ਅੰਮ੍ਰਿਤਸਰ- ਜੰਮੂ, ਕਸ਼ਮੀਰ ‘ਚ ਦੋ ਸਿੱਖ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਮੁਸਲਿਮ ਬਣਾਏ ਜਾਣ ਵਾਲੀ ਦੁਖਦਾਈ ਘਟਨਾ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਸ਼ਮੀਰ ਦੇ ਵਿਦਿਅਕ ਸਿਸਟਮ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਫਲ ਤੇ ਬੁਰੀ ਤਰਾਂ ਫੇਲ੍ਹ ਹੋਈ ਹੈ।ਇੱਕ ਸਿੱਖ ਕੁੜੀ ਦਾ ਮੁਸਲਿਮ ਲੜਕੇ ਨਾਲ ਵਿਆਹ ਵੀ ਕਰਵਾ ਉਸ ਨੂੰ ਲਾਪਤਾ ਕਰ ਦਿੱਤਾ ਗਿਆ ਹੈ । ਇਸ ਵੇਲੇ ਉਹ ਕਿੱਥੇ ਹੈ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਇੰਝ ਘੱਟ-ਗਿਣਤੀਆਂ ਦੀਆਂ ਕੁੜੀਆਂ ਨੂੰ ਅਗ਼ਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੀਆਂ ਘਟਨਾਵਾਂ ਪਾਕਿਸਤਾਨ `ਚ ਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਭਾਰਤੀ ਕਸ਼ਮੀਰ ਵਿੱਚ ਅਜਿਹੀ ਘਟਨਾ ਦਾ ਵਾਪਰਨਾ ਸਭ ਨੂੰ ਹੈਰਾਨ ਕਰਦਾ ਹੈ।ਉਨ੍ਹਾਂ ਕਿਹਾ ਜੰਮੂ-ਕਸ਼ਮੀਰ `ਚ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਇਸ ਮਹੀਨੇ ਦੀ 26 ਜੂਨ ਨੂੰ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੜਗਾਮ ਜ਼ਿਲ੍ਹੇ ਦੀ 18 ਸਾਲਾਂ ਸਿੱਖ ਕੁੜੀ ਨੂੰ ਜਬਰੀ ਮੁਸਲਿਮ ਬਣਾਇਆ ਗਿਆ ਹੈ ਅਤੇ ਉਸ ਨੂੰ ਵਡੇਰੀ ਉਮਰ ਦੇ ਆਦਮੀ ਨਾਲ ਜ਼ਬਰੀ ਵਿਆਹ ਦਿੱਤਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਤੋਂ ਇਸ ਮਾਮਲੇ `ਚ ਦਖਲ ਦੇਣ ਦੀ ਮੰਗ ਕੀਤੀ ਹੈ।
          ਅਗਵਾ ਦਾ ਦੂਜਾ ਮਾਮਲਾ ਸ੍ਰੀਨਗਰ ਦੇ ਮਹਿਜੂਰ ਨਗਰ ਦਾ ਹੈ, ਉਹ ਵੀ ਹਾਲੇ ਲਾਪਤਾ ਹੈ।ਬੜਗਾਮ ਸਥਿਤ ਸਿੱਖ ਆਗੂਆਂ ਨੇ ਇਸ ਸਾਰੀ ਘਟਨਾ ਬਾਰੇ ਦੱਸਿਆ ਹੈ, ਕਿ ਕੁੜੀ ਮਾਨਸਿਕ ਤੌਰ ਉੱਤੇ ਠੀਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਸਿੱਖ ਕੁੜੀ ਨੂੰ ਜ਼ਬਰਦਸਤੀ ਮੁਸਲਿਮ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਲਵ ਅਫ਼ੇਅਰ ਦਾ ਮਾਮਲਾ ਨਹੀਂ, ਸਗੋਂ ਸਿੱਧੇ ਤੌਰ ਉੱਤੇ ‘ਲਵ ਜੇਹਾਦ` ਹੈ । ਉਨ੍ਹਾਂ ਕਿਹਾ ਕਿ ਇਲਾਕੇ ਦੇ ਐੱਸਪੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ ਸੀ ਤੇ ਕਿਹਾ ਸੀ ਕਿ ਛੇਤੀ ਹੀ ਉਹ ਕੁੜੀ ਸਿੱਖ ਪਰਿਵਾਰ ਕੋਲ ਵਾਪਸ ਪਹੁੰਚਾ ਦਿੱਤੀ ਜਾਵੇਗੀ। ਇਹ ਵੀ ਜਾਣਕਾਰੀ ਮਿਲੀ ਕਿ ਲੜਕੀ ਦੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਕੋਵਿਡ ਪਾਬੰਦੀਆਂ ਦੇ ਨਾਂਅ ਹੇਠ ਅਦਾਲਤੀ ਸੁਣਵਾਈ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ।ਇੱਕ ਤਰਫੀ ਫੈਸਲੇ ਹੋ ਰਹੇ ਹਨ ਜੋ ਘੱਟ ਗਿਣਤੀਆਂ ਨਾਲ ਧੱਕਾ, ਬੇਇਨਸਾਫੀ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਪੀੜਤ ਪ੍ਰੀਵਾਰਾਂ ਨੂੰ ਤੁਰੰਤ ਇਨਸਾਫ ਦਿਵਾਵੇ।

Leave a Reply

Your email address will not be published. Required fields are marked *