਤੱਖ ਬਿਆਨ ਨਹੀਂ ਆਇਆ।
ਉਹਨਾਂ ਇਹ ਵੀ ਕਿਹਾ ਕਿ ਜਿਹੜੇ ਪੁਲਿਸ ਦੇ ਅਧਿਕਾਰੀਆਂ ‘ਤੇ ਸਿੱਖਾਂ ਖਿਲਾਫ ਕੰਮ ਕਰਨ ਲੱਗਦੇ ਸੀ, ਅਜਿਹੇ ਸੁਮੇਧ ਸੈਣੀ ਵਰਗੇ ਅਫਸਰਾਂ ਨੁੰ ਤਾਂ ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਹੁੰਦਿਆਂ ਡੀ ਜੀ ਪੀ ਨਿਯੁਕਤ ਕੀਤਾ ਸੀ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਕੋਈ ਬਾਪੂ ਸੂਰਤ ਸਿੰਘ ਤੇ ਗੁਰਬਖਸ਼ ਸਿੰਘ ਵਰਗਾ ਬੰਦੀ ਸਿੰਘਾਂ ਦੀ ਗੱਲ ਕਰਦਾ ਸੀ ਤਾਂ ਉਸਨੰ ਜੇਲ ਵਿਚ ਸੁੱਟ ਦਿੱਤਾ ਜਾਂਦਾ ਸੀ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੁੰ ਬੇਨਤੀ ਕੀਤੀ ਹੈ ਕਿ ਸਿਆਸੀ ਵਿਅਕਤੀ ਕਮੇਟੀ ਵਿਚੋਂ ਬਾਹਰ ਕੀਤੇ ਜਾਣ ਪਰ ਜੇਕਰ ਉਹਨਾਂ ਗੱਲ ਨਾ ਸੁਣੀ ਤਾਂ ਫਿਰ ਇਸ ਮਾਮਲੇ ਵਿਚ ਦਿੱਲੀ ਕਮੇਟੀ ਜ਼ਰੂਰ ਰੋਸ ਜ਼ਾਹਰ ਕਰੇਗੀ।

 

Leave a Reply

Your email address will not be published.