ਨਵੀਂ ਦਿੱਲੀ- ਸਿੱਖ ਬੰਧੂ ਵੈਲਫੇਅਰ ਟਰੱਸਟ ਅਤੇ ਆਲਇੰਡੀਆ ਵਿਸ਼ਵਕਰਮਾ ਫੈਡਰੇਸ਼ਨ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਅਨਮੋਲ ਰਤਨ ਐਵਾਰਡ, ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ਵਿਸ਼ੇਸ਼ ਸਨਮਾਨ, ਬੀਬੀ ਰਣਜੀਤ ਕੌਰ ਨੂੰ ਰਾਮਗੜ੍ਹੀਆ ਰਤਨ, ਸੁਦੀਪ ਸਿੰਘ ਨੂੰ
ਜਰਨਲਿਸਟ ਆਫ ਦ ਈਅਰ ਐਵਾਰਡ, ਡਾਕਟਰ ਜੇ.ਪੀ ਸਾਹਨੀ ਨੂੰ ਡਾਕਟਰ ਆਫ਼ ਦ ਈਅਰ ਐਵਾਰਡ ਨਾਲ
ਸਨਮਾਨਿਆ ਗਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ।ਜਥੇਦਾਰ ਅਵਤਾਰ ਸਿੰਘ ਹਿੱਤ ਤੇ ਸ. ਹਰਮਨਜੀਤ ਸਿੰਘ ਸਿਹਤ ਠੀਕ ਨਾ ਹੋਣ ਕਾਰਣ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਦੀ ਥਾਂ ’ਤੇ ਉਨ੍ਹਾਂ ਦਾ ਸਨਮਾਨ ਸੁਦੀਪ ਸਿੰਘ ਅਤੇ ਸੁਰਜੀਤ ਸਿੰਘ ਵਿਲਖੂ ਨੇ ਪ੍ਰਾਪਤ ਕੀਤਾ।ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਐਤ ਅਤੇ ਸਿੱਖ ਬੰਧੂ ਵੈਲਫੇਅਰ ਟਰੱਸਟ ਦੇ ਪ੍ਰਧਾਨ ਜਸਵਿੰਦਰ ਸਿੰਘ ਰਿਐਤ ਨੇ ਦੱਸਿਆ ਕਿ ਇਨਾਮ ਵੰਡ ਸਮਾਗਮ ਹਰ ਵਰ੍ਹੇ ਕਰਵਾਇਆ ਜਾਂਦਾ ਹੈ ਪਰ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਣ ਸਮਾਗਮ ਨਹੀਂ ਹੋ ਸਕੇ।ਇਸ ਸਾਲ ਇਹ ਇਨਾਮ ਵੰਡ ਸਮਾਗਮ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।ਉਨ੍ਹਾਂ ਦੱਸਿਆ ਕਿ
ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਵੱਲੋਂ ਸਮਾਜ ਸੇਵਾ ਲਈ ਬੇਹਤਰੀਨ ਕੰਮ ਕੀਤੇ ਜਾ ਰਹੇ ਹਨ, ਕੋਰੋਨਾ ਕਾਲ ਦੌਰਾਨ ਇਨ੍ਹਾਂ ਦੋਹਾਂ ਸ਼ਖਸੀਅਤਾਂ ਵੱਲੋਂ ਮਨੁੱਖੀ ਸੇਵਾ ਦੀ ਜੋ ਮਿਸਾਲ ਕਾਇਮ ਕੀਤੀ ਗਈ ਹੈ ਉਹ ਬੇਮਿਸਾਲ
ਹੈ।ਇਸੇ ਤਰ੍ਹਾਂ ਦਿੱਲੀ ਕਮੇਟੀ ਦੀ ਮੈਂਬਰ ਅਤੇ ਰਾਮਗੜ੍ਹੀਆ ਬੈਂਕ ਦੀ ਚੇਅਰਪਰਸਨ ਬੀਬੀ ਰਣਜੀਤ ਕੌਰ ਜੋ ਲਗਾਤਾਰ ਰਾਮਗੜ੍ਹੀਆ ਭਾਈਚਾਰੇ ਲਈ ਕੰਮ ਕਰ ਰਹੇ ਹਨ, ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਰਾਮਗੜ੍ਹੀਆ ਰਤਨ ਸਨਮਾਨ ਦਿੱਤਾ ਗਿਆ ਹੈ।ਸੁਦੀਪ
ਸਿੰਘ ਰਾਣੀ ਬਾਗ਼ ਨੂੰ ਉਨ੍ਹਾਂ ਦੀ ਪੱਤਰਕਾਰੀ ਦੇ ਖੇਤਰ ਵਿਚ ਕੀਤੀਆਂ ਸੇਵਾਵਾਂ ਪ੍ਰਤੀ ਸਨਮਾਨ ਦਿੱਤਾ ਗਿਆ। ਇਸੇ ਤਰ੍ਹਾਂ ਡਾਕਟਰ ਜੇ.ਪੀ ਸਿੰਘ ਸਾਹਨੀ ਨੂੰ ਡਾਕਟਰ ਆਫ਼ ਦਾ ਈਅਰ ਅਤੇ ਐਡਵੋਕੇਟ ਨੀਨਾ ਸਿੰਘ ਨੂੰ ਐਡਵੋਕੇਟ ਆਫ਼ ਦਾ ਈਅਰ ਦਾ ਸਨਮਾਨ ਦਿੱਤਾ ਗਿਆ।ਇਸ ਮੌਕੇ ਵਿਕਰਮਜੀਤ ਸਿੰਘ ਸਾਹਨੀ, ਜਤਿੰਦਰ ਸਿੰਘ ਸ਼ੰਟੀ, ਹਰਜਿੰਦਰ ਸਿੰਘ ਧਾਮੀ ਨੇ ਆਪਣੇ ਵਿਚਾਰ ਰੱਖਦਿਆਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਨੂੰ ਵੀ ਯਾਦ ਕੀਤਾ।

Leave a Reply

Your email address will not be published. Required fields are marked *