ਨਵੀਂ ਦਿੱਲੀ-  ਡੀਐਸਜੀਐਮਸੀ ਅਧੀਨ ਚੱਲ ਰਹੇ ਕੋਵਿਡ ਸੈਂਟਰ ਵਿੱਚ ਅਸ਼ਲੀਲ ਗਾਣੇ ਚਲਾਉਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਪੰਥਕ ਅਕਾਲੀ ਲਹਿਰ ਨੇ ਰੋਸ਼ ਪ੍ਰਦਰਸ਼ਨ ਕੀਤਾ ਜਿਸ ਵਿਚ ਭਰੀ ਮਾਤਰਾ ਵਿੱਚ ਸਿੱਖ ਜਥੇਬੰਦੀਆਂ ਨੇ ਹਿੱਸਾ ਲਿਆ। ਰੋਸ਼ ਪ੍ਰਦਰਸ਼ਨ ਦੀ ਅਗਵਾਈ ਸ੍ਰ.ਪਰਮਜੀਤ ਸਿੰਘ ਸਰਨਾ ਅਤੇ ਜਥੇਦਾਰ ਸ੍ਰ.ਰਣਜੀਤ ਸਿੰਘ ਦੁਆਰਾ ਕੀਤੀ ਗਈ। ਸਿੱਖ ਨੁਮਾਇੰਦਿਆਂ ਨੇ ਚਲਾਏ ਜਾ ਰਹੇ ਗਾਣਿਆਂ ਨੂੰ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਦਾ ਕਰਾਰ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਸਰਨਾ ਨੇ ਕਿਹਾ, “ਇਤਿਹਾਸ ਵਿਚ ਪਹਿਲੀ ਵਾਰ ਸਿੱਖ ਗੁਰੂਆਂ ਦੇ ਪਵਿੱਤਰ ਸ਼ਹੀਦੀ ਅਸਥਾਨ ‘ਤੇ ਅਸ਼ਲੀਲ ਗਾਣਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕੀ ਇਨ੍ਹਾਂ ਬਾਦਲਾਂ ਨੇ ਸਿੱਖ ਧਰਮ ‘ਚੋਂ ਵਿਸ਼ਵਾਸ ਗੁਆ ਲਿਆ ਹੈ? ਜਿੱਥੇ ਸੰਸਾਰ ਭਰ ਦੇ ਲੋਕ ਪਵਿੱਤਰ ਗੁਰਬਾਣੀ ਦਾ ਜਾਪ ਕਰਕੇ ਦੁੱਖ ਦੂਰ ਕਰਦੇ ਹਨ, ਉੱਥੇ ਗੁਰੂਆਂ ਦੇ ਪਵਿੱਤਰ ਅਸਥਾਨ ‘ਤੇ ਇਹੋ ਜਿਹੀ ਬੇਅਦਬੀ ਕੀਤੀ ਜਾ ਰਹੀ ਹੈ। ਅਤੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਅਸੀਂ ਚੁੱਪ ਰਹੇ ਹਾਂ। ਇਨ੍ਹਾਂ ਦੀ ਪ੍ਰਕਿਰਿਆ ਇਕ ਤੋਂ ਬਾਅਦ ਇਕ ਜਾਰੀ ਹੈ। “

ਸ੍ਰ. ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਹਾਨ ਸੰਸਥਾ ਹੈ। ਇਸ ਦੇ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਪਵਿੱਤਰ ਅਸਥਾਨ ‘ਤੇ ਨੱਚਣ, ਗਾਉਣ, ਕੇਕ ਕੱਟਣ ਜਿਹੀਆਂ ਕੁਪ੍ਰਥਾਵਾਂ ਦਾ ਅਰੰਭ ਕੀਤਾ ਗਿਆ ਹੋਵੇ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਪ੍ਰਕਾਸ਼ ਪੁਰਬ ਵਿਖੇ ਮੂਰਤੀ ਪੂਜਾ ਵਰਗੀ ਕੁਪ੍ਰਥਾ ਨੂੰ ਲਾਗੂ ਕਰ ਰਹੇ ਹਨ। ਅਜਿਹੇ ਅਣਜਾਣ ਲੋਕਾਂ ਨੂੰ ਆਪਣੇ ਤੌਰ ਤਰੀਕਿਆਂ ਨੂੰ ਜਲਦ ਕਾਬੂ ਕਰਨ ਦੀ ਜ਼ਰੂਰਤ ਹੈ।

