ਨਵੀਂ ਦਿੱਲੀ- ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਸਾਹਮਣੇ ਆਉਣ ਨਾਲ ਮਨੁੱਖਤਾ ਲਈ ਪੈਦਾ ਹੋਏ ਗੰਭੀਰ ਸੰਕਟ ਨੂੰ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਪਾਨ ਤੇ ਸਿੰਘਾਪੁਰ ਦੀ ਮਦਦ ਨਾਲ ਗੁਰਦੁਆਰਾ ਬਾਲਾ ਸਾਹਿਬ ਵਿਚ ਗੁਰੂ ਹਰਿਕ੍ਰਿਸ਼ਨ ਹਸਪਤਾਲ ਵਿਚ 24 ਬੈਡਾਂ ਦੇ ਮੈਡੀਕਲ ਐਮਰਜੰਸੀ ਪੋਡ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਦੀ ਸ਼ੁਰੂਆਤ ਲਈ ਸਿੰਘ ਸਾਹਿਬ ਵੱਲੋਂ ਅੱਜ ਅਰਦਾਸ ਕੀਤੀ ਗਈ ਤੇ ਮੈਡੀਕਲ ਇਲਾਜ ਦੀ ਸਹੂਲਤ ਅਗਲੇ 15 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ।
ਅਰਦਾਸ ਕਰਨ ਮੌਕੇ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ, ਬੀਬੀ ਰਣਜੀਤ ਕੌਰ, ਵਿਕਰਮ ਸਿੰਘ ਰੋਹਿਣੀ ਤੇ ਹੋਰ ਮੈਂਬਰ ਮੈਂਬਰ ਹਾਜ਼ਰ ਸਨ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੁੰ ਵੇਖਦਿਆਂ ਲੋਕਾਂ ਵੱਲੋਂ ਦਿੱਲੀ ਕਮੇਟੀ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਵੇਂ ਪਹਿਲਾਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ 400 ਬੈਡਾਂ ਦਾ ਕੋਰੋਨਾ ਕੇਅਰ ਸੈਂਟਰ ਬਣਾਇਆ ਗਿਆ ਸੀ, ਉਸੇ ਤਰੀਕੇ ਹੁਣ ਵੀ ਲੋਕਾਂ ਦੇ ਇਲਾਜ ਤੇ ਬਚਾਅ ਲਈ ਪ੍ਰਬੰਧ ਕੀਤੇ ਜਾਣ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਹ 24 ਬੈਡਾਂ ਦੀ ਸਹੂਲਤ ਪਹਿਲੇ ਵਾਲੇ 125 ਬੈਡਾਂ ਨਾਲੋਂ ਵੱਖਰੀ ਹੋਵੇਗੀ। ਇਸ ਮੈਡੀਕਲ ਐਮਰਜੰਸੀ ਪੋਡ ਯਾਨੀ ਪੋਰਟੇਬਲ ਆਨ ਡਿਮਾਂਡ ਸਹੂਲਤ ਵਾਸਤੇ ਸਿੰਗਾਪੁਰ ਦੀ ਈਕੋ ਸਾਫਟ ਕੰਪਨੀ ਵੱਲੋਂ ਸਹਾਇਤਾ ਕੀਤੀ ਗਈ ਹੈ ਤੇ ਇਸ ਵਾਸਤੇ ਜਪਾਨ ਦੇ ਐਸ ਐਮ ਬੀ ਸੀ ਬੈਂਕ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 4 ਪੋਡਾਂ ਵਿਚੋਂ ਹਰੇਕ ਵਿਚ 6-6 ਬੈਡ ਹੋਣਗੇ ਜੋ ਆਈ ਸੀ ਯੂ ਬੈਡ ਹੋਣਗੇ ਤੇ ਇਥੇ ਅਤਿ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ।
ਉਹਨਾਂ ਕਿਹਾ ਕਿ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਲਹਿਰ ਜ਼ਿਆਦਾ ਖਤਰਨਾਕ ਨਾ ਹੋਵੇ ਪਰ ਅਸੀਂ ਤਿਆਰੀ ਕਰਨੀ ਸ਼ੁਰੂ ਕੀਤੀ ਹੈ ਤੇ ਲੋਕਾਂ ਦੀ ਵੀ ਮੰਗ ਹੈ ਕਿ ਜਿਵੇਂ ਪਹਿਲਾਂ ਗੁਰਦੁਆਰਾ ਰਕਾਬਗੰਜ ਗੰਜ ਸਾਹਿਬ ਦੇ ਅੰਦਰ 400 ਬੈਡਾਂ ਦੀ ਕੋਰੋਨਾ ਕੇਅਰ ਫੈਸੀਲਿਟੀ ਬਣਾਈ ਗਈ ਸੀ, ਉਸੇ ਤਰੀਕੇ ਹੁਣ ਵੀ ਇਲਾਜ ਦੇ ਪ੍ਰਬੰਧ ਕੀਤੇ ਜਾਣ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ 125 ਬੈਡਾਂ ਦਾ ਹਸਪਤਾਲ ਸ਼ੁਰੂ ਕੀਤਾ ਸੀ ਪਰ ਉਸ ਵੇਲੇ ਰਾਜਨੀਤੀ ਕਾਰਨ ਅਦਾਲਤ ਨੇ ਸ਼ੁਰੂਆਤ ’ਤੇ ਰੋਕ ਲਗਾ ਦਿੱਤੀ ਸੀ। ਉਹਨਾਂ ਕਿਹਾ ਕਿ ਹਰ ਵਾਰ ਹਸਪਤਾਲ ਦੇ ਨਾਂ ’ਤੇ ਰਾਜਨੀਤੀ ਹੋਈ ਹੈ ਤੇ ਆਸ ਕਰਦੇ ਹਾਂ ਕਿ ਐਤਕੀਂ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੇ ਇਲਾਜ ਵਾਸਤੇ ਇਹ ਕੰਮ ਸ਼ੁਰੂ ਕੀਤਾ ਤਾਂ ਜੋ ਲੋਕਾਂ ਦਾ ਇਲਾਜ ਕਰ ਸਕੀਏ। ਇਸ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਡਾ. ਹਰਮੀਤ ਸਿੰਘ ਰੇਹਾਨ, ਚੇਅਰਮੈਨ ਗੁਰਦੇਵ ਸਿੰਘ ਮਾਨਸਰੋਵਰ ਗਾਰਡਨ ਵੀ ਮੌਜੁਦ ਰਹੇ।