Sat. Dec 2nd, 2023


ਸ੍ਰੀ ਹਜ਼ੂਰ ਸਾਹਿਬ ਨੰਦੇੜ-ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ, ਬੁੱਢਾ ਦਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਥੇਦਾਰ ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਨਿਹੰਗ ਸਿੰਘ ਦਲਾਂ, ਸੇਵਾਪੰਥੀ ਸੰਪਰਦਾਵਾਂ ਨਾਨਕਸਰ ਸੰਪਰਦਾ ਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।

ਕੀਰਤਨ ਦਰਬਾਰ ਵਿੱਚ ਵੱਡੀ ਪੱਧਰ ਤੇ ਜੁੜੀ ਸੰਗਤ ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਦੇ ਜਥੇਦਾਰ ਗਿਆਨੀ ਬਾਬਾ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਫੂਲਾ ਸਿੰਘ ਪੱਕੇ ਗੁਰਸਿੱਖ, ਅੰਮ੍ਰਿਤਧਾਰੀ, ਰਹਿਣੀ-ਬਹਿਣੀ ਦੇ ਪੂਰੇ ਤੇ ਨਿਡਰ ਸੂਰਮੇ ਸਨ । ਆਪ ਨੇ ਅਕਾਲ ਪੁਰਖ ਤੋਂ ਛੁੱਟ ਕਦੇ ਕਿਸੇ ਦੁਨਿਆਵੀ ਵਿਅਕਤੀ ਦਾ ਡਰ ਜਾਂ ਭੈ ਆਪਣੇ ਮਨ ਵਿਚ ਨਹੀਂ ਸੀ ਰੱਖਿਆ ਤੇ ਨਾ ਹੀ ਆਪਣਾ ਮਸਤਕ ਕਿਸੇ ਅੱਗੇ ਝੁਕਾਇਆ ਸੀ। ਕਾਲ-ਰਹਿਤ ਪ੍ਰਭੂ ਦਾ ਸਦਾ ਸਿਪਾਹੀ ਹੋਣ ਦੇ ਨਾਤੇ ਵਡੇ ਤੋਂ ਵਡੇ ਖ਼ਤਰਿਆਂ ਨੂੰ ਵੰਗਾਰ ਸਕਣਾ ਆਪ ਦੀ ਸ਼ਖਸੀਅਤ ਦਾ ਇਕ ਵਿਸ਼ੇਸ਼ ਗੁਣ ਸੀ।ਉਨ੍ਹਾਂ ਕਿਹਾ ਅਕਾਲੀ ਫੂਲਾ ਸਿੰਘ ਨੂੰ ਆਪਣੀ ਤਾਕਤ, ਹੌਸਲੇ ` ਤੇ ਕੰਮ ਕਰ ਸਕਣ ਦੀ ਸਮਰੱਥਾ ਤੇ ਇਤਨਾ ਵਿਸ਼ਵਾਸ਼ ਸੀ ਕਿ ਔਖੇ ਤੋਂ ਔਖਾ ਕੰਮ ਵੀ ਬਾਲ-ਖੇਡ ਵਾਂਗ ਸੌਖਾ ਤੇ ਸਾਧਾਰਣ ਬਣ ਕੇ ਰਹਿ ਜਾਂਦਾ ਸੀ ਅਤੇ ਸਫਲਤਾ ਸਦਾ ਉਸ ਦੇ ਕਦਮ ਚੁੰਮਦੀ ਸੀ। ਐਸੇ ਯੋਧੇ ਦੀ ਸ਼ਤਾਬਦੀ ਮਨਾਉਂਣੀ ਬਹੁਤ ਹੀ ਸ਼ਲਾਘਾ ਯੋਗ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਖ਼ਾਲਸਾ ਰਾਜ ਦੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਵਿਚੋਂ ਸਨ ਜਿਨ੍ਹਾਂ ਨੇ ਇਸ ਰਾਜ ਦੀ ਚੜ੍ਹਤ ਤੇ ਰਾਖੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ । ਉਨ੍ਹਾਂ ਕਿਹਾ ਜਦੋਂ ਮਿਸਲਾਂ ਦੇ ਸਰਦਾਰ ਇਲਾਕੇ ਜਿੱਤਣ ਤੋਂ ਰਾਜ ਸਥਾਪਿਤ ਕਰਨ ਲਗੇ ਹੋਏ ਸਨ ਤਾਂ ਉਦੋਂ ਅਕਾਲੀ ਫੂਲਾ ਸਿੰਘ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਬੰਧ ਠੀਕ ਕਰਕੇ ਸਿੱਖੀ ਅਸੂਲਾਂ ਤੇ ਪਹਿਰਾ ਦੇ ਰਹੇ ਸਨ । ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਹੈਸੀਅਤ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀਆਂ ਸਦਾਚਾਰਕ ਕਮਜ਼ੋਰੀਆਂ ਬਦਲੇ ਭਰੀ ਸੰਗਤ ਵਿਚ ਧਾਰਮਿਕ ਦੰਡ ਦੇ ਸਕਣਾ ਆਪ ਦੇ ਜੀਵਨ ਦਾ ਕਰਤਵ ਸੀ ।
