Sat. Sep 30th, 2023


ਨਵੀਂ ਦਿੱਲੀ – ਸਿੱਖ ਸੰਘਰਸ਼ ਦੇ ਯੋਧੇ ਭਾਈ ਜਗਦੀਸ਼ ਸਿੰਘ ਜੀ ਭੂਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਭੈਣ ਜੀ ਨਾਲ ਕੀਤੀ ਗਲਬਾਤ ਰਾਹੀਂ ਇਸ ਗੱਲ ਦਾ ਪਤਾ ਲਗਦੇ ਹੀ ਬੁੜੈਲ ਜੇਲ੍ਹ ਅੰਦਰ ਸੋਗਮਈ ਲਹਿਰ ਫੈਲ ਗਈ । ਉਨ੍ਹਾਂ ਕਿਹਾ ਕਿ ਭਾਈ ਸਾਹਿਬ ਜੀ ਨੇ ਸਾਰਾ ਹੀ ਜੀਵਨ ਸੰਘਰਸ਼ ਦੇ ਲੇਖੇ ਲਾਇਆ ਤੇ ਅੰਤਿਮ ਸਮੇਂ ਤੱਕ ਸਿੱਖਾਂ ਦੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਬੇਅੰਤ ਹੀ ਸੇਵਾਵਾਂ ਕੀਤੀਆਂ । ਉਨ੍ਹਾਂ ਦਸਿਆ ਕਿ ਭਾਈ ਭੂਰਾ ਪੂਰੇ ਯੂਰਪ ਵਿੱਚ ਸਰਗਰਮੀ ਨਾਲ ਸੇਵਾ ਕਰਦੇ ਸਨ ਤੇ ਯੂਰਪੀਅਨ ਪਾਰਲੀਮੈਂਟ ਵਿੱਚ ਸਿੱਖ ਹੱਕਾਂ ਲਈ ਕੋਈ ਵੀ ਪ੍ਰੋਗਰਾਮ ਹੋਵੇ ਮੂਹਰੇ ਹੋ ਕੇ ਸਾਰੀ ਸੇਵਾ ਨਿਭਾਉਂਦੇ ਸਨ । ਇਹੋ ਜਿਹੇ ਮਹਾਨ ਸਿੱਖਾਂ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸ੍ਰੋਤ ਹੈ । ਅਜ ਦੀ ਨਵੀਂ ਪਨੀਰੀ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਸਾਰਾ ਜੀਵਨ ਕੌਮ ਦੇ ਆਜ਼ਾਦ ਘਰ ਦੀ ਪ੍ਰਾਪਤੀ ਵਾਸਤੇ ਸੰਘਰਸ਼ ਦੇ ਲੇਖੇ ਲਾਉਣ ਵਾਲੇ ਭਾਈ ਜਗਦੀਸ਼ ਸਿੰਘ ਜੀ ਭੂਰਾ ਦੀਆਂ ਸੇਵਾਵਾਂ ਨੂੰ ਜੇਲ੍ਹ ਅੰਦਰ ਬੰਦ ਸਮੂਹ ਖਾੜਕੂ ਸਿੰਘਾਂ ਵੱਲੋਂ ਕੇਸਰੀ ਪ੍ਰਣਾਮ ਕਰਦੇ ਹਾਂ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਕਿਰਪਾ ਕਰਨ ਤੇ ਵਿੱਛੜੀ ਹੋਈ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਪਾਵਨ ਚਰਨਾ ਵਿਖੇ ਨਿਵਾਸ ਬਖ਼ਸ਼ ਕੇ ਸਾਰੇ ਪਰਿਵਾਰ ਤੇ ਸਕੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ।
ਉਨ੍ਹਾਂ ਨੇ ਪੰਜਾਬ ਪੁਲਿਸ ਵਲੋਂ ਸਿੱਖਾਂ ਦੀ ਕੀਤੀ ਜਾ ਰਹੀ ਫੜੋ ਫੜਾਈ ਦੀ ਨਿੰਦਿਆਂ ਕਰਦੇ ਕਿਹਾ ਕਿ ਸਰਕਾਰ ਨੂੰ ਕਸੂਰਵਾਰ ਨੂੰ ਛੱਡ ਬੇਕਸੂਰਾਂ ਤੇ ਜ਼ੁਲਮ ਕਰਨ ਦੀ ਪੁਰਾਣੀ ਸਰਕਾਰਾਂ ਵਾਂਗ ਚਾਲਾਂ ਤੇ ਰੋਕ ਲਾਉਣੀ ਚਾਹੀਦੀ ਹੈ ਇਕ ਪਾਸੇ ਤੁਸੀਂ ਆਮ ਆਦਮੀ ਦੀ ਸਰਕਾਰ ਦਸਦੇ ਹੋ ਤੇ ਦੂਜੇ ਪਾਸੇ ਆਮ ਆਦਮੀ ਨੂੰ ਹੀ ਤੰਗ ਪ੍ਰੇਸ਼ਾਨ ਕਰ ਰਹੇ ਹੋ, ਮਾਹੌਲ ਖਰਾਬ ਕਰਨ ਵਾਲਿਆਂ ਨੂੰ ਪਨਾਹ ਦੇ ਰਹੇ ਹੋ ।
ਉਨ੍ਹਾਂ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਅਖਬਾਰਾਂ ਰਾਹੀਂ ਪਤਾ ਲਗਿਆ ਕਿ ਪੰਜਾਬ ਅੰਦਰ ਈਸਾਈ ਧਰਮ ਦੇ ਪੈਰੋਕਾਰ ਆਪਣੇ ਡੇਰੇ ਬਣਾਈ ਜਾ ਰਹੇ ਹਨ ਤੇ ਇਕ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਡੇਰਾ ਜਲੰਧਰ ਵਿਚ ਬਣ ਰਿਹਾ ਹੈ ਇਸ ਦੇ ਪਾਸਟਰ ਨੇ ਤਕਰੀਬਨ 12 ਲੱਖ ਗਰੀਬ ਸਿੱਖਾਂ ਨੂੰ ਇਸ ਰਾਹੀਂ ਆਪਣੇ ਜਕੇੜੇ ਵਿਚ ਲੈਣ ਦਾ ਟੀਚਾ ਰਖਿਆ ਹੈ । ਇਸ ਨੂੰ ਤੁਰੰਤ ਰੋਕਣਾ ਚਾਹੀਦਾ ਹੈ ਤੇ ਗਰੀਬ ਸਿੱਖ ਪਰਿਵਾਰਾਂ ਦੀ ਮਦਦ ਲਈ ਐਸ ਜੀ ਪੀ ਸੀ ਨੂੰ ਅੱਗੇ ਹੋ ਕੇ ਮਦਦ ਕਰਨ ਦੇ ਆਦੇਸ਼ ਜਾਰੀ ਕਰਨੇ ਚਾਹੀਦੇ ਹਨ । ਉਨ੍ਹਾਂ ਦੇਸ਼ ਦੇ ਵਿਗੜ ਰਹੇ ਮਾਹੌਲ ਬਾਰੇ ਕਿਹਾ ਕਿ ਬਹੁਗਿਣਤੀ ਵਲੋਂ ਇਸ ਸਮੇਂ ਘੱਟ ਗਿਣਤੀਆਂ ਨੂੰ ਆਪਣੇ ਕਲੇਵੇ ਵਿਚ ਲੈਣ ਲਈ ਹਰ ਚਾਲਾਂ ਖੇਡੀਆਂ ਜਾ ਰਹੀਆਂ ਹਨ ਤੇ ਓਹ ਇਸ ਵਿਚ ਕਾਮਯਾਬ ਵੀ ਹੋ ਰਹੇ ਹਨ । ਸਾਡੇ ਰਾਜਨੀਤਿਕ ਅਤੇ ਧਾਰਮਿਕ ਲੀਡਰਾਂ ਨੂੰ ਇਨ੍ਹਾਂ ਦੀਆਂ ਹਰ ਚਾਲਾਂ ਤੇ ਬਾਜ਼ ਅੱਖ ਰੱਖਣ ਦੀ ਸਖ਼ਤ ਲੋੜ ਹੈ ਕਿਉਂਕਿ ਜਿਸ ਹਿਸਾਬ ਨਾਲ ਇਹ ਲੋਕ ਅੱਗੇ ਵੱਧ ਰਹੇ ਹਨ ਸਿੱਖਾਂ ਦਾ ਨੰਬਰ ਵੀ ਲੱਗ ਸਕਦਾ ਹੈ ਇਸ ਲਈ ਆਪਣੀ ਸੁਰੱਖਿਆ ਪੱਖੋਂ ਅਵੇਸਲੇ ਨਾ ਰਹਿ ਕੇ, ਇੰਤਜਾਮ ਵਲ ਵੱਧ ਧਿਆਨ ਦੇਣ ਦੀ ਲੋੜ ਹੈ ।
ਅੰਤ ਵਿਚ ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਅੰਦਰ ਬੰਦ ਸਾਡੇ ਸਾਥੀ ਭਾਈ ਜਗਤਾਰ ਸਿੰਘ ਹਵਾਰਾ ਦੀ ਖਰਾਬ ਹੋਈ ਸਿਹਤ ਲਈ ਅਸੀ ਸਮੂਹ ਬੰਦੀ ਸਿੰਘ ਅਕਾਲ ਪੁਰਖ ਦੇ ਚਰਨਾਂ ਵਿਚ ਤੰਦੂਰਸਤੀ ਲਈ ਅਰਦਾਸ ਕਰਦੇ ਹਾਂ ।

 

Leave a Reply

Your email address will not be published. Required fields are marked *