Fri. Mar 29th, 2024


ਨਵੀਂ ਦਿੱਲੀ- ਗੁਰੂ ਨਾਨਕ ਸਾਹਿਬ ਵੱਲੋਂ 550 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਪਰ ਅੱਜ ਦੇ ਸਮੇਂ ਵਿੱਚ ਪੇਟ ਭਰਨ ਲਈ ਭੋਜਨ ਦੇ ਨਾਲ-ਨਾਲ ਸਭ ਤੋਂ ਜ਼ਰੂਰੀ ਹੈ ਸਿੱਖਿਆ। ਇਸਲਈ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵੱਲੋਂ ਪਹਿਲਕਦਮੀ ਕਰਦਿਆਂ ਗੁਰੂ ਵਿੱਦਿਆ ਦਾ ਲੰਗਰ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਲੋੜਵੰਦ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਨੂੰ ਅੱਗੇ ਤੋਰਦਿਆਂ ਤੇਜਿੰਦਰ ਸਿੰਘ ਗੋਇਆ ਅਤੇ ਡਾ. ਸੁਖਦੀਪ ਸਿੰਘ ਦੇ ਸਹਿਯੋਗ ਨਾਲ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਲ ਵਿਖੇ ਇਸ ਨੂੰ ਸ਼ੁਰੂ ਕੀਤਾ ਗਿਆ ਹੈ ਇਸ ਵਿਚ ਬੱਚਿਆਂ ਨੂੰ ਹੋਰਨਾ ਵਿਸ਼ਿਆਂ ਦੇ ਨਾਲ-ਨਾਲ ਫ਼ਰੈਂਚ ਭਾਸ਼ਾ ਦੀ ਸਿੱਖਿਆ ਦਿੱਤੀ ਜਾਵੇਗੀ ਨਾਲ ਹੀ ਗੁਰਮਤਿ ਦੀ ਕਲਾਸਾਂ ਵੀ ਦਿੱਤੀਆਂ ਜਾਣਗੀਆਂ ਜਿਸ ਨਾਲ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਮਿਲੇਗੀ। ਬੱਚਿਆਂ ਦੇ ਨਾਲ ਹੀ ਉਨ੍ਹਾਂ ਦੇ ਮਾਤਾ ਪਿਤਾ ਦਾ ਵੀ ਮਾਨਸਿਕ ਤਣਾਓ ਘੱਟ ਕਰਨ ਲਈ ਪ੍ਰਸਿੱਧ ਮਨੋਵਿਗਿਆਨੀਆਂ ਵੱਲੋਂ ਮਾਰਗਦਰਸ਼ਨ ਕੀਤਾ ਜਾਵੇਗਾ ਕਿਉਂਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਮਨ ਅਤੇ ਦਿਮਾਗ ਅੰਦਰ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਹਨ ਅਤੇ ਅਜਿਹੀ ਹਾਲਤ ਵਿਚ ਉਹ ਤੈਅ ਨਹੀਂ ਕਰ ਪਾਉਂਦੇ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਮਨੋਵਿਗਿਆਨੀਆਂ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਸੈਸ਼ਨ ਦੇ ਅੰਤ ਵਿਚ ਬੱਚਿਆਂ ਲਈ ਕਰੀਅਰ ਕਾਊਂਸਲਿੰਗ ਕੈਂਪ ਵੀ ਲਗਾਇਆ ਜਾਵੇਗਾ। ਸ: ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਸਹੂਲਤ ਆਨਲਾਈਨ ਅਤੇ ਆਫਲਾਈਨ ਮੌਜੂਦ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿਚ ਐਜੁਕੇਸ਼ਨ ਲੰਗਰ ਦਾ ਸੈਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਸੀ, ਇਸੇ ਦੇ ਮੱਦੇਨਜ਼ਰ ਹੁਣ ਦੂਜਾ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਿੱਚ ਵੱਧ ਤੋਂ ਵੱਧ ਬੱਚੇ ਭਾਗ ਲੈਣਗੇ।

 

Leave a Reply

Your email address will not be published. Required fields are marked *