ਨਵੀਂ ਦਿੱਲੀ- ਹਰਿਆਣਾ ਦੀਆਂ 36 ਬਰਾਦਰੀਆਂ ਵੱਲੋਂ ਅੱਜ ਸੱਦੀ ਸੂਬੇ ਦੀ ਪਹਿਲੀ ਸਿੱਖ ਮਹਾਂਪੰਚਾਇਤ ਨੇ ਭਾਜਪਾ ਆਗੂ ਗੁਨੀ ਪ੍ਰਕਾਸ਼ ਵੱਲੋਂ ਸਿੱਖ ਭਾਈਚਾਰੇ ਖਾਸ ਤੌਰ ‘ਤੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਖਿਲਾਫ ਕੀਤੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪ੍ਰਸ਼ਾਸਨ ਨੁੰ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ ਐਤਵਾਰ 8 ਅਗਸਤ ਤੱਕ ਗੁਨੀ ਪ੍ਰਕਾਸ਼ ਖਿਲਾਫ ਕਾਰਵਾਈ ਨਾ ਕੀਤੀ ਤੇ ਕੇਸ ਦਰਜ ਨਾ ਕੀਤਾ ਤਾਂ ਫਿਰ ਸਮੁੱਚਾ ਸਿੱਖ ਸਮਾਜ ਸੜਕਾਂ ‘ਤੇ ਉਤਰੇਗਾ।
ਇਸ ਗੱਲ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਉਹਨਾਂ ਦੱਸਿਆ ਕਿ ਮਹਾਂਪੰਚਾਇਤ ਨੇ ਅੱਜ ਇਸ ਮਾਮਲੇ ‘ਤੇ 15 ਮੈਂਬਰੀ ਕਮੇਟੀ ਵੀ ਗਠਿਤ ਕਰ ਦਿੱਤੀ ਹੈ ਤੇ ਉਹਨਾਂ ਆਪ ਐਸ ਐਸ ਪੀ ਕੁਰੂਕਸ਼ੇਤਰ ਨਾਲ ਗੱਲਬਾਤ ਵੀ ਕੀਤੀ ਹੈ ਜਿਹਨਾਂ ਨੇ ਮਾਮਲੇ ਵਿਚ ਕਾਰਵਾਈ ਦਾ ਭਰੋਸਾ ਦੁਆਇਆ ਹੈ। ਉਹਨਾਂ ਕਿਹਾ ਕਿ ਉਹ ਡੀ ਜੀ ਪੀ ਨਾਲ ਵੀ ਇਸ ਮਾਮਲੇ ‘ ਤੇ ਗੱਲਬਾਤ ਕਰਨਗੇ।
ਇਸ ਦੌਰਾਨ ਉਹਨਾਂ ਕਿਹਾ ਹੈ ਕਿ ਅੱਜ ਕਿਸਾਨ ਅੰਦੋਲਨ ਵਿਚ 80 ਫੀਸਦੀ ਪੰਜਾਬ ਹੋਣ ਨੁੰ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਇਹੀ ਲੋਕ ਉਦੋਂ ਕਿਉਂ ਨਹੀਂ ਬੋਲਦੇ ਜਦੋਂ 1947 ਵਿਚ ਦੇਸ਼ ਦੀ ਆਜ਼ਾਦੀ ਵਾਸਤੇ ਸ਼ਹਾਦਤਾਂ ਦੇਣ ਵਾਲਿਆਂ ਵਿਚ ਵੀ 80 ਫੀਸਦੀ ਪੰਜਾਬੀ ਸ਼ਾਮਲ ਸਨ।
ਅੱਜ ਹਰਿਆਣਾ ਦੀਆਂ 36 ਬਰਾਦਰੀਆਂ ਵੱਲੋਂ ਸੱਦੀ ਪਹਿਲੀ ਸਿੱਖ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅੱਜ ਵੀ ਸਮੇਂ ਦੀਆਂ ਸਰਕਾਰਾਂ ਸਿੱਖ ਕੌਮ ਨੁੰ ਬਦਨਾਮ ਕਰਨ ‘ਤੇ ਤੁਲੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਕਿ ਸਿਰਫ ਸਿੱਖ ਅਜਿਹੀ ਇਕਲੌਤੀ ਕੌਮ ਹੈ ਜੋ ਅਨਿਆਂ ਦਾ ਡੱਟ ਕੇ ਮੁਕਾਬਲਾ ਕਰਦੀ ਹੈ ਤੇ ਕਦੇ ਵੀ ਪਿੱਛੇ ਨਹੀਂ ਹਟਦੀ। ਉਹਨਾਂ ਕਿਹਾ ਕਿ ਅੱਜ ਕਿਸਾਨ ਅੰਦੋਲਨ ਵਿਚ ਸਿਰਫ ਸਿੱਖ ਜਾਂ ਪੰਜਾਬੀ ਸ਼ਾਮਲ ਹੋਣ ਦੀ ਗੱਲ ਨੂੰ ਉਭਾਰ ਕੇ ਸਿੱਖਾਂ ਨੁੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਇਹ ਸਰਕਾਰਾਂ ਵੀ ਉਸੇ ਤਰੀਕੇ ਗੁਨੀ ਪ੍ਰਕਾਸ਼ ਦਾ ਬਚਾਅ ਕਰ ਰਹੀਆਂ ਹਨ ਜਿਵੇਂ ਸਮੇਂ ਦੀਆਂ ਕਾਂਗਰਸ ਸਰਕਾਰਾਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦਾ ਕਰਦੀਆਂ ਰਹੀਆਂ ਹਨ।
ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਗੁਨੀ ਪ੍ਰਕਾਸ਼ ਦੇ ਬਿਆਨਾਂ ਪਿੱਛੇ ਉਹ ਤਾਕਤਾਂ ਹਨ ਜੋ ਸਿੱਖਾਂ ਨੁੰ ਬਦਨਾਮ ਕਰਨਾ ਚਾਹੁੰਦੀਆਂ ਹਨ ਤੇ ਵੰਡਣੀਆਂ ਚਾਹੁੰਦੀਆਂ ਹਨ ਪਰ ਇਹ ਸਾਜ਼ਿਸ਼ ਕਿਸੇ ਵੀ ਹਾਲਤ ਵਿਚ ਸਫਲ ਨਹੀਂ ਹੋਣ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਤਹਿਤ ਸਿੱਖ ਏਕਤਾ ਦੀ ਬਦੌਲਤ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਲੱਖਾ ਸਧਾਣਾ ਵਰਗੇ ਇਕ
ਸਿੱਖ ‘ਤੇ ਗ੍ਰਿਫ਼ਤਾਰੀ ਲਈ ਇਨਾਮ ਰੱਖਿਆ ਹੋਵੇ ਪਰ ਉਸ ਨੂੰ ਪਹਿਲਾਂ ਹੀ ਪੇਸ਼ਗੀ ਜਮਾਨਤ ਮਿਲ ਜਾਵੇ। ਉਨਾਂ ਕਿਹਾ ਕਿ ਇਸੇ ੇ ਕਿਸਾਨ ਅੰਦੋਲਨ ਦੇ ਸਬੰਧ ਵਿਚ 150 ਅਜਿਹੇ ਸਿੱਖਾਂ ਤੇ ਪੰਜਾਬੀਆਂ ਨੂੰ ਪੇਸ਼ਗੀ ਜਮਾਨਤ ਮਿਲੀ, ਜਿਨਾਂ ਨੂੰ ਪੁਲਸ ਨੇ ਕਿਸਾਨ ਅੰਦੋਲਨ ਦੇ ਸਬੰਧ ਵਿਚ ਤਲਬ ਕੀਤਾ ਹੋਇਆ ਸੀ। ਉਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਇਹ ਜਮਾਨਤਾਂ ਤਾਂ ਹੀ ਸੰਭਵ ਹੋਈਆਂ ਹਨ ਜਦੋਂ ਇਹ ਲੋਕ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਪੁੱਜੇ ਸਨ। ਉਨਾਂ ਕਿਹਾ ਕਿ ਜਿਹੜਾ ਵੀ ਪੰਜਾਬੀ ਗੁਰੂ ਸਾਹਿਬ ਦੀ ਸ਼ਰਨ ਵਿਚ ਆਇਆ, ਉਸ ਦੀ ਹਮੇਸ਼ਾ ਜਿੱਤ ਹੋਈ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਦੀ ਕ੍ਰਿਪਾ ਹੈ ਕਿ ਕਿਸਾਨ ਅੰਦੋਲਨ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜਾਬੀ ਇਸ ਵੇਲੇ ਜੇਲ ਤੋਂ ਬਾਹਰ ਹਨ ਜਦੋਂ ਕਿ ਦੋ ਸਾਲ ਪਹਿਲਾਂ ਬਣਾਏ ਸੀ. ਏ. ਏ. ਕਾਨੂੰਨ ਦੇ ਸਬੰਧ ਵਿਚ ਗ੍ਰਿਫ਼ਤਾਰ ਲੋਕ ਅਜੇ ਵੀ ਜੇਲ ਅੰਦਰ ਬੰਦ ਹਨ।
