ਨਵੀਂ ਦਿੱਲੀ-  ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਵਿਰੋਧ ’ਚ ਕਾਨਪੁਰ ’ਚ ਸਿੱਖਾਂ ਦੇ ਕਤਲੇਆਮ ਹੋਏ ਸਨ, ਜਿਨ੍ਹਾਂ ਵਿੱਚ 127 ਲੋਕਾਂ ਦੀ ਮੌਤ ਹੋ ਗਈ ਸੀ, ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ 11 ਕੇਸਾਂ ਦੀ ਪੜਤਾਲ ਮੁਕੰਮਲ ਕਰ ਲਈ ਹੈ। ਕੀਤੀ ਗਈ ਪੜਤਾਲ ਵਿਚ 40 ਤੋਂ ਵੱਧ ਮੁਲਜ਼ਮ ਨਾਮਜਦ ਕੀਤੇ ਗਏ ਸਨ । ਇਸ ਮਾਮਲੇ ਵਿੱਚ ਸ਼ਹਿਰ ਦੇ 5 ਪੁਰਾਣੇ ਨਾਮੀ ਵਕੀਲ ਵੀ ਨਾਮਜ਼ਦ ਸਨ, ਜਿਨ੍ਹਾਂ ਦੀ ਸਿੱਖ ਕਤਲੇਆਮ ਵਿੱਚ ਭੂਮਿਕਾ ਮਿਲੀ ਹੈ ਜਿਸ ਬਾਰੇ ਐਸਆਈਟੀ ਕੋਲ ਲੋੜੀਂਦੇ ਸਬੂਤ ਉਪਲੱਬਧ ਹਨ। ਐਸਆਈਟੀ ਵਲੋਂ ਇਨ੍ਹਾਂ ਕੇਸਾਂ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਤੋਂ ਦੋ ਮਹੀਨੇ ਦੇ ਅੰਦਰ ਮੁਲਜ਼ਮਾਂ ਦੀ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ । ਮਾਮਲੇ ਦੀ ਜਾਂਚ ਅੰਦਰ ਢਿਲੀ ਕਾਰਵਾਈ ਨੂੰ ਦੇਖਦਿਆਂ ਫਰਵਰੀ 2019 ਵਿੱਚ ਸ਼ਾਸਨ ਨੇ ਇਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਤੇ ਨਾਲ ਹੀ ਕੋਤਵਾਲੀ ਵਿੱਚ ਐਸਆਈਟੀ ਥਾਣਾ ਵੀ ਬਣਾ ਦਿਤਾ ਗਿਆ।
ਜਿਨ੍ਹਾਂ 28 ਕੇਸਾਂ ਵਿੱਚ ਤਦ ਪੁਲਿਸ ਨੇ ਅੰਤਿਮ ਰਿਪੋਰਟ ਲਗਾ ਕੇ ਚਾਰਜਸ਼ੀਟ ਲਾਈ ਸੀ, ਉਨ੍ਹਾਂ ਵਿੱਚੋਂ ਐਸਆਈਟੀ ਨੇ 20 ਕੇਸਾਂ ਦੀ ਫਾਈਲ ਖੋਲ੍ਹੀ, ਜਿਨ੍ਹਾਂ ਵਿੱਚੋਂ 11 ਕੇਸਾਂ ਦੀ ਪੜਤਾਲ ਪੂਰੀ ਹੋ ਗਈ ਹੈ। ਦੋ ਕੇਸਾਂ ਵਿੱਚ ਸਭ ਤੋਂ ਵੱਧ 13-13 ਮੁਲਜ਼ਮ ਹਨ। ਕੁੱਲ ਮਿਲਾ ਕੇ ਇਨ੍ਹਾਂ ਸਾਰੇ ਕੇਸਾਂ ਵਿੱਚ 40 ਤੋਂ ਵੱਧ ਮੁਲਜ਼ਮ ਹਨ। ਪੰਜ ਮੁਲਜ਼ਮ ਅਜਿਹੇ ਹਨ, ਜੋ ਉਸ ਸਮੇਂ ਦੇ ਨਾਮੀ ਵਕੀਲ ਸਨ, ਜਿਨ੍ਹਾਂ ਦੇ ਤਤਕਾਲੀਨ ਸਰਕਾਰ ਦੇ ਨੇਤਾ, ਮੰਤਰੀਆਂ ਤੇ ਵਿਧਾਇਕਾਂ ਨਾਲ ਚੰਗੇ ਸਬੰਧ ਸਨ। ਇਨ੍ਹਾਂ ਦੀ ਭੂਮਿਕਾ ਕਤਲੇਆਮ ਵਿੱਚ ਮਿਲਣ ਕਰਕੇ ਉਨ੍ਹਾਂ ਦੇ ਨਾਮ ਤੇ ਪਤੇ ਵੀ ਸ਼ਨਾਖ਼ਤ ਕਰ ਲਏ ਗਏ ਹਨ। ਐਸਆਈਟੀ ਨੇ ਇਨ੍ਹਾਂ ਸਾਰਿਆਂ ਵਿਰੁੱਧ ਸਬੂਤ ਇਕੱਠੇ ਕਰ ਲਏ ਹਨ, ਸਿਰਫ਼ ਗ੍ਰਿਫ਼ਤਾਰੀ ਬਾਕੀ ਹੈ। ਸ਼ਾਸਨ ਤੋਂ ਮਨਜ਼ੂਰੀ ਮਿਲਣ ਬਾਅਦ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਮ ਜਨਤਕ ਕੀਤੇ ਜਾਣਗੇ ਅਤੇ ਗ੍ਰਿਫ਼ਤਾਰੀਆਂ ਸ਼ੁਰੂ ਹੋਣਗੀਆਂ।
ਜਿਕਰਯੋਗ ਹੈ ਕਿ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਦੰਗਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਸੀ। ਕੁਝ ਸਮਾਂ ਪਹਿਲਾਂ ਐਸਆਈਟੀ ਨੇ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈ ਕੇ ਕਮਿਸ਼ਨ ਕੋਲੋਂ ਰਿਪੋਰਟ ਲਈ ਸੀ, ਜਿਸ ਵਿੱਚ ਕਾਨਪੁਰ ’ਚ ਹੋਏ ਕਤਲੇਆਮ ਨਾਲ ਸਬੰਧਤ ਸਾਰੇ ਦਸਤਾਵੇਜ਼ ਮਿਲੇ, ਜੋ ਸਹੁੰ ਚੁੱਕ ਪੱਤਰ ਮਿਲੇ, ਉਨ੍ਹਾਂ ਵਿੱਚੋਂ ਮੁਲਜ਼ਮਾਂ ਅਤੇ ਗਵਾਹਾਂ ਦੇ ਨਾਮ ਪਤੇ, ਇੱਥੋਂ ਤੱਕ ਕਿ ਜਿਨ੍ਹਾਂ ਕੋਲ ਫੋਨ ਸੀ, ਉਨ੍ਹਾਂ ਦੇ ਨੰਬਰ ਵੀ ਉਸ ਵਿੱਚ ਦਰਜ ਸਨ। ਇਸ ਰਿਪੋਰਟ ਰਾਹੀਂ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਐਸਆਈਟੀ ਨੂੰ ਕਾਫ਼ੀ ਮਦਦ ਮਿਲੀ ਹੈ। ਕਾਨਪੁਰ, ਦਿੱਲੀ ਅਤੇ ਹੋਰ ਥਾਵਾਂ ਤੇ ਹੋਏ ਸਿੱਖ ਕਤਲੇਆਮ ਨੂੰ 37 ਸਾਲ ਦਾ ਸਮਾਂ ਬੀਤ ਚੁੱਕਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਮੁਲਜ਼ਮਾਂ ਦੀ ਐਸਆਈਟੀ ਨੇ ਨਿਸ਼ਾਨਦੇਹੀ ਕੀਤੀ ਹੈ, ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ, ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਦੀ ਉਮਰ 75 ਸਾਲ ਤੋਂ ਟੱਪ ਗਈ ਹੈ ਅਤੇ ਇੱਕ-ਦੋ ਮੁਲਜ਼ਮ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਇਸ ਲਈ ਐਸਆਈਟੀ ਇਸ ਤੱਥ ਨੂੰ ਸ਼ਾਸਨ ਦੇ ਸਾਹਮਣੇ ਰੱਖੇਗੀ ਜਿਸਤੇ ਸ਼ਾਸਨ ਫ਼ੈਸਲਾ ਕਰੇਗਾ ਕਿ ਬਿਮਾਰ ਅਤੇ ਉਮਰਦਰਾਜ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਵੇਗੀ ਜਾਂ ਨਹੀਂ। ਸ਼ਾਸਨ ਦੀ ਆਗਿਆ ਮਿਲਣ ਬਾਅਦ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *