Sat. Sep 30th, 2023


ਚੰਡੀਗੜ੍ਹ-ਜਲੰਧਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਸਰਕਾਰ ਖਿਲਾਫ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ।  ਰਿੰਕੂ ਨੇ ਆਪਣੇ ਸਰੀਰ ਨੂੰ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹ ਕੇ ਸੰਸਦ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਸਦ ਨੂੰ ਆਜ਼ਾਦ ਕਰਾਉਣ ਅਤੇ ਲੋਕਤੰਤਰ ਨੂੰ ਆਜ਼ਾਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ।

ਸ਼ੁੱਕਰਵਾਰ ਨੂੰ ਰਿੰਕੂ ਨੇ ਸੰਸਦ ਭਵਨ ਦੇ ਬਾਹਰ ਜਾ ਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਮ ਅੰਬੇਡਕਰ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।  ਉਹ ਉਥੇ ਇਕੱਲੇ ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹ ਕੇ ਪ੍ਰਦਰਸ਼ਨ ਕਰ ਰਿਹੇ ਸੀ।

ਇਸ ਮੌਕੇ ਪੱਤਰਕਾਰਾਂ ਨੂੰ ਸਬੋਧਨ ਕਰਦੇ ਹੋਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸੰਵਿਧਾਨ, ਪਾਰਲੀਮੈਂਟ ਅਤੇ ਕਾਨੂੰਨ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਕੈਦ ਕਰ ਦਿੱਤਾ ਹੈ।  ਅੱਜ ਦੇਸ਼ ਦੇ ਲੋਕਤੰਤਰ ਦੇ ਚਾਰ ਥੰਮ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਖ਼ਤਰੇ ਵਿੱਚ ਹਨ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਨਾ ਤਾਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਨਾ ਹੀ ਦੇਸ਼ ਦੀ ਸਰਵਉੱਚ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਦੀ ਹੈ।  ਮੋਦੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨ ਕੇ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਨਮਾਨੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਮੁਅੱਤਲ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੁਸ਼ੀਲ ਰਿੰਕੂ ਨੂੰ ਦਿੱਲੀ ਸੇਵਾ ਬਿੱਲ ਦੀਆਂ ਕਾਪੀਆਂ ਵੇਲ ‘ਚ ਪਾੜਨ ‘ਤੇ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਜਦੋਂ ਰਿੰਕੂ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਉੱਥੇ ਗਏ ਅਤੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *