Fri. Mar 29th, 2024


ਨਵੀਂ ਦਿੱਲੀ -ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ਵਿੱਚ ਕਥਿਤ ਫ਼ਰਜ਼ੀ ਡਾਕਟਰਾਂ ਦੇ ਹੱਥਾਂ ਮਰੀਜ਼ਾ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਦੇ ਇਲਜ਼ਾਮ ਵਿੱਚ ਜਾਗੋ ਪਾਰਟੀ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਖ਼ਿਲਾਫ਼ ਥਾਨਾਂ ਨਾਰਥ ਐਵੇਨਿਊ ਵਿਖੇ ਅਪਰਾਧਿਕ ਸ਼ਿਕਾਇਤ ਦਰਜ ਕਰਾਈ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਨਕਲੀ ਅਤੇ ਗੈਰ ਪ੍ਰਮਾਣੀਕ ਮੈਡੀਕਲ ਸਟਾਫ਼, ਨਕਲੀ ਐਬੁਲੇਂਸ ਅਤੇ ਗ਼ਲਤ ਦਵਾਈ ਦੀ ਵਜਾ ਨਾਲ 14 ਮਈ 2021 ਨੂੰ ਸੈਂਟਰ ਵਿੱਚ ਭਰਤੀ ਹੋਏ ਮਰੀਜ਼ ਅਮਰਜੀਤ ਸਿੰਘ ਦੀ ਮੌਤ ਹੋਈ ਸੀ। ਆਕਸੀਜਨ ਲੈਵਲ 92 ਦੇ ਨਾਲ ਅਮਰਜੀਤ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਨੇ ਸੈਂਟਰ ਵਿੱਚ ਦਾਖਲ ਕਰਾਇਆ ਸੀ ਅਤੇ ਰਾਤ ਨੂੰ 10 ਵਜੇ ਆਪਣੇ ਪਰਵਾਰ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੀ ਤਬੀਅਤ ਠੀਕ ਦੱਸੀ ਸੀ। ਪਰ 4 ਵਜੇ ਰਾਤ ਨੂੰ ਮਰੀਜ਼ ਦੇ ਪੁੱਤਰ ਨੂੰ ਕਿਸੇ ਐਬੁਲੇਂਸ ਡਰਾਈਵਰ ਦਾ ਫ਼ੋਨ ਆਉਂਦਾ ਹੈ ਕਿ ਤੁਹਾਡੇ ਪਿਤਾ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਭੇਜਿਆ ਜਾ ਰਿਹਾ ਹੈ, ਤੁਸੀਂ ਉੱਥੇ ਆ ਜਾਵੋਂ। ਪਰਵਾਰ ਦੇ ਲੋਕ ਜਦੋਂ ਹਸਪਤਾਲ ਪੁੱਜਦੇ ਹਨ ਤਾਂ ਪਤਾ ਚੱਲਦਾ ਹੈ ਕਿ ਮਰੀਜ਼ ਦੀ ਮੌਤ ਹੋ ਗਈ ਹੈ। ਲੋਕ ਨਾਇਕ ਜੈ‌ ਪ੍ਰਕਾਸ਼ ਨਰਾਇਣ ਹਸਪਤਾਲ ਵੱਲੋਂ ਜਾਰੀ ਡੈੱਥ ਸਰਟੀਫਿਕੇਟ ਵਿੱਚ ਲਿਖਿਆ ਹੈ ਕਿ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮਰੀਜ਼ ਦੀ ਮੌਤ ਹੋ ਚੁੱਕੀ ਸੀ।