ਸ੍ਰ.ਸਰਨਾ ਨੇ ਅਮਿਤਾਭ ਬੱਚਨ ਤੋਂ ਦਾਨ ਪ੍ਰਵਾਨ ਕਰਨ ਲਈ ਡੀਐਸਜੀਐਮਸੀ ਨੂੰ ਵੀ ਆੜੇ ਹੱਥੀਂ ਲਿਆ।
ਸਾਬਕਾ ਡੀਐਸਜੀਐਮਸੀ ਪ੍ਰਧਾਨ ਅਨੁਸਾਰ ਮੌਜੂਦਾ ਕਮੇਟੀ ਸੇਵਾ ਦੀ ਆੜ ਹੇਠ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ। ਜਿਨ੍ਹਾਂ ਦਾ ਸਿੱਖ ਧਰਮ ਦੇ ਸਿਧਾਂਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰੋਸ਼ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨੁਮਾਇੰਦਿਆਂ ਅਨੁਸਾਰ, ਉਨ੍ਹਾਂ ਦੀ ਪਾਰਟੀ ਨੂੰ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਕੋਵਿਡ ਸੈਂਟਰ ਨਾਲ ਕੋਈ ਦਿਕੱਤ ਨਹੀਂ ਹੈ। ਸਮੱਸਿਆ ਉਨ੍ਹਾਂ ਦੇ ਚੱਲਾਉਣ ਦੇ ਗਲਤ ਤਰੀਕਿਆਂ ਨਾਲ ਹੈ। ਨੁਮਾਇੰਦਿਆਂ ਨੇ ਕੋਵਿਡ ਸੈਂਟਰ ਨੂੰ ਕਿਸੇ ਸੁਰੱਖਿਅਤ ਜਗ੍ਹਾ ਭੇਜਣ ਦੀ ਮੰਗ ਕੀਤੀ। ਅਰਦਾਸ ਸਮਾਗਮ ਵਿਚ ਹਿੱਸਾ ਲੈ ਰਹੀ ਸਿੱਖ ਸੰਗਤ ਨੇ ਧਾਰਮਿਕ ਅਸਥਾਨ ਦੇ ਅੰਦਰ ਸੁਰੱਖਿਆ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ।

ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਲਹਿਰ ਦੇ ਮੁਖੀ ਜਥੇਦਾਰ ਸ੍ਰ. ਰਣਜੀਤ ਸਿੰਘ ਨੇ ਵੀ ਕੀਤੀ। ਜਿਨ੍ਹਾਂ ਨੇ ਕਮੇਟੀ ਦੇ ਪ੍ਰਧਾਨ ਸਿਰਸਾ ਨੂੰ ਨਿਆਣਾ ਅਤੇ ਪੰਥ ਨੂੰ ਬਰਬਾਦੀ ਵੱਲ ਭੇਜਣ ਵਾਲਾ ਦਸਿਆ। ਉਨ੍ਹਾਂ ਕਿਹਾ ਕਿ ਕਮੇਟੀ ਇਹ ਨਾ ਸਮਝੇ ਕਿ ਉਨ੍ਹਾਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਅੱਜ ਤੋਂ ਬਾਅਦ ਖ਼ਤਮ ਹੋ ਜਾਣਗੇ। ਜੇਕਰ ਡੀਐਸਜੀਐਮਸੀ ਆਪਣੇ ਤੌਰ ਤਰੀਕਿਆਂ ਵਿੱਚ ਸੁਧਾਰ ਨਹੀਂ ਕਰਦੀ ਹੈ, ਤਾਂ ਅੰਦੋਲਨ ਹਜੇ ਹੋਰ ਤੇਜ਼ ਹੋਵੇਗਾ ।

ਸੈਂਕੜੇ ਦੀ ਗਿਣਤੀ ਵਿਚ ਮੌਜੂਦ ਸਿੱਖ ਸੰਗਤਾਂ ਨੇ ਸ਼ਾਂਤਮਈ ਢੰਗ ਨਾਲ ਹੱਥਾਂ ਵਿਚ ਬੋਰਡ ਲੈ ਕੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿਰਸਾ ਤੋਂ ਮੁਆਫੀਨਾਮੇ ਦੀ ਮੰਗ ਕੀਤੀ । ਨਾਲ ਹੀ ਕੋਵਿਡ ਸੈਂਟਰ ਨੂੰ 48 ਘੰਟਿਆਂ ਦੇ ਅੰਦਰ ਕਿਸੇ ਹੋਰ ਸੁਰੱਖਿਅਤ ਜਗ੍ਹਾ ਭੇਜਣ ਦੀ ਬੇਨਤੀ ਵੀ ਕੀਤੀ।
“ਅਸੀਂ ਪਹਿਲਾਂ ਵੀ ਸੇਵਾ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ। ਕੋਵਿਡ ਕੇਂਦਰ ਚਲਾਉਣਾ ਗਲਤ ਨਹੀਂ ਹੈ। ਸਾਨੂੰ ਉਨ੍ਹਾਂ ਦੀ ਸੋਚ‘ ਤੋਂ ਨਹੀਂ, ਉਨ੍ਹਾਂ ਦੇ ਤਰੀਕਿਆਂ ਪ੍ਰਤੀ ਸਖਤ ਇਤਰਾਜ਼ ਹੈ। ਕਮੇਟੀ ਸਾਡੇ ਗੁਰਦੁਆਰਿਆਂ ਅਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਭੰਗ ਨਾ ਕਰੇ।

 

Leave a Reply

Your email address will not be published. Required fields are marked *