ਨਵੀਂ ਦਿੱਲੀ – ਪਾਕਿਸਤਾਨ ਦੀ ਇਕ ਜਵਾਬਦੇਹੀ ਅਦਾਲਤ ਨੇ ਬੁੱਧਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿਚ ਪੀਟੀਆਈ ਚੇਅਰਮੈਨ ਅਤੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ਦੀ ਹਿਰਾਸਤ ਵਿਚ ਅੱਠ ਦਿਨਾਂ ਲਈ ਰਿਮਾਂਡ ‘ਤੇ ਭੇਜ ਦਿੱਤਾ।
ਪਾਕ ਮੀਡੀਆ ਵਿਚ ਜਾਰੀ ਹੋਈ ਖ਼ਬਰ ਮੁਤਾਬਿਕ ਇਸ ਤੋਂ ਪਹਿਲਾਂ, ਐੱਨਏਬੀ ਨੇ ਇਮਰਾਨ ਖਾਨ ਦੇ 14 ਦਿਨਾਂ ਦੇ ਸਰੀਰਕ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਐਨਏਬੀ ਦੀ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਪੀਟੀਆਈ ਦੇ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਇਹ ਕੇਸ ਐਨਏਬੀ ਦੇ ਅਧਿਕਾਰ ਵਿੱਚ ਨਹੀਂ ਹੈ। ਉਨ੍ਹਾਂ ਕਿਹਾ, ”ਇਮਰਾਨ ਖਾਨ ਦਾ ਮੁਕੱਦਮਾ ਕਾਨੂੰਨ ਮੁਤਾਬਕ ਖੁੱਲ੍ਹੀ ਅਦਾਲਤ ‘ਚ ਹੋਣਾ ਚਾਹੀਦਾ ਹੈ।
ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਅਦਾਲਤ ਨੂੰ ਦੱਸਿਆ ਕਿ ਗ੍ਰਿਫਤਾਰੀ ਦੇ ਸਮੇਂ ਉਨ੍ਹਾਂ ਨੂੰ ਵਾਰੰਟ ਨਹੀਂ ਦਿਖਾਏ ਗਏ ਸਨ। ਹਾਲਾਂਕਿ ਸਰਕਾਰੀ ਵਕੀਲ ਨੇ ਇਮਰਾਨ ਖਾਨ ਦੇ ਬਿਆਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰੀ ਵਾਰੰਟ ਦਿਖਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਇਮਰਾਨ ਖਾਨ ਨੇ ਸੁਣਵਾਈ ਤੋਂ ਪਹਿਲਾਂ ਆਪਣੀ ਕਾਨੂੰਨੀ ਟੀਮ ਨਾਲ ਵੀ ਸਲਾਹ ਕੀਤੀ।
ਇਸਲਾਮਾਬਾਦ ਪੁਲਿਸ ਲਾਈਨਜ਼ ਨੂੰ ਗੈਸਟ ਹਾਊਸ ਦਾ ਦਰਜਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਮਰਾਨ ਖਾਨ ਨੂੰ ਸਬ-ਜੇਲ ਘੋਸ਼ਿਤ ਕਰਨ ਤੋਂ ਬਾਅਦ ਪੁਲਸ ਲਾਈਨ ਹੈੱਡਕੁਆਰਟਰ ‘ਚ ਸ਼ਿਫਟ ਕਰ ਦਿੱਤਾ ਸੀ। ਸੁਰੱਖਿਆ ਲਈ ਪੁਲਿਸ ਲਾਈਨਜ਼ ਵਿਖੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।