ਜੀਕੇ ਨੇ ਦੱਸਿਆ ਕਿ ਇਹ ਦਾਅਵਾ ਮਰੀਜ਼ ਦੇ ਪੁੱਤ ਨੇ ਸਾਨੂੰ ਸੌਂਪੇ ਕਾਗ਼ਜ਼ਾਤ ਦੇ ਨਾਲ ਇੱਕ ਵੀਡੀਓ ਵਿੱਚ ਕੀਤਾ ਹੈ। ਨਾਲ ਹੀ ਸ਼ੱਕ ਵੀ ਜਤਾਇਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਗ਼ਲਤ ਦਵਾਈ ਨਾਲ ਹੋਈ ਹੋ ਸਕਦੀ ਹੈ। ਜੀਕੇ ਨੇ ਕਿਹਾ ਕਿ ਪੀਲ਼ੇ ਰੰਗ ਦੀ ਸਕੂਲ ਬੱਸਾਂ ਨੂੰ ਐਂਬੁਲੇਂਸ ਦੱਸ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਇਨ੍ਹਾਂ ਨੇ ਖਿਲਵਾੜ ਕੀਤਾ ਹੈਂ, ਕਿਉਂਕਿ ਸਕੂਲ ਬੱਸਾਂ ਦੀ ਵਾਧੂ ਰਫ਼ਤਾਰ 40 ਕਿੱਲੋ ਮੀਟਰ ਪ੍ਰਤੀ ਘੰਟਾ ਸਪੀਡ ਗਵਰਨਰ ਦੇ ਕਾਰਨ ਤੈਅ ਹੁੰਦੀ ਹੈ, ਜਦੋਂ ਕਿ ਐਬੁਲੇਂਸ ਦੀ ਵਾਧੂ ਰਫ਼ਤਾਰ ਦਾ ਕੋਈ ਨਿਯਮ ਨਹੀਂ ਹੈ। ਇਸ ਲਈ ਸਾਡਾ ਇਲਜ਼ਾਮ ਹੈ ਕਿ ਦਿੱਲੀ ਕਮੇਟੀ ਨੇ ਸਕੂਲ ਬੱਸ ਨੂੰ ਐਬੁਲੇਂਸ ਦੇ ਰੂਪ ਵਿੱਚ ਚਲਾਕੇ ਮਰੀਜ਼ ਨੂੰ ਮਰਨ ਲਈ ਛੱਡ ਦਿੱਤਾ ਸੀ। ਜੀਕੇ ਨੇ ਦਿੱਲੀ ਕਮੇਟੀ ਦੀ ਪ੍ਰਬੰਧਕੀ ਸੋਚ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸਕੂਲ ਬੱਸ ਦਾ ਐਬੁਲੇਂਸ ਦੇ ਤੌਰ ਉੱਤੇ ਇਸਤੇਮਾਲ ਕਰਦੇ ਸਮੇਂ ਕੋਈ ਹਾਦਸਾ ਹੋ ਜਾਂਦਾ ਤਾਂ ਆਰ.ਸੀ. ਦੀਆਂ ਸ਼ਰਤਾਂ ਦੀ ਉਲੰਘਣਾ ਉੱਤੇ ਬੀਮਾ ਕੰਪਨੀ ਦਾਅਵੇ ਨੂੰ ਠੁਕਰਾਉਣ ਦਾ ਹੱਕ ਰੱਖਦੀ ਹੈ। ਪਰ ਸਿਰਸਾ-ਕਾਲਕਾ ਆਪਣੀ ਉਸਤਤ ਦੇ ਚੱਕਰ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਂ ਉੱਤੇ ਸੰਗਤਾਂ ਨੂੰ ਗੁਮਰਾਹ ਕਰਨ ਤੋਂ ਵੀ ਬਾਜ਼ ਨਹੀਂ ਆਏ। ਇਸ ਲਈ ਅਸੀਂ ਸਾਰੇ ਸਬੂਤਾਂ ਦੇ ਨਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਂ ਉੱਤੇ ਆਮ ਲੋਕਾਂ ਨਾਲ ਛਲਾਵਾ ਕਰਨ ਵਾਲੇ ਇਨ੍ਹਾਂ ਮੁਲਜ਼ਮਾਂ ਨੂੰ ਇਨ੍ਹਾਂ ਦੇ ਮੁਕਾਮ ਤੱਕ ਦਿੱਲੀ ਪੁਲਿਸ ਜ਼ਰੂਰ ਪਹੁੰਚਾਏਗੀ ।

ਜੀਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਐਕਟ ਦੀ ਧਾਰਾ 36 ਦੇ ਅਨੁਸਾਰ ਸਿਰਸਾ-ਕਾਲਕਾ ਲੋਕ ਸੇਵਕਾਂ ਦੇ ਦਾਅਰੇ ਵਿੱਚ ਆਉਂਦੇ ਹਨ ਅਤੇ ਇਨ੍ਹਾਂ ਨੇ ਇੱਕ ਹੋਰ ਲੋਕ ਸੇਵਕ ਸਤਿੰਦਰ ਜੈਨ ਦੇ ਨਾਲ ਮਿਲ ਕੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈਂ। ਇਸ ਤੋਂ ਪਹਿਲਾਂ ਅਸੀਂ ਇਸ ਕੋਵਿਡ ਸੈਂਟਰ ਦੇ ਨਕਲੀ ਡਾਕਟਰਾਂ ਦਾ ਖ਼ੁਲਾਸਾ ਕਰ ਚੁੱਕੇ ਹਾਂ। ਜਦਕਿ ਮੰਤਰੀ ਅਤੇ ਕਮੇਟੀ ਵੱਲੋਂ ਸੈਂਟਰ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ ਗਿਆ ਸੀ ਕਿ ਇਸ ਸੈਂਟਰ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦੇ 50 ਡਾਕਟਰ ਚੱਲਾਂਗੇ, ਪਰ ਕਰੋਪੀ ਨੂੰ ਮੌਕੇ ਵਿੱਚ ਬਦਲਦੇ ਹੋਏ ਇਨ੍ਹਾਂ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨਾਮ ਦੀ ਐਨਜੀਓ ਨੂੰ ਬਿਨਾਂ ਕਿਸੇ ਮੈਡੀਕਲ ਮੁਹਾਰਤ ਦੀ ਜਾਂਚ ਕੀਤੇ ਮਰੀਜ਼ਾ ਦੇ ਇਲਾਜ ਦਾ ਠੇਕਾ ਦੇ ਦਿੱਤਾ। ਜਿਸ ਬਾਰੇ ਪਤਾ ਚੱਲਿਆ ਹੈ ਕਿ ਐਨਜੀਓ ਨੂੰ 1.5 ਕਰੋਡ਼ ਰੁਪਏ ਇਸ ਸਬੰਧ ਵਿੱਚ ਦਿੱਲੀ ਸਰਕਾਰ ਤੋਂ ਮਿਲਣੇ ਹਨ। ਐਨਜੀਓ ਨੇ ਗੈਰ ਐਮਬੀਬੀਏਸ ਡਾਕਟਰਾਂ ਅਤੇ ਪ੍ਰਮਾਣਿਤ ਮੈਡੀਕਲ ਸਟਾਫ਼ ਦਾ ਇੰਤਜ਼ਾਮ ਕੀਤੇ ਬਿਨਾਂ ਸਾਰਿਆਂ ਨੂੰ ਮੂਰਖ ਬਣਾ ਦਿੱਤਾ। ਇਸ ਲਈ ਥਾਣੇ ਵਿੱਚ ਦਿੱਤੀ ਆਪਣੀ ਸ਼ਿਕਾਇਤ ਵਿੱਚ ਮੈਂ ਤਿੰਨਾਂ ਆਰੋਪੀਆਂ ਦੇ ਖ਼ਿਲਾਫ਼ ਸਾਜ਼ਿਸ਼, ਧੋਖਾਧੜੀ, ਲੋਕ ਸੇਵਕਾਂ ਵੱਲੋਂ ਅਪਰਾਧਿਕ ਵਿਸ਼ਵਾਸਘਾਤ, ਲੋਕਾਂ ਦੀ ਸੁਰੱਖਿਆ ਖ਼ਤਰੇ ਵਿੱਚ ਪਾਉਣਾ, ਮਹਾਂਮਾਰੀ ਐਕਟ 2005 ਸਹਿਤ ਹੋਰ ਕਾਨੂੰਨੀ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਜਿਸ ਵਿੱਚ ਧਾਰਾ 120 B, 420, 409, 336 ਦੀ 34, 35 ਅਤੇ ਮਹਾਂਮਾਰੀ ਐਕਟ ਦੀ ਧਾਰਾ 52, 53 ਅਤੇ 55 ਸ਼ਾਮਿਲ ਹਨ। ਜੀਕੇ ਨੇ ਕਿਹਾ ਕਿ ਇੱਕ ਤਰਫ਼ ਕਮੇਟੀ ਨੇ ਕੋਵਿਡ ਸੈਂਟਰ ਦੇ ਨਾਂ ਉੱਤੇ ਦੇਸ਼-ਵਿਦੇਸ਼ ਤੋਂ ਕਰੋਡ਼ਾਂ ਰੁਪਏ ਅਤੇ ਜੀਵਨ ਰਾਖੀ ਮੈਡੀਕਲ ਸਮੱਗਰੀ ਸੇਵਾ ਦੇ ਨਾਂ ਉੱਤੇ ਪ੍ਰਾਪਤ ਹੋਈ ਹੈ, ਪਰ ਦੂਜੇ ਪਾਸੇ 25-30 ਦਿਨ ਤੱਕ ਇਸ ਸੈਂਟਰ ਵਿੱਚ ਕੰਮ ਕਰਨ ਵਾਲੇ ਸਟਾਫ਼ ਨੂੰ ਦਿੱਲੀ ਕਮੇਟੀ, ਦਿੱਲੀ ਸਰਕਾਰ ਅਤੇ ਐਨਜੀਓ ਨੇ ਤਨਖ਼ਾਹ ਦੇਣ ਤੋਂ ਹੱਥ ਖੜੇ ਕਰ ਦਿੱਤੇ ਹਨ ਅਤੇ ਅੱਜ ਵੀ ਸਟਾਫ਼ ਕਮੇਟੀ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠਾ ਹੈਂ।

 

Leave a Reply

Your email address will not be published. Required fields are marked *