Sat. Dec 2nd, 2023


ਨਵੀਂ ਦਿੱਲੀ – ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਅਜ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਵਿਖੇ ਸਾਹਿਬਜਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਰਤਨ ਆਸਾ ਕੀ ਵਾਰ ਅਤੇ ਅਰਦਾਸ ਸਮਾਗਮ ਕੀਤੇ ਗਏ । ਜੱਥੇ ਦੇ ਕਨਵੀਂਨਰ ਭਾਈ ਅਰਵਿੰਦਰ ਪਾਲ ਸਿੰਘ ਰਾਜਾ, ਮੈਂਬਰ ਭਾਈ ਹਰਜਿੰਦਰ ਸਿੰਘ, ਭਾਈ ਮਲਕੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਨੇ ਦਸਿਆ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਦਰਦਨਾਕ ਘਟਨਾ ਹੈ ਜੋ ਸਮੇਂ ਦੇ ਹਾਕਮਾਂ ਦੀ ਦਰਿੰਦਗੀ ਬਾਰੇ ਜਿਕਰ ਕਰਦੀ ਹੈ ਤੇ ਦੂਜੇ ਪਾਸੇ ਸਾਹਿਬਜਾਦਿਆਂ ਅੰਦਰ ਜੂਝ ਕੇ ਮਰਨ ਦੇ ਨਾਲ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ । ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਸਿੱਖ ਇਹ ਅਹਿਮ ਸ਼ਹੀਦੀ ਦਿਹਾੜੇ ਨਹੀਂ ਭੁੱਲ ਸਕਦੇ ਹਨ ਤੇ ਸਾਹਿਬਜਾਦਿਆਂ ਦੀ ਯਾਦ ਨੂੰ ਜਿਓੰਦਾ ਕੀਤਾ ਜਾਂਦਾ ਹੈ ।
ਇਸ ਦੇ ਨਾਲ ਹੀ ਓਨਾ ਕਿਹਾ ਕਿ ਖਾਲਸਾ ਪੰਥ ਕਾਫੀ ਲੰਬੇ ਸਮੇਂ ਤੋ ਇਹ ਯਤਨ ਕਰ ਰਿਹਾ ਹੈ ਕਿ, ਸਿੱਖ ਸੰਘਰਸ਼ ਨਾਲ ਸਬੰਧਤ ਸਿੰਘ ਜੋ ਦੇਸ਼ ਦੀਆਂ ਵੱਖ ਵਖ ਜੇਲ੍ਹਾਂ ਵਿੱਚ ਬੰਦ ਹਨ ਨੂੰ ਰਿਹਾ ਕਰ ਦਿੱਤਾ ਜਾਵੇ। ਇਸ ਸੰਦਰਭ ਵਿੱਚ ਖਾਲਸਾ ਪੰਥ ਵੱਲੋਂ ਆਪਣੇ ਤੌਰ ਤੇ ਕਈ ਯਤਨ ਕੀਤੇ ਗਏ। ਕੌਮ ਦੇ ਇੱਕ ਹਿੱਸੇ ਨੇ ਭਾਰਤ ਦੇ ਅਦਾਲਤੀ ਢਾਂਚੇ ਦਾ ਸਹਾਰਾ ਲੈਕੇ ਵੱਖ ਵੱਖ ਬੰਦੀ ਸਿੰਘਾਂ ਦੀ ਰਿਹਾਈ ਲਈ, ਦੇਸ਼ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨਾ ਪਾਈਆਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸਬੰਧ ਵਿੱਚ ਹਿੰਦੁਸਤਾਨ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਗੁਰੂ ਮਹਾਰਾਜ ਦੇ ਪੁਰਬ ਦੀ ਖੁਸ਼ੀ ਵਿੱਚ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਵੇਗੀ, ਤੇ ਕੁਝ ਬੰਦੀ ਸਿੰਘ ਰਿਹਾ ਵੀ ਕੀਤੇ ਪਰ ਉਨ੍ਹਾਂ ਵਲੋਂ ਦੱਸੇ ਗਏ ਨਾਵਾਂ ਵਿੱਚੋਂ ਵੀ ਕੁਝ ਬਾਕੀ ਰਹਿ ਗਏ ਤੇ ਹੋਰ ਬਹੁਤੇ ਵੀ ਆਪਣੀ ਬੰਦੀ ਸਜ਼ਾ ਤੋਂ ਵੀ ਵੱਧ ਸਜ਼ਾ ਭੁਗਤ ਚੁੱਕੇ ਹਨ ਨੂੰ ਹਾਲੇ ਤਕ ਰਿਹਾ ਨਹੀਂ ਕੀਤਾ ਗਿਆ ਜਿਸ ਦਾ ਸਾਰਿਆਂ ਨੂੰ ਬਹੁਤ ਰੋਸ ਹੈ । ਉਨ੍ਹਾਂ ਕਿਹਾ ਕਿ ਇਹ ਨਜ਼ਰ ਆ ਰਿਹਾ ਹੈ ਕਿ ਹਿੰਦੁਸਤਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਜੀਦਾ ਨਹੀ ਹੈੈ।
ਇਸ ਸਥਿਤੀ ਵਿੱਚ ਸਿੱਖ ਕੌਮ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ, ਜਿਵੇਂ ਹੁਣ ਤੱਕ ਬੰਦੀ ਸਿੰਘਾਂ ਨੇ, ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਇਆ ਹੈ ਉਸੇ ਤਰ੍ਹਾਂ ਉਨ੍ਹਾਂ ਦਾ ਰਹਿੰਦਾ ਜੀਵਨ ਵੀ ਕੇਸਾਂ ਸੁਆਸਾਂ ਸੰਗ ਨਿਭ ਜਾਵੇ। ਕੀਰਤਨ ਅਤੇ ਅਰਦਾਸ ਸਮਾਗਮ ਵਿਚ ਭਾਈ ਜਸਪ੍ਰੀਤ ਸਿੰਘ ਲਵਲੀ, ਭਾਈ ਅਮਰਜੀਤ ਸਿੰਘ, ਹਰਗੁਨ ਕੌਰ, ਜਪਮਨ ਕੌਰ, ਗੁਨੀਸ਼ ਕੌਰ, ਬੀਬੀ ਨਿਰਮਲ ਕੌਰ, ਬੀਬੀ ਸੁਰਜੀਤ ਕੌਰ, ਭਾਈ ਜਸਮਿੰਦਰ ਸਿੰਘ, ਭਾਈ ਗੁਰਮੇਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰੀ ਸੀ ।

 

Leave a Reply

Your email address will not be published. Required fields are marked *