Thu. Sep 28th, 2023


ਨਵੀਂ ਦਿੱਲੀ :  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵਿੰਦਰ ਸਿੰਘ ਅਹੂਜਾ ਦੀ ਨਾਮਜ਼ਦਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੋ ਕੋ-ਆਪਸ਼ਨ-ਸੀਟਾਂ ਲਈ 9 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅੱਜ ਰੱਦ ਕਰ ਦਿੱਤੀ ਗਈ। ਦਰਅਸਲ ਜਾਗੋ ਪਾਰਟੀ ਦੇ ਉਮੀਦਵਾਰ ਪਰਮਿੰਦਰ ਪਾਲ ਸਿੰਘ ਵੱਲੋਂ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਅਹੂਜਾ ਦੇ ਖ਼ਿਲਾਫ਼ ਗੁਰਮੁਖੀ ਲਿਪੀ ਪੜ੍ਹਨ ਅਤੇ ਲਿਖਣ ਵਿੱਚ ਅਸਫਲ ਰਹਿਣ ਦੇ ਲਈ ਇੱਕ ਲਿਖਤੀ ਇਤਰਾਜ਼ ਪੇਸ਼ ਕੀਤਾ ਗਿਆ ਸੀ। ਜਿਸ ‘ਤੇ ਡਾਇਰੈਕਟਰ ਗੁਰਦੁਆਰਾ ਚੋਣ ਨੇ ਰਵਿੰਦਰ ਸਿੰਘ ਅਹੂਜਾ ਦੀ ਨਾਮਜ਼ਦਗੀ ਰੱਦ ਕਰ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਾਦਲ ਦਲ ਨੇ ਆਪਣੇ 4 ਉਮੀਦਵਾਰਾਂ ਦੇ ਕੁੱਲ 6 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ ਇੱਕ ਉਮੀਦਵਾਰ ਅਹੂਜਾ ਵੱਲੋਂ ਦਾਖ਼ਲ ਕੀਤੇ ਗਏ ਦੋਵੇਂ ਨਾਮਜ਼ਦਗੀ ਪੱਤਰ ਗੁਰਮੁਖੀ ਲਿਪੀ ਨੂੰ ਸਹੀ ਤਰੀਕੇ ਨਾਲ ਪੜ੍ਹਨ ਅਤੇ ਲਿਖਣ ਨਾ ਸਕਣ ਕਰਕੇ ਰੱਦ ਹੋ ਗਏ ਹਨ। ਜਦੋਂ ਕਿ ਡਾਇਰੈਕਟਰ ਗੁਰਦੁਆਰਾ ਚੋਣ ਨੇ ਮੇਰੇ ਵੱਲੋਂ ਇੱਕ ਹੋਰ ਅਕਾਲੀ ਉਮੀਦਵਾਰ ਵਿਕਰਮ ਸਿੰਘ ਰੋਹਿਣੀ ਵਿਰੁੱਧ ਦਾਇਰ ਇਤਰਾਜ਼ ਨੂੰ ਸਵੀਕਾਰ ਨਹੀਂ ਕੀਤਾ ਅਤੇ ਵਿਕਰਮ ਦੀ ਨਾਮਜ਼ਦਗੀ ਨੂੰ ਜਾਇਜ਼ ਕਰਾਰ ਦੇ ਦਿੱਤਾ।

ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੈਂ ਵਿਕਰਮ ਵੱਲੋਂ ਖ਼ੁਦ ਨੂੰ ਨੈਤਿਕ ਕਦਾਚਾਰੀ ਅਤੇ ਅੰਮ੍ਰਿਤਧਾਰੀ ਦੱਸਣ ਵਾਲੇ ਦਿੱਤੇ ਗਏ ਹਲਫ਼ਨਾਮੇ ‘ਤੇ ਇਤਰਾਜ਼ ਦਾਖਲ ਕੀਤਾ ਸੀ। ਕਿਉਂਕਿ ਵਿਕਰਮ ਉੱਤੇ 2018 ਵਿੱਚ 4 ਬੱਜਰ ਕੁਰਹਿਤਾਂ ਵਿੱਚੋਂ ਇੱਕ ਕੁਰਹਿਤ ਕਰਨ ਦਾ ਦੋਸ਼ ਲੱਗਿਆ ਸੀ ਜੋ ਕਿ ਅੰਮ੍ਰਿਤਧਾਰੀ ਵਿਅਕਤੀ ਲਈ ਵਰਜਿਤ ਹਨ। ਇਸ ਕਰਕੇ ਅੰਮ੍ਰਿਤ ਨੂੰ ਖੰਡਿਤ ਸਮਝਿਆ ਜਾਣਾ ਚਾਹੀਦਾ ਸੀ। ਨਾਲ ਹੀ ਉਕਤ ਮਨਾਹੀ ਕੰਮ ਨੈਤਿਕ ਆਚਰਨ ਦੇ ਵਿਰੁੱਧ ਸੀ, ਇਸ ਲਈ ਉਮੀਦਵਾਰ ਦੀ ਜ਼ਰੂਰੀ ਯੋਗਤਾ ਇਸ ਕਰਕੇ ਪ੍ਰਭਾਵਤ ਹੁੰਦੀ ਸੀ, ਪਰ ਡਾਇਰੈਕਟਰ ਨੇ ਵਿਕਰਮ ਦੇ ਹਲਫ਼ਨਾਮੇ ਨੂੰ ਸਹੀ ਮੰਨਦੇ ਹੋਏ ਮੇਰੇ ਦਾਖਲ ਇਤਰਾਜ਼ ਨੂੰ ਸਵੀਕਾਰ ਨਹੀਂ ਕੀਤਾ। ਇਸ ਲਈ ਹੁਣ ਜਾਗੋ ਪਾਰਟੀ ਵਿਕਰਮ ਦੀ ਉਮੀਦਵਾਰੀ ਨੂੰ ਅਦਾਲਤ ਵਿੱਚ ਚੁਨੌਤੀ ਦੇਵੇਗੀ। ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇੱਕ ਇਮਤਿਹਾਨ ਦਾ ਸਮਾਂ ਹੈ ਕਿਉਂਕਿ ਉਨ੍ਹਾਂ ਦੇ ਉਮੀਦਵਾਰ ਦੀ ਨੈਤਿਕਤਾ ‘ਤੇ ਸਵਾਲ ਉਠਾਏ ਗਏ ਹਨ। ਜੇਕਰ ਬਾਦਲਾਂ ਨੇ ਅਜੇ ਵੀ ਇਸ ਨੂੰ ਚੋਣ ਲੜਵਾਈ ਤਾਂ ਇਹ ਮੰਨਿਆ ਜਾਵੇਗਾ ਕਿ ਅਕਾਲੀ ਦਲ ਨੂੰ ਸਿਧਾਂਤਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇੱਕ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਉਸ ਦੇ ਇਤਰਾਜ਼ਯੋਗ ਵੀਡੀਓ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਵਿੱਚੋਂ ਛੇਕਦਾ ਹੈ ਅਤੇ ਲੰਗਾਹ ਅਜੇ ਵੀ ਪੰਥ ਵਿੱਚ ਵਾਪਸੀ ਲਈ ਬੇਨਤੀ ਕਰ ਰਹੇ ਹਨ। ਦੂਜੇ ਪਾਸੇ ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਨੂੰ ਵੀ ਇਤਰਾਜ਼ਯੋਗ ਵੀਡੀਓ ਤੋਂ ਬਾਅਦ ਪੰਥ ਵਿੱਚੋਂ ਹਟਾ ਦਿੱਤਾ ਗਿਆ ਸੀ। ਇਹੀ ਕਾਰਨ ਹੈ ਕਿ ਬਾਦਲ ਦਲ ਵਿੱਚ ਨੈਤਿਕ ਦੁਰਵਰਤੋਂ ਦੀ ਉਲੰਘਣਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

 

Leave a Reply

Your email address will not be published. Required fields are marked *