Fri. Sep 22nd, 2023


ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਅਤੇ ਮਨਜੀਤ ਸਿੰਘ ਜੀਕੇ ਦੇ ਪੰਥਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਥਕ ਸੇਵਾ ਦਲ ਦੇ ਕਨਵੀਨਰ ਅਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਅਤੇ ਸਹਿ ਕਨਵੀਨਰ ਸੰਗਤ ਸਿੰਘ ਦਿੱਲੀ ਕਮੇਟੀ ਦੀਆਂ ਆਮ ਚੋਣਾਂ ‘ਚ ਜਾਗੋ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈਂ। ਜਿਸ ਨੂੰ ਦਿੱਲੀ ਵਿੱਚ ਪੰਥਕ ਸੇਵਾ ਦਲ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਾਲਕਾ ਜੀ ਵਿਖੇ ਹੋਈ ਮੀਟਿੰਗ ਦੌਰਾਨ ਜੀਕੇ ਨੇ ਬਾਲਾ ਸਾਹਿਬ ਹਸਪਤਾਲ ਦੇ ਸਬੰਧ ਵਿੱਚ ਵੱਡਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਾਰ-ਵਾਰ ਦੁਹਾਈਆਂ ਦੇ ਰਹੇ ਹਨ ਕਿ ਪਰਮਜੀਤ ਸਿੰਘ ਸਰਨਾ ਉਨ੍ਹਾਂ ਨੂੰ ਹਸਪਤਾਲ ਨਹੀਂ ਖੋਲ੍ਹਣ ਦੇ ਰਹੇ, ਪਰ ਹਸਪਤਾਲ ਲਈ ਲੋੜੀਂਦੀਆਂ 30 ਸਰਕਾਰੀ ਮਨਜ਼ੂਰੀਆਂ ਸਿਰਸਾ ਸੰਗਤ ਨੂੰ ਨਹੀਂ ਦਿਖਾ ਰਹੇ। ਜੀਕੇ ਨੇ ਕਿਹਾ ਕਿ ਜੇ ਸਿਰਸਾ ਮੈਨੂੰ ਹਸਪਤਾਲ ਖੋਲ੍ਹਣ ਦੀਆਂ ਸਾਰੀਆਂ ਮਨਜ਼ੂਰੀਆਂ ਦਿਖਾਉਂਦਾ ਹੈ, ਤਾਂ ਮੈਂ ਵੀ ਹਸਪਤਾਲ ਦੇ ਉਦਘਾਟਨ ਲਈ ਸਿਰਸਾ ਦੇ ਨਾਲ ਖੜ੍ਹਾ ਹੋਵਾਂਗਾ ਅਤੇ ਸਰਨਾ ਭਰਾਵਾਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕਰਾਂਗਾ।

ਜੀਕੇ ਨੇ ਕਿਹਾ ਕਿ ਸਿਰਸਾ ਦੀਆਂ ਗ਼ਲਤ ਨੀਤੀਆਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਆਰਥਿਕ ਨਿਰਭਰਤਾ ਨੂੰ ਤਬਾਹ ਕਰ ਦਿੱਤਾ ਹੈ। ਅੱਜ ਸਕੂਲ ਸਟਾਫ਼ ਤਨਖ਼ਾਹ, ਪਿਛਲੇ ਬਕਾਏ, ਗਰੈਚੁਟੀ, ਰਿਟਾਇਰਮੈਂਟ ਲਾਭ ਆਦਿ ਲਈ ਦਿੱਲੀ ਹਾਈ ਕੋਰਟ ਵਿੱਚ ਕਮੇਟੀ ਨੂੰ ਗ਼ਲਤ ਦਸ ਰਿਹਾ ਹੈ, ਪਰ ਸਿਰਸਾ 4.5 ਕਰੋੜ ਦੇ ਮਾਸਿਕ ਘਾਟੇ ਵਿੱਚੋਂ ਸਕੂਲਾਂ ਨੂੰ ਬਾਹਰ ਕੱਢਣ ਅਤੇ 7500 ਬੱਚਿਆਂ ਦੇ ਸਕੂਲ ਛੱਡਣ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾਉਣ ਵਿੱਚ ਨਾ-ਕਾਮਯਾਬ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ ਕਾਲਕਾ, ਸੰਗਤ ਸਿੰਘ, ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਪਰਮਿੰਦਰ ਪਾਲ ਸਿੰਘ, ਪੁੰਨਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਆਦਿਕ ਨੇ ਹਰਜੀਤ ਸਿੰਘ ਜੀਕੇ ਦੇ ਸਮਰਥਨ ਵਿੱਚ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ।

 

Leave a Reply

Your email address will not be published. Required fields are marked *