Thu. Mar 28th, 2024


ਨਵੀਂ ਦਿੱਲੀ- ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਜਾ ਰਹੇ 125 ਬੈਡਾਂ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਨੁੰ 13 ਅਗਸਤ ਨੂੰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਸੰਗਤਾਂ ਨੂੰ ਸਮਰਪਿਤ ਕਰਨਗੇ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਦੱਸਿਆ ਕਿ ਹਸਪਤਾਲ ਸੰਗਤਾਂ ਨੂੰ ਸਮਰਪਿਤ ਕਰਨ ਲਈ 13 ਅਗਸਤ ਨੂੰ ਸਵੇਰੇ 10.30 ਵਜੇ ਸ਼ੁਕਰਾਨਾ ਅਰਦਾਸ ਸਮਾਗਮ ਰੱਖਿਆ ਗਿਆ ਹੈ ਜਿਸ ਵਿਚ ਅਰਦਾਸ ਉਪਰੰਤ ਇਹ ਹਸਪਤਾਲ ਬਾਬਾ ਬਚਨ ਸਿੰਘ ਜੀ ਸੰਗਤਾਂ ਨੂੰ ਸਮਰਪਿਤ ਕਰਨਗੇ।
ਹਸਪਤਾਲ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕਰਨ ਤੋਂ ਬਾਅਦ ਸਰਦਾਰ ਸਿਰਸਾ ਨੇ ਦੱਸਿਆ ਕਿ ਇਹ ਅਤਿ ਆਧੁਨਿਕ ਹਸਪਤਾਲ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ ਜੋ ਰਿਕਾਰਡ 60 ਦਿਨਾਂ ਵਿਚ ਹੀ ਤਿਆਰ ਹੋ ਜਾਵੇਗਾ। ਉਹਨਾਂ ਦੱਸਿਆ ਕਿ ਹਸਪਤਾਲ ਵਾਸਤੇ ਫਰਾਂਸ, ਅਮਰੀਕਾ ਤੇ ਆਸਟਰੇਲੀਆ ਸਰਕਾਰਾਂ ਨੇ ਵਿਸ਼ੇਸ਼ ਸਹਿਯੋਗ ਕੀਤਾ ਹੈ ਤੇ ਬਾਕੀ ਦਿੱਲੀ ਦੀਆਂ ਸੰਗਤਾਂ ਨੇ ਹਸਪਤਾਲ ਦੇ ਨਿਰਮਾਣ ਵਾਸਤੇ ਵੱਧ ਚੜ ਕੇ ਯੋਗਦਾਨ ਪਾਇਆ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਹਸਪਤਾਲ ਵਿਚ ਵੱਖ ਵੱਖ ਟੈਸਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਕੋਰੋਨਾ ਦੇ ਇਲਾਜ ਦੇ ਇੰਤਜ਼ਾਮ ਕੀਤੇ ਗਏ ਹਨ ਤੇ ਬੱਚਿਆਂ ਲਈ ਵੱਖਰੇ ਵਾਰਡ ਵੀ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਦਿੱਲੀ ਦੀਆਂ ਸਿੰਘ ਸਭਾਵਾਂ ਜਿਹੜੇ ਮਰੀਜ਼ ਵਾਸਤੇ ਕਹਿਣਗੀਆਂ, ਉਸਨੁੰ ਇਲਾਜ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਸਿਹਤ ਦੇ ਖੇਤਰ ਵਿਚ ਇਸ ਹਸਪਤਾਲ ਦੀ ਬਹੁਤ ਜ਼ਰੂਰਤ ਸੀ ਜਿਸਨੂੰ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਅਜਿਹਾ ਹਸਪਤਾਲ ਬਣਾਇਆ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਮੇਟੀ ਵੱਲੋਂ ਬਣਾਏ 400 ਬੈਡਾਂ ਦੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਵਿਚ ਸੈਂਕੜੇ ਮਰੀਜ਼ਾਂ ਨੇ ਲਾਭ ਲਿਆ ਤੇ ਸਿਹਤਮੰਦ ਹੋ ਕੇ ਘਰਾਂ ਨੁੰ ਪਰਤੇ ਹਨ।
ਉਹਨਾਂ ਕਿਹਾ ਕਿ ਕਮੇਟੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਹੁਣ ਤੱਕ 6800 ਮਰੀਜ਼ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ ਦਾ ਲਾਭ ਲੈ ਚੁੱਕੇ ਹਨ ਤੇ ਬਾਲਾ ਪ੍ਰੀਤਮ ਦਵਾਖਾਨਿਆਂ ਦੇ ਜ਼ਰੀਏ ਮਰੀਜ਼ 10 ਤੋਂ 90 ਫੀਸਦੀ ਸਸਤੀਆਂ ਦਵਾਈਆਂ ਦਾ ਲਾਭ ਲੈ ਰਹੇ ਹਨ।

 

Leave a Reply

Your email address will not be published. Required fields are marked *