ਅੰਮਿ੍ਰਤਸਰ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਸ਼ਮੀਰ ਵਾਦੀ ਵਿੱਚ ਇਕ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਨਿਕਾਹ ਕਰਨ ਦੀ ਘਟਨਾ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਸਿੱਖ ਸਮਾਜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗਾ।
              ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਇਕ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜਬਰਨ ਨਿਕਾਹ ਕੀਤਾ ਗਿਆ ਹੈ ਜੋ ਸਮਾਜਿਕ ਕਦਰਾਂ ਕੀਮਤਾਂ ਦੇ ਵਿਪਰੀਤ ਹੈ। ਉਹਨਾਂ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਘਟਨਾ ਪਿੱਛੇ ਕੋਈ ਡੂੰਘੀ ਸਾਜਿਸ ਹੋ ਸਕਦੀ ਹੈ ਕਿਉਕਿ ਕਸ਼ਮੀਰ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੇ ਆਪਸੀ ਸਬੰਧ ਬਹੁਤੀ ਨਿੱਘੇ ਤੇ ਨੇੜਲੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਕਸ਼ਮੀਰ ਵਾਦੀ ਨੂੰ ਸੁੰਦਰ ਤੇ ਖੂਬਸੂਰਤ ਬਣਾਉਣ ਵਿੱਚ ਵੱਡਾ ਯੋਗਦਾਨ ਹੈ ਤੇ ਸਿੱਖ ਕਦੇ ਵੀ ਕਿਸੇ ਨਾਲ ਧੱਕਾ ਨਹੀ ਕਰਦੇ ਤੇ ਨਾ ਹੀ ਧੱਕਾ ਬਰਦਾਸ਼ਤ ਕਰਦੇ ਹਨ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਇੱਕ ਪਾਸੇ ਕਸ਼ਮੀਰ ਵਿੱਚ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਉਥੋ ਦੇ ਸਿਆਸੀ ਆਗੂਆਂ ਨਾਲ ਕੇਂਦਰ ਸਰਕਾਰ ਗੱਲਬਾਤ ਕਰ ਰਹੀ ਹੈ ਤੇ ਦੂਜੇ ਪਾਸੇ ਅਸੁਖਾਵਾਂਪਨ ਪੈਦਾ ਕਰਨ ਵਾਲੀਆ ਅਜਿਹੀਆ ਘਟਨਾਵਾਂ ਵਾਪਰ ਰਹੀਆ ਹਨ। ਉਹਨਾਂ ਕਸ਼ਮੀਰ ਪ੍ਰਸ਼ਾਸ਼ਨ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਤੋ ਦੋਸ਼ੀਆ ਵਿੱਚ ਲੋੜੀਦੀ ਕਾਰਵਾਈ ਕਰਕੇ ਸਿੱਖ ਭਾਈਚਾਰੇ ਨੂੰ ਇਨਸਾਫ ਦਿਵਾਉਣ। ਉਹਨਾਂ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਵੀ ਲਿਖਣ ਜਾ ਰਹੇ ਹਨ ਤਾਂ ਕਿ ਇਸ ਘਟਨਾ ਵਿੱਚ ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਭਵਿੱਖ ਵਿੱਚ ਕਿਸੇ ਅਜਿਹੀ ਘਟਨਾ ਨੂੰ ਵਾਪਰਨ ਤੋ ਰੋਕਣ ਲਈ ਸਖਤ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਸਿੱਖ ਕੌਮ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਹਮੇਸ਼ਾਂ ਹੀ ਧੀਆਂ ਭੈਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਦੀ ਹੈ। ਜਦੋਂ ਸਿੱਖ ਨੌਜਵਾਨਾਂ ਪਤਾ ਲੱਗਾ ਕਿ ਕਸ਼ਮੀਰ ਦੀਆ ਕੁਝ ਲੜਕੀਆ ਕਸ਼ਮੀਰ ਬੰਦ ਸਮੇਂ ਆਪਣੇ ਮਾਪਿਆਂ ਤੋਂ ਹਜਾਰਾਂ ਮੀਲ ਦੂਰ ਗੋਆ, ਪੂਣੇ ਤੇ ਬੰਬੇ ਵਿੱਚ ਫਸੀਆ ਹੋਈਆ ਹਨ ਤਾਂ ਸਿੱਖਾਂ ਨੇ ਆਪਣੀ ਜਿੰਮੇਵਾਰੀ ਸਮਝਦਿਆ ਉਹਨਾਂ ਧੀਆਂ ਨੂੰ ਹਵਾਈ ਟਿਕਟਾਂ ਲੈ ਕੇ ਘਰੋ ਘਰੋ ਪਹੁੰਚਾਇਆ। ਉਹਨਾਂ ਕਿਹਾ ਕਿ ਜੇਕਰ ਸਿੱਖ ਅਜਿਹੀ ਭਲਾਈ ਕਰਦੇ ਹਨ ਤੇ ਦੂਸਰੇ ਪਾਸੇ ਵੀ ਭਲਾਈ ਦੀ ਹੀ ਆਸ ਕਰਦੇ ਹਨ। ਇਸ ਵਾਪਰੀ ਘਟਨਾ ਨੇ ਸਿੱਖਾਂ ਦੇ ਹਿਰਦੇ ਵਲੁੰਧਰ ਦਿੱਤੇ ਹਨ ਤੇ ਕਸ਼ਮੀਰ ਦੇ ਧਾਰਮਿਕ, ਸਿਆਸੀ ਤੇ ਸਮਾਜਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਸਦਭਾਵਨਾ ਕਾਇਮ ਰੱਖਦੇ ਹੋਏ ਪੂਰੀ ਘਟਨਾ ਜਾਂਚ ਪੜਤਾਲ ਕਰਕੇ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ।

 

Leave a Reply

Your email address will not be published. Required fields are marked *