ਨਵੀਂ ਦਿੱਲੀ-ਯੂਕੇ ਵਿਖੇ ਰਹਿ ਰਹੇ ਸਿੱਖ ਆਗੂ ਅਵਤਾਰ ਸਿੰਘ ਖੰਡਾ ਦਾ ਅਜੇ ਤੱਕ ਅੰਤਿਮ ਸਸਕਾਰ ਨਹੀਂ ਹੋ ਸਕਿਆ ਹੈ । ਯੂਕੇ ਸਰਕਾਰ ਨੇ ਅਵਤਾਰ ਸਿੰਘ ਖੰਡਾ ਦੇ ਮਾਤਾ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜੋ ਖੰਡਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਾ ਚਾਹੁੰਦੀਆਂ ਸਨ। ਭਾਈ ਖੰਡਾ ਦੀ ਮ੍ਰਿਤਕ ਦੇਹ ਨੂੰ ਨਾ ਭਾਰਤ ਲਿਆਉਣ ਦਿੱਤਾ ਜਾ ਰਿਹੈ ਅਤੇ ਨਾ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇੰਗਲੈਂਡ ਜਾਣ ਦਿੱਤਾ ਜਾ ਰਿਹਾ ਹੈ । ਜਦਕਿ ਭਾਈ ਖੰਡਾ ਦੀ ਅੰਤਿਮ ਚਾਹਤ ਕਿ ਓਸ ਦੀ ਮੌਤ ਉਪਰੰਤ ਉਸਦਾ ਸਸਕਾਰ ਪੰਜਾਬ ਵਿਖੇ ਕੀਤਾ ਜਾਏ ਸੀ । ਇਸ ਦੇ ਨਾਲ ਹੀ ਉਨ੍ਹਾਂ ਦੇ ਭੈਣ ਜਸਪ੍ਰੀਤ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਖੰਡਾ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਮਾਮਲੇ ਵਿਚ ਚੱਲ ਰਹੀ ਸੁਣਵਾਈ ਵੀ ਅਜੇ ਵਿਚਾਰ ਅਧੀਨ ਹੈ। ਜਾਣਕਾਰੀ ਅਨੁਸਾਰ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਯੂਕੇ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ ਪਰ ਯੂਕੇ ਸਰਕਾਰ ਨੇ ਇਸ ਨੂੰ ਇਹ ਕਹਿ ਕੇ ਕੀ ਉਸਦਾ ਭਾਰਤ ਅੰਦਰ ਰਹਿਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਹਿ ਕੇ, ਰੱਦ ਕਰ ਦਿੱਤਾ ਹੈ । ਜਿਕਰਯੋਗ ਹੈ ਕਿ ਭਾਈ ਖੰਡੇ ਦੀ ਇਕ ਅਸਪਤਾਲ ਅੰਦਰ ਮੌਤ ਹੋਈ ਸੀ ਤੇ ਇਸ ਮਾਮਲੇ ਵਿਚ ਹਿੰਦ ਏਜੰਸੀਆਂ ਵਲੋਂ ਓਸ ਨੂੰ ਜ਼ਹਿਰ ਦੇਣ ਦੇ ਆਰੋਪ ਲੱਗੇ ਸਨ । ਉਧਰ ਯੂਕੇ ਵਿਚ ਆਗੂਆਂ ਦਾ ਕਹਿਣਾ ਹੈ ਕਿ ਸਥਾਨਕ ਸਰਕਾਰ ਨੇ ਇਹ ਕਦਮ ਯੂਕੇ ਦੂਤਾਵਾਸ ਵਿਖੇ ਹੋਏ ਤਿਰੰਗੇ ਦਾ ਅਪਮਾਨ ਕਰਨ ਤੋਂ ਬਾਅਦ ਭਾਰਤ ਦੇ ਨਾਲ ਪੈਦਾ ਹੋਏ ਵਿਵਾਦ ਦੇ ਕਾਰਨ ਉਠਾਇਆ ਹੈ ।