Fri. Sep 22nd, 2023


ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਸ਼ਮੀਰ ਦੀ ਸਿੱਖ ਲੜਕੀ ਮਨਮੀਤ ਕੌਰ ਤੇ ਉਸਦੇ ਪਤੀ ਸੁਖਪ੍ਰੀਤ ਸਿੰਘ ਨੂੰ ਕਮੇਟੀ ਵਿਚ ਨੌਕਰੀ ਦੇ ਦਿੱਤੀ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਿੱਖ ਬੱਚੀ ਮਨਮੀਤ ਕੌਰ ਨੂੰ ਬਤੌਰ ਕਲਰਕ ਕਮੇਟੀ ਵਿਚ ਨਿਯੁਕਤ ਕੀਤਾ ਗਿਆ ਹੈ ਜਦਕਿ ਉਸਦੇ ਪਤੀ ਸੁਖਪ੍ਰੀਤ ਸਿੰਘ ਨੂੰ ਜੇ ਈ ਏ ਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਦੋਵਾਂ ਦਾ ਪ੍ਰੋਬੇਸ਼ਨ ਪੀਰੀਅਡ ਇਕ ਸਾਲ ਦਾ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਜੋੜੇ ਦੀ ਰਿਹਾਇਸ਼ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚਲੇ ਸਟਾਫ ਕੁਆਰਟਰਾਂ ਵਿਚ ਹੋਵੇਗੀ। ਉਹਨਾਂ ਦੱਸਿਆ ਕਿ ਦੋਵੇਂ ਖੁਸ਼ੀ ਖੁਸ਼ੀ ਰਹਿ ਰਹੇ ਹਨ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਇਹ ਨੌਕਰੀਆਂ ਮਿਲਣ ਸਦਕਾ ਵਧੀਆ ਜੀਵਨ ਨਿਰਬਾਹ ਕਰ ਸਕਣਗੇ।
ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਅਸੀਂ ਸੰਗਤਾਂ ਵੱਲੋਂ ਸੌਂਪੀ ਸੇਵਾ ਅਨੁਸਾਰ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤੇ ਅੱਗੇ ਵੀ ਸੰਗਤਾਂ ਦੀ ਸੇਵਾ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਕਸ਼ਮੀਰੀ ਸਿੱਖਾਂ ਵਾਸਤੇ ਡੱਟਣਾ ਸਾਡਾ ਫਰਜ਼ ਸੀ ਕਿਉਂਕਿ ਅਸੀਂ ਸਿੱਖ ਕੌਮ ਵੱਲੋਂ ਬਖਸ਼ੀ ਸੇਵਾ ਅਨੁਸਾਰ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਨਾ ਪਹਿਲਾਂ ਪਿੱਛੇ ਹਟੇ ਹਾਂ ਤੇ ਨਾ ਹੀ ਅੱਗੇ ਹਟਾਂਗੇ। ਹਮੇਸ਼ਾ ਜਿਥੇ ਕਿਤੇ ਵੀ ਸਿੱਖ ਕੌਮ ਵਾਜ਼ ਮਾਰੇਗੀ, ਉਥੇ ਹੀ ਸਿੱਖਾਂ ਵਾਸਤੇ ਡੱਟ ਜਾਵਾਂਗੇ।
ਸ੍ਰੀ ਸਿਰਸਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਸਿੱਖ ਲੜਕੀ ਮਨਮੀਤ ਕੌਰ ਦਾ ਘਰ ਵੀ ਵਸ ਗਿਆ ਹੈ ਤੇ ਨੌਕਰੀ ਵੀ ਮਿਲ ਗਈ ਹੈ। ਉਹਨਾਂ ਕਿਹਾ ਕਿ ਆਪਣੀਆਂ ਧੀਆਂ ਦਾ ਖਿਆਲ ਰੱਖਣਾ ਸਾਡਾ ਸਭ ਦਾ ਫਰਜ਼ ਹੈ ਤੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਹੋਏ ਹਾਂ।
ਇਥੇ ਦੱਸਣਯੋਗ ਹੈ ਕਿ ਸਿੱਖ ਲੜਕੀ ਮਨਮੀਤ ਕੌਰ ਨੁੰ ਕਸ਼ਮੀਰ ਵਿਚ ਬੰਦੂਕ ਦੀ ਨੋਕ ‘ਤੇ ਅਗਵਾ ਕਰ ਕੇ ਜਬਰੀ ਧਰਮ ਪਰਿਵਰਤਨ ਕੀਤਾ ਗਿਆ ਸੀ। ਜਦੋਂ ਕਸ਼ਮੀਰੀ ਸਿੱਖਾਂ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਇਹ ਲੜਕੀ ਪਰਿਵਾਰ ਹਵਾਲੇ ਕਰ ਦਿੱਤੀ ਸੀ ਜਿਸਦਾ ਸੁਖਪ੍ਰੀਤ ਸਿੰਘ ਨਾਲ ਗੁਰ ਮਰਿਆਦਾ ਅਨੁਸਾਰ ਵਿਆਹ ਕਰ ਦਿੱਤਾ ਗਿਆ ਸੀ। ਫਿਰ ਇਸ ਲੜਕੀ ਤੇ ਉਸਦੇ ਪਤੀ ਨੂੰ ਸ੍ਰੀ ਸਿਰਸਾ ਸੁਰੱਖਿਅਤ ਦਿੱਲੀ ਲੈ ਆਏ ਸਨ।

 

Leave a Reply

Your email address will not be published. Required fields are marked *