ਕੀਰਤਨ ਦਰਬਾਰ ਵਿੱਚ ਪੰਥ ਦੇ ਸਿਰਮੌਰ ਰਾਗੀ ਭਾਈ ਗੁਰਪ੍ਰੀਤ ਸਿੰਘ ਖਾਲਸਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਜੋਗਿੰਦਰ ਸਿੰਘ ਮੋਨੀ, ਭਾਈ ਗੁਰਪ੍ਰਤਾਪ ਸਿੰਘ ਹਜ਼ੂਰੀ ਰਾਗੀ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਗਾਇਨ ਕੀਤਾ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਲੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਦਲ ਪੰਥ ਬੁੱਢਾ ਦਲ ਦੇ ਵਿਦਵਾਨ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨੱਇਆ ਨੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਅਤੇ ਬੁੱਢਾ ਦਲ ਦੇ ਇਤਿਹਾਸ ਅਤੇ ਗੁਰੂ ਬਖਸ਼ਿਸ਼ਾਂ ਬਾਰੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸੇਵਾਪੰਥੀ ਸੰਪਰਦਾ ਦੇ ਮੁਖੀ ਸੰਤ ਜੋਗਾ ਸਿੰਘ ਕਰਨਾਲ ਵਾਲਿਆਂ ਨੇ ਕਿਹਾ ਅੱਜ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਦਲੇਰ, ਨਿਡਰ ਸੂਰਮੇ ਜਥੇਦਾਰ ਦੀ ਲੋੜ ਭਾਸਦੀ ਹੈ ਜੋ ਪੰਥ ਦੀ ਅਗਵਾਈ ਕਰੇ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦਲ ਪੰਥ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਕੀਰਤਨ ਦਰਬਾਰ ਸਮੇਂ ਦਿਤੇ ਸਹਿਯੋਗ ਲਈ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਸਮਾਗਮ ਵਿੱਚ ਪੁਜੇ ਸੰਤ ਮਹਾਪੁਰਸ਼ਾ, ਨਿਹੰਗ ਸਿੰਘ ਦਲਪੰਥ ਦੇ ਮੁਖੀਆਂ ਅਤੇ ਹੋਰ ਸੰਪਰਦਾਵਾਂ ਦਾ ਕੀਤਾ। ਸਟੇਜ ਦੀ ਸੇਵਾ ਭਾਈ ਪਰਮਵੀਰ ਸਿੰਘ ਅਰਦਾਸੀਏ ਨੇ ਬਾਖੂਬੀ ਨਿਭਾਈ। ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਬਾਬਾ ਜੰਗ ਸਿੰਘ ਕਰਨਾਲ, ਬਾਬਾ ਜੋਤਇੰਦਰ ਸਿੰਘ, ਅਮਰੀਕਾ ਤੋਂ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ, ਸ. ਲੱਡੂ ਸਿੰਘ ਮਹਾਜਨ, ਸ. ਥਾਨ ਸਿੰਘ ਸੁਪਰੀਡੈਂਟ, ਸਿੰਘ ਸਾਹਿਬ ਗਿਆਨੀ ਰਾਮ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਸ. ਰਵਿੰਦਰ ਸਿੰਘ ਮੁੰਗਈ, ਸ. ਹਰਜੀਤ ਸਿੰਘ ਕੜੇਵਾਲੇ, ਸ. ਜੈਮਲ ਸਿੰਘ, ਸ. ਜਸਪਾਲ ਸਿੰਘ ਲਾਂਗਰੀ, ਗਿਆਨੀ ਪਰਮਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਕਥਾਵਾਚਕ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *