ਨਵੀਂ ਦਿੱਲੀ: ਦਿੱਲੀ ਦੇ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਅੱਜ ਆਦਿਵਾਸੀ ਲੋਕਾਂ ਦੇ ਜੰਗਲ ਜ਼ਮੀਨਾਂ ਨੂੰ ਬਚਾਉਣ ਲਈ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਆਦਿਵਾਸੀਆਂ ਦੇ ਨਾਇਕ ਬਿਰਸਾ ਮੁੰਡਾ ਨੂੰ ਉਸ ਦੇ ਜਨਮ ਦਿਨ ਮੌਕੇ ਯਾਦ ਕੀਤਾ ਗਿਆ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟਡ਼ਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ਼ ਹਕੂਮਤ ਵੱਲੋਂ ਆਦਿਵਾਸੀਆਂ ਦੇ ਜੰਗਲ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਸਨ। ਉਨ੍ਹਾਂ ਨੂੰ ਬਹੁਤ ਘੱਟ ਪੜ੍ਹੇ ਲਿਖੇ ਹੋਣ ਕਰਕੇ ਅਤੇ ਧਾਰਮਕ ਤੌਰ ਤੇ ਵੰਡੇ ਹੋਣ ਕਰ ਕੇ ਉਨ੍ਹਾਂ ਨੂੰ ਧਰਮ ਦੇ ਨਾਂ ਤੇ ਲੜਾਇਆ ਜਾ ਰਿਹਾ ਸੀ। ਬਿਰਸਾ ਮੁੰਡਾ ਨੇ ਆਦਿਵਾਸੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਲੜਨ ਤੋਂ ਰੋਕਣ ਦੀ ਸੇਧ ਦੇ ਕੇ ਉਨ੍ਹਾਂ ਦੀ ਖੇਤੀ ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਸੰਘਰਸ਼ ਵਿੱਚ ਉਹ ਲੋਕਾਂ ਦਾ ਮਹਾਂਨਾਇਕ ਹੋ ਕੇ ਉੱਭਰਿਆ। ਅਖ਼ੀਰ ਪੱਚੀ ਸਾਲ ਦੀ ਉਮਰ ਵਿੱਚ ਅੰਗਰੇਜ਼ ਹਕੂਮਤ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜ਼ਹਿਰ ਦੇ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਇੱਥੋਂ ਦੇ ਹਾਕਮ ਲਗਾਤਾਰ ਕਿਸਾਨਾਂ ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾ ਰਹੇ ਹਨ। ਸੁਪਰੀਮ ਕੋਰਟ ਨੇ ਇਸ ਤੇ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਕਿਸਾਨਾਂ ਸਿਰ ਨਹੀਂ ਆਉਂਦਾ ਕਿਉਂਕਿ ਸਿਰਫ 8% ਧੂੰਆਂ ਕਿਸਾਨਾਂ ਦੀ ਪਰਾਲੀ ਨਾਲ ਹੁੰਦਾ ਹੈ ਉਹ ਵੀ ਵੱਧ ਤੋਂ ਵੱਧ ਇਕ ਮਹੀਨੇ ਲਈ ਪਰ 92% ਦੀ ਜ਼ਿੰਮੇਵਾਰ ਸਰਮਾਏਦਾਰਾਂ ਦੀਆਂ ਫੈਕਟਰੀਆਂ ਹਨ ਜੋ ਕਿ ਸਾਰਾ ਸਾਲ ਹੀ ਦਿਨ-ਰਾਤ ਪ੍ਰਦੂਸ਼ਣ ਫੈਲਾਉਂਦੀਆਂ ਹਨ। ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਸਾਰਾ ਦੋਸ਼ ਕਿਸਾਨਾਂ ਤੇ ਲਾ ਰਹੇ ਹਨ ਅਤੇ ਆਮ ਲੋਕਾਂ ਵਿੱਚ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਸਾਰੇ ਧੂੰਏ ਦੇ ਦੋਸ਼ੀ ਕਿਸਾਨ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਝੋਨਾ ਬੀਜਣ ਲਈ ਮਜਬੂਰ ਕਰ ਰਹੀ ਹੈ ਕਿਉਂਕਿ 22 ਫਸਲਾਂ ਦੇ ਵਿੱਚੋਂ ਸਿਰਫ਼ 4 ਫ਼ਸਲਾਂ ਕਣਕ , ਝੋਨੇ, ਨਰਮੇ ਅਤੇ ਗੰਨੇ ਤੇ ਐੱਮਐੱਸਪੀ ਮਿਲਦਾ ਹੈ ਜੋ ਇਹ ਵੀ ਸਿਰਫ ਪੰਜਾਬ, ਹਰਿਆਣਾ ਜਾਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਤੱਕ ਹੀ ਲਾਗੂ ਹੈ। ਜੇਕਰ ਸਾਰੀਆਂ ਫ਼ਸਲਾਂ ਤੇ ਵੀ ਐੱਮਐੱਸਪੀ ਮਿਲੇ ਤਾਂ ਅਸੀਂ ਝੋਨਾ ਕਿਉਂ ਲਗਾਈਏ ਅਤੇ ਨਾ ਹੀ ਪਰਾਲੀ ਦੀ ਰਹਿੰਦ ਖੂੰਹਦ ਨੂੰ ਮਿੱਟੀ ਚ ਮਿਟਾਉਣ ਦੀ ਖਾਤਰ ਬਹੁ ਗਿਣਤੀ ਰਹਿ ਚੁੱਕੀ ਛੋਟੀ ਕਿਸਾਨੀ ਨੂੰ ਸਸਤੇ ਸੰਦ ਮੁਹੱਈਆ ਨਹੀਂ ਕਰਾਏ ਜਾ ਰਹੇ ਹਨ।
ਅਮਰੀਕ ਸਿੰਘ ਗੰਢੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ ਪੱਬਾਂ ਭਾਰ ਸੀ ਕਿਉਂਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਉਦੋਂ ਨੈਨੋ ਟਾਟਾ ਕੰਪਨੀ ਨੂੰ ਲਗਾਉਣ ਲਈ ਲੋਕਾਂ ਦੇ ਹਿੱਤਾਂ ਦੀ ਪਰਵਾਹ ਕੀਤੇ ਬਿਨਾਂ ਕਾਰਪੋਰੇਟ ਦਾ ਪੱਖ ਪੂਰਿਆ।
ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਨੋਟਬੰਦੀ ਕੀਤੀ ਅਤੇ ਫਿਰ ਜੰਮੂ ਕਸ਼ਮੀਰ ਦੀ ਧਾਰਾ 370 ਅਤੇ 35 ਏ ਤੋੜੀ ਅਤੇ ਕੋਰੋਨਾ ਕਾਲ ਦੌਰਾਨ ਲੇਬਰ ਕੋਡ ਵਿਚ ਸੋਧ ਕਰਕੇ ਚਾਰ ਨਵੇਂ ਲੇਬਰ ਕੋਡ ਲਿਆਂਦੇੇ। ਏਨੀ ਤੇਜ਼ੀ ਨਾਲ ਇਹ ਲੋਕ ਵਿਰੋਧੀ ਫ਼ੈਸਲੇ ਕੀਤੇ ਜਿਸ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਲਿਆਉਣ ਦੇ ਨਾਲ ਕਿਰਤੀ ਲੋਕਾਂ ਵਿੱਚ ਮੋਦੀ ਸਰਕਾਰ ਪ੍ਰਤੀ ਪਿਆ ਗੁੱਸਾ ਸੰਘਰਸ਼ ਦਾ ਰੂਪ ਧਾਰ ਗਿਆ ਅਤੇ ਡੇਢ ਸਾਲ ਤੋਂ ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਰਤੀ ਲੋਕ ਇਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਮੋਰਚੇ ਲਾਈ ਬੈਠੇ ਹਨ।
ਉਨ੍ਹਾਂ ਕਿਹਾ ਕਿ ਜਿਹੜਾ ਮੋਦੀ ਕੋਈ ਵੀ ਫ਼ੈਸਲਾ ਲੈਣ ਤੋਂ ਬਾਅਦ ਨਹੀਂ ਮੁੜਦਾ ਸੀ ਅੱਜ ਕਿਸਾਨ ਸੰਘਰਸ਼ ਸਦਕਾ ਉਸ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ ਅਤੇ ਆਪਣੇ ਸੰਘਰਸ਼ਾਂ ਵਿਚ ਹਰ ਚੰਗੇ ਪੱਖ ਤੋਂ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਭਾਜਪਾ ਵਿਚ ਅੰਦਰੂਨੀ ਫੁੱਟ ਕਰਕੇ ਖਾਤਮੇ ਵੱਲ ਨੂੰ ਵਧ ਰਹੀ ਹੈ।
ਅੱਜ ਸਟੇਜ ਸਕੱਤਰ ਦੀ ਭੂਮਿਕਾ ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਨਿਭਾਈ ਅਤੇ ਸਟੇਜ ਤੋਂ ਗੁਰਪ੍ਰੀਤ ਕੌਰ ਬਰਾਸ, ਉੱਤਮ ਸਿੰਘ ਮਾਨਸਾ, ਹਰਪ੍ਰੀਤ ਸਿੰਘ ਫ਼ਰੀਦਕੋਟ ਅਤੇ ਅਮਰਜੀਤ ਸਿੰਘ ਅਹਿਮਦਗਡ਼੍ਹ ਨੇ ਵੀ ਸੰਬੋਧਨ ਕੀਤਾ।