Thu. Mar 28th, 2024


ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਸਥਾਪਿਤ ਕੀਤੇ ਜਾ ਰਹੇ 125 ਬੈਡਾਂ ਦੇ ਹਸਪਤਾਲ ਵਾਸਤੇ ਫਰਾਂਸ ਸਰਕਾਰ ਵੱਲੋਂ ਆਕਸੀਜ਼ਨ ਪਲਾਂਟ ਭੇਜਣ ਤੋਂ ਬਾਅਦ ਹੁਣ ਆਸਟਰੇਲੀਆ ਸਰਕਾਰ ਨੇ 3 ਲੱਖ ਡਾਲਰ ਦੀ ਰਾਸ਼ੀ ਦਿੱਲੀ ਗੁਰਦੁਆਰਾ ਕਮੇਟੀ ਨੁੰ ਭੇਜੀ ਹੈ। ਇਸ ਦੌਰਾਨ ਹੀ ਸੋਨੀ ਪਕਚਰਜ਼ ਇੰਡੀਆ ਨੇ ਵੀ ਹਸਪਤਾਲ ਵਿਚ ਸੀ ਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਾਸਤੇ 1 ਕਰੋੜ 11 ਲੱਖ ਰੁਪਏ ਦੀ ਰਾਸ਼ੀ ਭੇਜੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਆਸਟਰੇਲੀਆ ਸਰਕਾਰ ਨੇ 3 ਲੱਖ ਆਸਟਰੇਲੀਅਨ ਡਾਲਰ ਦੀ ਰਾਸ਼ੀ ਹਸਪਤਾਲ ਦੀ ਸਥਾਪਨਾ ਵਿਚ ਸਹਿਯੋਗ ਵਜੋਂ ਭੇਜੀ ਹੈ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਹੁਣ ਦੇਸ਼ ਦੀ ਰਾਜਧਾਨੀ ਦੀਆਂ ਸੰਗਤਾਂ ਤੇ ਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਹੱਥ ਅੱਗੇ ਵਧਾਏ ਹਨ।
ਉਹਨਾਂ ਨੇ ਪਰਥ ਦੇ ਪ੍ਰੀਮੀਅਰ ਮਾਰਕ ਮੈਕਗੋਵਾਨ, ਮੰਤਰੀ ਟੋਨੀ ਬੂਟੀ ਅਤੇ ਸਿੱਖ ਐਸੋਸੀਏਸ਼ਨ, ਗੁਰਦੁਆਰਾ ਸਾਹਿਬ ਕਨਿੰਗ ਵੇਲ ਦੇ ਪ੍ਰਧਾਨ ਦੇਵਰਾਜ ਸਿੰਘ ਤੇ ਆਸਟਰੇਲੀਆ ਦੀ ਸਮੁੱਚੀ ਸਿੱਖ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਗੱਲ ਸਿਰਫ ਪੈਸੇ ਦੀ ਨਹੀਂ ਬਲਕਿ ਕੌਮਾਂਤਰੀ ਪੱਧਰ ‘ਤੇ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਆਸ਼ੀਰਵਾਦ ਤੇ ਉਤਸ਼ਾਹ ਦੀ ਹੈ। ਉਹਨਾਂ ਕਿਹਾ ਕਿ ਜਦੋਂ ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਕਮੇਟੀ ਵਾਸਤੇ ਹੱਥ ਅੱਗੇ ਵਧਾਉਂਦੀਆਂ ਹਨ ਤਾਂ ਸਾਨੂੰ ਕਮੇਟੀ ਵਿਚ ਜ਼ਿੰਮੇਵਾਰੀ ਨਿਭਾਉਂਦਿਆਂ ਮਨੁੱਖਤਾ ਦੀ ਸੇਵਾ ਹੋਰ ਵੱਧ ਚੜ ਕੇ ਕਰਨ ਲਈ ਉਤਸ਼ਾਹ ਮਿਲਦਾ ਹੈ।
ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ 125 ਬੈਡਾਂ ਦੇ ਹਸਪਤਾਲ ਵਿਚ ਫਿਲਿਸਪ ਸੀ ਟੀ ਸਕੈਨ ਮਸ਼ੀਨ ਸਥਾਪਿਤ ਕਰਨ ਵਾਸਤੇ ਸੋਨੀ ਪਿਕਚਰਜ਼ ਇੰਡੀਆ ਦੇ ਐਨ ਪੀ ਸਿੰਘ ਵੱਲੋਂ 1 ਕਰੋੜ 11 ਲੱਖ ਰੁਪਏ ਦੀ ਰਾਸ਼ੀ ਭੇਟਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਸਦਕਾ ਇਹ ਹਸਪਤਾਲ ਆਪਣੇ ਆਪ ਵਿਚ ਆਲਾ ਮਿਆਰੀ ਹਸਪਤਾਲ ਸਾਬਤ ਹੋਵੇਗਾ ਜੋ ਮਨੁੱਖਤਾ ਦੀ ਸੇਵਾ ਵਾਸਤੇ ਵੱਡੀ ਸਹੂਲਤ ਵਜੋਂ ਸੇਵਾਵਾਂ ਦੇਵੇਗਾ।
ਉਹਨਾਂ ਕਿਹਾ ਕਿ ਉਹ ਸੋਨੀ ਪਿਕਚਰਜ਼ ਇੰਡੀਆ ਤੇ ਸ੍ਰੀ ਐਨ ਪੀ ਸਿੰਘ ਦੇ ਧੰਨਵਾਦੀ ਹਨ ਜਿਹਨਾਂ ਨੇ ਮਨੁੱਖਤਾ ਦੀ ਸੇਵਾ ਦੇ ਇਸ ਉਪਰਾਲੇ ਵਾਸਤੇ ਯੋਗਦਾਨ ਪਾਇਆ ਹੈ।
ਯਾਦ ਰਹੇ ਕਿ ਦਿੱਲੀ ਕਮੇਟੀ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਵੇਂ 400 ਬੈਡਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਰਿਕਾਰਡ ਸਮੇਂ ਵਿਚ ਤਿਆਰ ਕੀਤਾ ਗਿਆ ਸੀ, ਉਸੇ ਤਰੀਕੇ ਇਹ 125 ਬੈਡਾਂ ਦਾ ਹਸਪਤਾਲ ਵੀ ਰਿਕਾਰਡ 60 ਦਿਨਾਂ ਵਿਚ ਤਿਆਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *