ਨਵੀਂ ਦਿੱਲੀ- ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਅਜ ਗੁਰੂ ਨਾਨਕ ਪਬਲਿਕ ਸਕੂਲ ਰਾਜ਼ੋਰੀ ਗਾਰਡਨ ਵਿਖੇ ਕੋਰੋਨਾ ਨਾਲ ਅਕਾਲ ਚਲਾਣਾ ਕਰ ਗਏ ਜੀਆਂ ਦੀ ਯਾਦ ਵਿਚ ਕੀਰਤਨ ਸਮਾਗਮ ਕਰਵਾਏ ਗਏ । ਬੀਬੀ ਰਵਨੀਤ ਕੌਰ ਬੀਬੀ ਨਿਰਮਲ ਕੌਰ ਭਾਈ ਗੁਰਸ਼ਰਨ ਸਿੰਘ ਅਤੇ ਹੋਰ ਵੀਰਾਂ ਭੈਣਾਂ ਨੇ ਰਸਭਿੱਨਾ ਕੀਰਤਨ ਕੀਤਾ । ਸਮਾਗਮ ਦੀ ਸਮਾਪਤੀ ਤੇ ਭਾਈ ਅਰਵਿੰਦਰ ਸਿੰਘ “ਰਾਜਾ” ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਸਿੱਖਾਂ ਖਿਲਾਫ ਸਰਕਾਰੀ ਦਮਨਕਾਰੀ ਨੀਤੀਆਂ ਸ਼ੁਰੂ ਤੋਂ ਹੀ ਚਲ ਰਹੀਆਂ ਹਨ ਤੇ ਦੇਸ ਭਰ ਅੰਦਰ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ । ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ 85% ਤੋਂ ਵੱਧ ਕੁਰਬਾਨੀਆਂ ਸਿੱਖਾਂ ਦੇ ਹਿੱਸੇ ਵਿਚ ਆਈਆਂ ਸਨ ਪਰ ਫਿਰ ਵੀ ਸਿੱਖ ਸਰਕਾਰਾਂ ਦੀ ਅੱਖਾਂ ਵਿਚ ਰੜਕਦੇ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਨੂੰਨਾਂ ਦੇ ਖਿਲਾਫ ਦੇਸ਼ ਅੰਦਰ ਜੋਰਦਾਰ ਵਿਰੋਧ ਚਲ ਰਿਹਾ ਹੈ। ਸਭ ਤੋਂਂ ਵੱਧ ਮੌਜੂਦਾ ਕਿਸਾਨ ਲਹਿਰ ਦਾ ਪ੍ਰਭਾਵ ਪੰਜਾਬ ਅਤੇ ਹਰਿਆਣੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣੇ ਅੰਦਰ ਰੋਸ ਜਤਾ ਰਹੇ ਕਿਸਾਨਾਂ ਤੇ ਰਾਜ ਕਰਦੀ ਧਿਰ ਵੱਲੋਂ ਕਾਫੀ ਅੱਤਿਆਚਾਰ ਦੀਆਂ ਤਸਵੀਰਾਂ ਅਤੇ ਵੀਡੀਓ ਜਨਤਕ ਹੋਈਆਂ ਹਨ, ਇਸ ਦੇ ਬਾਵਜੂਦ ਵੀ ਕਿਸਾਨਾਂ ਦਾ ਰੋਹ ਮੱਠਾ ਨਹੀ ਪਿਆ, ਬਲਕਿ ਵੱਧ ਰਿਹਾ ਹੈ। ਪੰਜਾਬ ਅੰਦਰ ਵੀ ਕਿਸਾਨ ਦੀ ਹੋਣੀ ਨਾਲ ਜੁੜੇ ਇਹਨਾਂ ਮਾਰੂ ਕਨੂੰਨਾਂ ਦਾ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ।ਪੰਜਾਬ ਅੰਦਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂਂ ਕਿਸਾਨਾਂ ਦੇ ਹੱਕ ਵਿੱਚ ਹਰ ਵਰਗ ਨੇ ਹਾਅ ਦਾ ਨਾਹਰਾ ਮਾਰਿਆ ਹੈ ਅਤੇ ਪੰਜਾਬ ਦੀਆਂ ਕਿਸਾਨ ਮਜਦੂਰ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਂਦਰ ਦੀ ਹਕੂਮਤ ਦੇ ਖਿਲਾਫ ਆਰ ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਬੇਸ਼ੱਕ ਇਸ ਅੰਦੋਲਨ ਨੂੰ ਮੁਲਾਜ਼ਮਾਂ ਆੜਤੀਆਂ, ਦੁਕਾਨਦਾਰਾਂ, ਵਪਾਰੀਆਂ ਆਦਿ ਨੇ ਸਮੱਰਥਨ ਦਿੱਤਾ ਹੈ, ਪਰ ਮੁੱਖ ਰੂਪ ਵਿੱਚ ਇਸ ਅੰਦੋਲਨ ਦੀ ਅਗਵਾਈ ਕਿਸਾਨ ਤੇ ਮਜਦੂਰ ਜਥੇਬੰਦੀਆਂ ਹੀ ਕਰ ਰਹੀਆਂ ਹਨ। ਉਨ੍ਹਾਂ ਬੀਤੇ ਦਿਨ ਕਿਸਾਨਾਂ ਵਲੋਂ ਰਾਜਪਾਲਾਂ ਨੂੰ ਮੰਗ ਪੱਤਰ ਦੇਣ ਜਾਂਦੇ ਸਮੇਂ ਵੱਖ ਵੱਖ ਥਾਵਾਂ ਤੇ ਕੀਤੇ ਲਾਠੀ ਚਾਰਜ ਦੀ ਨਿੰਦਿਆਂ ਕਰਦਿਆ ਕਿਹਾ ਕਿ ਅਖੰਡ ਕੀਰਤਨੀ ਜੱਥਾ (ਦਿੱਲੀ) ਕਿਸਾਨਾਂ ਦੀਆਂ ਮੰਗਾ ਦੀ ਪੂਰੀ ਹਮਾਇਤ ਕਰਦਾ ਹੈ ਤੇ ਸਰਕਾਰ ਕੋਲੋਂ ਕਾਲੇ ਕਾਨੂੰਨ ਵਾਪਿਸ ਲੈ ਕੇ ਸਮੂਹ ਲੋਕਾਈ ਨੂੰ ਰਾਹਤ ਦੇਣ ਦੀ ਮੰਗ ਕਰਦਾ ਹੈ ਤੇ ਨਾਲ ਹੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ, ਜਦੋ ਤਕ ਕਾਲੇ ਕਨੂੰਨ ਰੱਦ ਨਹੀਂ ਹੋ ਜਾਂਦੇ ਵੱਧ ਤੋਂ ਵੱਧ ਬਾਣੀ ਪੜਨ ਦੇ ਨਾਲ ਚੌਪਈ ਸਾਹਿਬ ਦੇ ਪਾਠ ਕਰਕੇ ਮੋਰਚੇ ਦੀ ਸਫਲਤਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ । ਸਮਾਗਮ ਦੀ ਸਮਾਪਤੀ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ ।