ਨਵੀਂ ਦਿੱਲੀ- ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਸ. ਗੁਣਜੀਤ ਸਿੰਘ ਬਖ਼ਸ਼ੀ ਨੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਵਿਰੁੱਧ ਸੋਸ਼ਲ ਮੀਡੀਆ `ਤੇ ਨਫ਼ਰਤੀ ਟਿੱਪਣੀਆਂ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹਾ
ਵਰਤਾਰਾ ਪੂਰੇ ਵਿਸ਼ਵ ਲਈ ਬੇਹੱਦ ਖ਼ਤਰਨਾਕ ਹੈ ਅਤੇ ਜੇਕਰ ਅਜਿਹੀਆਂ ਘਿਨੌਣੀਆਂ ਹਰਕਤਾਂ ਨੂੰ ਸਖ਼ਤੀ ਨਾਲ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਮਨੁੱਖੀ ਭਾਈਚਾਰੇ `ਚ ਨਫ਼ਰਤਾਂ ਪੈਦਾ ਹੋ ਸਕਦੀਆਂ ਹਨ।ਸ. ਬਖ਼ਸ਼ੀ ਨੇ ਕਿਹਾ ਕਿ ਮਾਨਵੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੇ
ਇਸ ਨਫ਼ਰਤੀ ਵਰਤਾਰੇ ਵਿਰੁੱਧ ਯੂ.ਐੱਨ.ਓ ਨੂੰ ਦਖਲ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਮਾਨਵ ਵਿਰੋਧੀ ਸੁਰਾਂ ਖਿਲਾਫ ਕਰੜੇ ਨਿਯਮ ਤੈਅ ਕਰਨੇ ਚਾਹੀਦੇ ਹਨ।ਸ. ਗੁਣਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਨੂੰ ਜਾਣਬੁੱਝ ਕੇ ਨਫ਼ਰਤ ਦਾ ਸ਼ਿਕਾਰ ਬਣਾਇਆ ਗਿਆ ਹੈ
ਜਦਕਿ ਉਸ ਦੀ ਕਾਰਗੁਜਾਰੀ ਬਾਕੀਆਂ ਨਾਲੋਂ ਕਿਤੇ ਬਿਹਤਰ ਰਹੀ।ਉਨ੍ਹਾਂ ਕਿਹਾ ਕਿ ਖੇਡਾਂ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਇੱਕ ਅਹਿਮ ਮਾਧਿਅਮ ਹਨ ਅਤੇ ਜੇਕਰ ਖਿਡਾਰੀਆਂ ਨੂੰ ਹੀ ਨਫ਼ਰਤ ਭਰੀ ਸੋਚ ਅਧੀਨ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਤਾਂ ਇਸ ਖੇਤਰ ਵਿੱਚ ਉਦਾਸੀਨਤਾ ਦਾ ਮਾਹੌਲ ਬਣੇਗਾ।ਸ. ਗੁਣਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੀ ਕਾਰਗੁਜਾਰੀ ਨੂੰ ਜਾਣਬੁੱਝ ਕੇ ਨੀਵਾਂ ਦਿਖਾਉਣਾ ਅਤੇ ਉਸ ਵਿਰੁੱਧ ਕੂੜ ਪ੍ਰਚਾਰ ਕਰਨਾ ਸਿੱਖਾਂ ਦੀਆਂ ਦੇਸ਼ ਲਈ ਅਤੇ ਵਿਸ਼ਵ-ਪੱਧਰੀ ਪ੍ਰਾਪਤੀਆਂ ਨੂੰ ਨੀਵਾਂ ਦਿਖਾਉਣ ਦੇ ਸਿਲਸਿਲੇ ਦਾ ਹੀ ਇੱਕ
ਹਿੱਸਾ ਹੈ।ਉਨ੍ਹਾਂ ਕਿਹਾ ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸ਼ਰਾਰਤੀ ਅਨਸਰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ।ਸ. ਗੁਣਜੀਤ ਸਿੰਘ ਬਖ਼ਸ਼ੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਂਦਰੀ
ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖਾਂ ਵਿਰੁੱਧ ਬਣਾਏ ਜਾ ਰਹੇ ਮਾਹੌਲ ਦੀ ਸਮੀਖਿਆ ਕਰਕੇ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਸ. ਬਖ਼ਸ਼ੀ ਨੇ ਕਿਹਾ ਕਿ ਅਜਿਹੇ ਵਿਰੋਧੀ ਲੋਕਾਂ ਨੂੰ ਇਤਿਹਾਸ ਪੜ੍ਹ ਕੇ ਜਰੂਰ ਜਾਣ
ਲੈਣਾ ਚਾਹੀਦਾ ਹੈ ਕਿ ਸਿੱਖਾਂ ਨੇ ਹਰ ਖੇਤਰ ਅੰਦਰ ਦੇਸ਼ ਦਾ ਨਾਂ ਚਮਕਾਇਆ ਹੈ ਅਤੇ ਵਿਸ਼ਵ-ਪੱਧਰ `ਤੇ ਵੀ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ।