ਨਵੀਂ ਦਿੱਲੀ – ਕਿਸਾਨਾਂ ’ਤੇ ਪੁਲਸ ਦੇ ਲਾਠੀਚਾਰਜ ਨੂੰ ਲੈ ਕੇ ਘਰੌਂਡਾ ਅਨਾਜ ਮੰਡੀ ’ਚ ਅਜ ਕੀਤੀ ਗਈ ਪੰਚਾਇਤ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨਾ ਨੇ ਹਾਜ਼ਿਰੀ ਭਰੀ । ਇਸ ਪੰਚਾਇਤ ਅੰਦਰ 23 ਕਿਸਾਨ ਆਗੂਆਂ ਨੇ ਭਾਸ਼ਣ ਦੌਰਾਨ ਆਪੋ-ਆਪਣੇ ਵਿਚਾਰ ਪੇਸ਼ ਕਰਦਿਆਂ ਇਨ੍ਹਾਂ ਨੇ ਪੁਲਿਸ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਅਤੇ ਸੰਯੁਕਤ ਰੂਪ ਨਾਲ ਮੰਗ ਕੀਤੀ ਕਿ ਐੱਸ.ਡੀ.ਐੱਮ. ਨੂੰ ਬਰਖ਼ਾਸਤ ਕਰ ਕੇ ਉਸ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਕਿਸਾਨਾਂ ਤੋਂ ਮੁਆਫ਼ੀ ਮੰਗਣ। ਮਹਾਪੰਚਾਇਤ ਦੌਰਾਨ ਬਸਤਾੜਾ ਟੋਲ ’ਤੇ ਸੱਟ ਲੱਗਣ ਤੋਂ ਬਾਅਦ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮਰੇ ਕਿਸਾਨ ਸੁਸ਼ੀਲ ਨੂੰ 2 ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ ਸੀ । ਜਿਕਰਯੋਗ ਹੈ ਕਿ ਸ਼ਨੀਵਾਰ ਨੂੰ ਹਰਿਆਣਾ ਪੁਲਸ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਕਰਨਾਲ ’ਚ ਬਸਤਾੜਾ ਟੋਲ ਪਲਾਜ਼ਾ ’ਤੇ ਲਾਠੀਚਾਰਜ ਕੀਤਾ ਸੀ। ਲਾਠੀਚਾਰਜ ’ਚ 36 ਤੋਂ ਵਧੇਰੇ ਕਿਸਾਨ ਜ਼ਖਮੀ ਹੋ ਗਏ ਸਨ ਜਿਸ ਉਪਰੰਤ ਹਰਿਆਣਾ ਪੁਲਿਸ ਵਲੋਂ 103 ਤੋਂ ਵੱਧ ਕਿਸਾਨਾਂ ਤੇ ਪਰਚਾ ਵੀ ਦਰਜ਼ ਕੀਤਾ ਹੈ ।
ਅਜ ਹੋਈ ਹਰਿਆਣਾ ਦੇ ਕਰਨਾਲ ਵਿਚ ਮਹਾਪੰਚਾਇਤ ਅੰਦਰ ਕਿਸਾਨ ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਤੇ ਨਾਲ ਹੀ ਤਿੰਨ ਮੰਗਾਂ ਰੱਖੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਤੋਂ ਬਾਅਦ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਦਾ ਮੁਆਵਜੇ ਦੇ ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ, ਜੋ ਕਿਸਾਨ ਜ਼ਖਮੀ ਹੋਏ ਹਨ, ਉਨ੍ਹਾਂ ਨੂੰ 2-2 ਲੱਖ ਦਾ ਮੁਆਵਜ਼ਾ ਮਿਲੇ। ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਲਈ ਦੋਸ਼ੀ ਅਫ਼ਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਲਈ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ 7 ਸਤੰਬਰ ਨੂੰ ਕਰਨਾਲ ’ਚ ਮਹਾਪੰਚਾਇਤ ਬੁਲਾਉਣਗੇ।
ਕਿਸਾਨ ਨੇਤਾ ਚਢੂਨੀ ਨੇ ਕਿਹਾ, ਸਰਕਾਰ ਨੂੰ ਸਾਡੀ ਚੁਣੌਤੀ ਸੁਣਨੀ ਚਾਹੀਦੀ ਹੈ। ਅਸੀਂ ਚੁੱਪ ਨਹੀਂ ਬੈਠਾਂਗੇ, ਅਸੀਂ ਦੁਬਾਰਾ ਵਿਰੋਧ ਕਰਾਂਗੇ । ਜੇਕਰ ਸੀਐਮ ਕਰਨਾਲ ਆਉਂਦੇ ਹਨ, ਤਾਂ ਉਹ ਪੂਰੇ ਜ਼ੋਰ ਨਾਲ ਵਿਰੋਧ ਕਰਨਗੇ। ਸਿਰਫ ਕਰਨਾਲ ਹੀ ਨਹੀਂ, ਪੂਰੇ ਰਾਜ ਵਿੱਚ ਵੀ ਅਜਿਹਾ ਹੀ ਕੀਤਾ ਜਾਵੇਗਾ। ਕਿਸਾਨ ਮੰਗਲਵਾਰ ਨੂੰ ਸ਼ਾਹਬਾਦ ਵਿੱਚ ਉਪ ਮੁੱਖ ਮੰਤਰੀ ਦਾ ਜ਼ੋਰਦਾਰ ਵਿਰੋਧ ਕਰਨਗੇ।