ਸ਼੍ਰੀ ਸਿਰਸਾ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਪੰਥਕ ਏਕੇ ਦੇ ਹਮਾਇਤੀ ਹਾਂ ਤੇ ਚਾਹੁੰਦੇ ਹਾਂ ਕਿ ਕੌਮ ਦੀ ਚੜਦੀਕਲਾ ਲਈ ਅਸੀਂ ਸਾਰੇ ਇਕਜੁਟ ਹੋ ਕੇ ਆਪਸੀ ਮਤਭੇਦ ਭੁਲਾ ਕੇ ਕੰਮ ਕਰੀਏ, ਜਿਸ ਤਰੀਕੇ ਜਿੱਤ ਦਿੱਲੀ
ਗੁਰਦੁਆਰਾ ਕਮੇਟੀ ਨੂੰ ਕਿਸਾਨਾਂ ਦੇ ਮਾਮਲੇ ਵਿਚ ਮਿਲੀ ਹੈ, ੳ ਸੇ ਤਰਾਂ ਦੀ ਜਿੱਤ ਹਰ ਮਾਮਲੇ ਵਿਚ ਹੋਵੇ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿਥੇ ਦਿੱਲੀ ਗੁਰਦੁਆਰਾ ਕਮੇਟੀ ਦਾ ਨਾਮ ਆ ਜਾਂਦਾ ਹੈ, ਉਥੇ ਉਸ ਲਈ ਕੌਮ ਲਈ ਕੰਮ ਕਰਨਾ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਤੇ ਪਿਛਲੇ ਸਮੇਂ ਵਿਚ ਸੰਗਤ ਦੀ ਕ੍ਰਿਪਾ ਨਾਲ ਮਿਲੀ ਸਫਲਤਾ ਇਸੇ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਖਾਂ ਨੂੰ ਆਪਸ ਵਿਚ ਪਾੜਨ ਲਈ ਸਰਕਾਰਾਂ ਤੇ ਏਜੰਸੀਆਂ ਵਲੋਂ ਯਤਨ ਕੀਤੇ ਗਏ। ਇਸ ਤੋਂ ਪਹਿਲਾਂ ਵੀ ਗੁਰੂ ਘਰਾਂ ਦੀ
ਗੋਲਕ ਦੀ ਮਾਇਆ ਦੀ ਦੁਰਵਰਤੋਂ ਹੋਣ ਅਤੇ ਗੁਰੂ ਗ੍ਰੰਥ ਜੀ ਬਾਰੇ ਭਰਮ ਭੁਲੇਖੇ ਪੈਦਾ ਕਰਕੇ ਕੌਮ ਦੋਫਾੜ ਕਰਨ ਦੇ ਅਸਫਲ ਯਤਨ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਵਾਰ ਵੀ ਇਹ ਯਤਨ ਮੁੱਦੇ ਮੂੰਹ ਡਿੱਗਣਗੇ।
ਸਰਦਾਰ ਸਿਰਸਾ ਨੇ ਇਹ ਵੀ ਦੱਸਿਆ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਇਸ ਮਾਮਲੇ ‘ਤੇ ਗੱਲਬਾਤ ਹੋਈ ਤੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਨੇ ਵੀ ਭਰੋਸਾ ਦੁਆਇਆ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਤਾਂ ਫਿਰ ਅਕਾਲੀ ਦਲ ਵੀ ਸਥਾਨਕ ਲੋਕਾਂ ਨਾਲ ਡੱਟ ਕੇ ਸੰਘਰਸ਼ ਕਰੇਗਾ।
ਇਸ ਮੌਕੇ ਜਗਦੀਪ ਸਿੰਘ ਕਾਹਲੋਂ ਚੇਅਰਮੈਨ, ਸਰਬਜੀਤ ਸਿੰਘ ਵਿਰਕ, ਦਲਜੀਤ ਸਿੰਘ ਸਰਨਾ, ਹਰਜੀਤ ਸਿੰਘ ਪੱਪਾ, ਸਤਿੰਦਰਪਾਲ ਸਿੰਘ ਨਾਗੀ ਤੇ ਜਸਪ੍ਰੀਤ ਸਿੰਘ ਕਰਮਸਰ , ਨਿਸ਼ਾਨ ਸਿੰਘ ਮਾਨ ਤੇ ਰਮੀਤ ਸਿੰਘ ਚੱਢਾ ਵੀ ਹਾਜ਼ਰ ਸਨ।