ਅੰਮਿ੍ਰਤਸਰ – ਪੰਥਕ ਸੇਵਾ ਦਲ ਦੇ ਜਨਰਲ ਸਕੱਤਰ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਕੁਝ ਲੋਕ ਜੰਮੂ ਕਸ਼ਮੀਰ ਵਿੱਚ ਇੱਕ ਸਿੱਖ ਲੜਕੀ ਦੇ ਅਗਵਾ ਮਾਮਲੇ ਨੂੰ ਲੈ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਥੋ ਦੇ ਸਿੱਖਾਂ ਵਿੱਚ ਦੁਫੇੜ ਪਾ ਕੇ ਆਪਣਾ ਹਲਵਾ ਮੰਡਾ ਚਲਾਉਣ ਦੀ ਸਾਜ਼ਿਸ ਰਚ ਰਹੇ ਹਨ ਜੋ ਮੰਦਭਾਗਾ ਹੀ ਨਹੀ ਸਗੋ ਘਾਟੀ ਦੀ ਸਿੱਖਾਂ ਦੇ ਮਾਮਲਿਆ ਵਿੱਚ ਬੇਲੋੜੀ ਦਖਲਅੰਦਾਜੀ ਹੈ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।
        ਕਸ਼ਮੀਰ ਘਾਟੀ ਦੇ ਸਿੱਖ ਸਦੀਆ ਤੋ ਬਸ਼ਿੰਦੇ ਹਨ ਤੇ ਉਹਨਾਂ ਦੇ ਲੋਕਲ ਪੱਧਰ ਦੇ ਮੁਸਲਮਾਨਾਂ ਨਾਲ ਕਾਫੀ ਸੁਖਾਵੇਂ ਸਬੰਧ ਹਨ ਅਤੇ ਹਰ ਧਰਮ ਤੇ ਹਰ ਫਿਰਕੇ ਵਿੱਚ ਕੁਝ ਲੋਕ ਮਾੜੇ ਵੀ ਹੁੰਦੇ ਹਨ ਜਿਹੜੇ ਸਮੁਦਾਇ ਨੂੰ ਕਲੰਕਿਤ ਕਰਦੇ ਹਨ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਆਪ ਫੈਸਲਾ ਕਰਨਾ ਹੈ ਕਿ ਉਹ ਘਾਟੀ ਵਿੱਚ ਰਹਿਣਾ ਪਸੰਦ ਕਰਦੇ ਹਨ ਜਾਂ ਨਹੀ। ਉਹਨਾਂ ਕਿਹਾ ਕਿ ਇੱਕ ਸਿੱਖ ਲੜਕੀ ਨੂੰ ਅਗਵਾ ਕਰਕੇ ਜਿਸ ਤਰੀਕੇ ਨਾਲ ਬਦਤਮੀਜ਼ੀ ਕੁਝ ਸ਼ਰਾਰਤੀ ਲੋਕਾਂ ਨੇ ਕੀਤੀ ਹੈ ਉਹ ਅੱਤ ਨਿੰਦਣੀ ਹੈ ਪਰ ਸਾਡੇ ਕੁਝ ਸਿਆਸੀ ਆਗੂ ਉਥੇ ਜਾ ਕੇ ਮਾਮਲੇ ਨੂੰ ਬੇਲੋੜੀ ਤੁਲ ਦੇ ਕੇ ਸਿੱਖਾਂ ਤੇ ਮੁਸਲਮਾਨਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਸਿਆਸੀ ਰੋਟੀਆ ਸੇਕੀਆ ਜਾ ਸਕਣ। ਉਹਨਾਂ ਕਿਹਾ ਕਿ ਇੱਕ ਆਗੂ ਤੁਰੰਤ ਜਹਾਜ ਫੜ ਕੇ ਵਾਦੀ ਵਿੱਚ ਪਹੁੰਚ ਗਿਆ ਤੇ ਜਿਸ ਤਰੀਕੇ ਨਾਲ ਉਸ ਨੇ ਉਥੋ ਦੇ ਮੁਸਲਿਮ ਭਾਈਚਾਰੇ ਦੇ ਖਿਲਾਫ ਕਾਫੀ ਜ਼ਹਿਰੀਲਾ ਪਰਚਾਰ ਕੀਤਾ ਤੇ ਸਿੱਖਾਂ ਤੇ ਮੁਸਲਮਾਨਾਂ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ  ਕਿਹਾ ਕਿ ਇਸ ਆਗੂ ਦੇ ਕੁੜੱਤਣ ਭਰੇ ਬੋਲ ਹਾਲੇ ਵੀ ਵਾਦੀ ਵਿੱਚ ਗੂੰਜ ਹੀ ਰਹੇ ਹਨ ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰਾ ਸਕਤੇ ਵਿੱਚ ਹੈ। ਉਹਨਾਂ ਕਿਹਾ ਕਿ ਪਹਿਲੇ ਮਹਾਂਰਥੀ ਦੀ ਜ਼ੁਬਾਨ ਹਾਲੇ ਬੰਦ ਨਹੀ ਹੋਈ ਸੀ ਕਿ ਇੱਕ ਹੋਰ ਮਹਾਰਥੀ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਗਿਆ ਤੇ ਉਸ ਨੇ ਵੀ ਘੱਟ ਨਹੀ ਗੁਜਾਰੀ। ਉਸ ਨੇ ਵੀ ਸਿਆਸੀ ਰੋਟੀਆ ਸੇਕਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਉਹਨਾਂ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਸਿੱਖਾਂ ਨੇ ਕਿਸ ਤਰੀਕੇ ਨਾਲ ਵਿਚਰਨਾ ਹੈ ਉਸ ਬਾਰੇ ਕਸ਼ਮੀਰ ਦੇ ਸਿੱਖਾਂ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹਨਾਂ ਕੀ ਫੈਸਲਾ ਲੈਣਾ ਹੈ ਤੇ ਕਿਸੇ ਨੂੰ ਕਸ਼ਮੀਰ ਦੇ ਸਿੱਖਾਂ ਦੇ ਅੰਦਰੂਨੀ ਮਾਮਲਿਆ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਅਗਵਾ ਲੜਕੀ ਨੂੰ ਵਾਪਸ ਲਿਆਉਣਾ ਸ਼ਲਾਘਾਯੋਗ ਕਾਰਜ ਹੈ ਤੇ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਤੇ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਨੂੰ ਯਕੀਨੀ ਬਣਾਏ।

 

Leave a Reply

Your email address will not be published. Required fields are marked *