Mon. Feb 26th, 2024


ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਤੋਂ ਇਸਤਰੀ ਦਲ ਦੀ ਪ੍ਰਧਾਨ ਅਤੇ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਲੋਕਾਈ ਨੂੰ ਵਧਾਈ ਦੇਂਦਿਆਂ ਕਿਹਾ ਕਿ 15ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਹਿੰਦੁਸਤਾਨ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਤ ਬੜੀ ਤਰਸਯੋਗ ਸੀ । ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧਿਤ ਸਨ । ਉਹ ਹਿੰਦੂਆਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਭਾਰੀ ਅੱਤਿਆਚਾਰ ਕਰਦੇ ਸਨ । ਧਰਮ ਕੇਵਲ ਇੱਕ ਬਾਹਰੀ ਦਿਖਾਵਾ ਬਣ ਕੇ ਰਹਿ ਗਿਆ ਸੀ । ਲੋਕ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਪ੍ਰਚਲਿਤ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਅਤੇ ਉਨ੍ਹਾਂ ਵਿੱਚ ਨਵੀਂ ਜਾਗ੍ਰਿਤੀ ਲਿਆਉਣ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਇੱਕ ਪਰਮਾਤਮਾ ਦੀ ਪੂਜਾ ਕਰਨ, ਆਪਸੀ ਭਾਈਚਾਰੇ, ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਬਾਰੇ, ਸੱਚਾ ਤੇ ਪਵਿੱਤਰ ਜੀਵਨ ਬਤੀਤ ਕਰਨ ਅਤੇ ਅੰਧ-ਵਿਸ਼ਵਾਸਾਂ ਨੂੰ ਛੱਡਣ ਦਾ ਪ੍ਰਚਾਰ ਕੀਤਾ । ਗੁਰੁ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਜਿਵੇਂ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ, ਸਤੀ ਪ੍ਰਥਾ ਅਤੇ ਤਲਾਕ ਪ੍ਰਥਾ ਆਦਿ ਪ੍ਰਚਲਿਤ ਸਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਸਮਾਜ ਵਿੱਚ ਇਸਤਰੀਆਂ ਦਾ ਆਦਰ ਸਤਿਕਾਰ ਵਧਾਉਣ ਲਈ ਇੱਕ ਜ਼ੋਰਦਾਰ ਮੁਹਿੰਮ ਚਲਾਈ । ਉਨ੍ਹਾਂ ਨੇ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ ਅਤੇ ਸਤੀ ਪ੍ਰਥਾ ਆਦਿ ਦਾ ਘੋਰ ਵਿਰੋਧ ਕੀਤਾ । ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਹਾਮੀ ਸਨ । ਇਸ ਸੰਬੰਧੀ ਗੁਰੁ ਨਾਨਕ ਦੇਵ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ । ਗੁਰੂ ਜੀ ਦਾ ਕਹਿਣਾ ਸੀ ਕਿ ਸਾਨੂੰ ਕਦੇ ਵੀ ਕਿਸੇ ਇਸਤਰੀ ਨੂੰ ਜੋ ਕਿ ਮਹਾਨ ਸਮਰਾਟਾਂ ਨੂੰ ਜਨਮ ਦਿੰਦੀ ਹੈ, ਮਾੜਾ ਨਹੀਂ ਕਹਿਣਾ ਚਾਹੀਦਾ । ਗੁਰੂ ਜੀ ਜਿੱਥੇ ਵੀ ਗਏ ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਲੋਕਾਂ ‘ਤੇ ਡੂੰਘਾ ਪ੍ਰਭਾਵ ਪਾਇਆ । ਗੁਰੂ ਜੀ ਨੇ ਸ਼ਾਸਕ ਵਰਗ ਤੇ ਉਨ੍ਹਾਂ ਦੇ ਕਰਮਚਾਰੀਆਂ ਦੁਆਰਾ ਕੀਤੇ ਜਾ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾਈ । ਉਨ੍ਹਾਂ ਨੇ ਸੰਗਤ ਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਨੀਂਹ ਰੱਖੀ ਅਤੇ ਨਾਲ ਹੀ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦੇ ਬੁਨਿਆਦੀ ਸਿਧਾਂਤ ਵੀਂ ਬਣਾਏ ਸਨ ।

Leave a Reply

Your email address will not be published. Required fields are marked *