ਅੰਮ੍ਰਿਤਸਰ- ਸਰਬ ਖਾਪ ਪੰਚਾਇਤ ਦੇ ਰਾਸ਼ਟਰੀ ਸੰਯੋਜਕ ਟੇਕ ਰਾਮ ਕੰਡੇਲਾ ਨੇ ਕਿਹਾ ਹੈ ਕਿ ਕਿਸਾਨ ਸੰਘਰਸ਼ ਨਾਲ ਪੰਜਾਬ ਤੇ ਹਰਿਆਣਾ ਵਿਚ ਸਿਆਸਤਦਾਨਾਂ ਵਲੋਂ ਪਾਈ ਕੁੜੱਤਣ ਘਟ ਹੋਈ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਚੌਧਰੀ ਕੰਡੇਲਾ ਨੇ ਕਿਹਾ ਕਿ ਕਿਸਾਨ ਸ਼ੰਘਰਸ਼ ਪੂਰੇ ਅਨੁਸ਼ਾਸ਼ਨ ਚ ਚਲਿਆ ਤੇ ਇਸ ਨੇ ਦੁਨੀਆ ਭਰ ਲਈ ਇਕ ਮਿਸਾਲ ਪੈਦਾ ਕੀਤੀ। ਇਸ ਨਾਲ ਪੂਰੇ ਭਾਰਤ ਦੇ ਕਿਸਾਨਾਂ ਵਿਚ ਭਾਈਚਾਰਕ ਸਾਂਝ ਵਧੀ। ਕਿਸਾਨ ਸ਼ੰਘਰਸ ਦੀ ਸਫਲਤਾ ਨੇ ਪੰਜਾਬ ਤੇ ਹਰਿਆਣਾ ਵਿਚਕਾਰ ਰਾਜਨੀਤਿਕਾਂ ਵਲੋਂ ਪੈਦਾ ਕੀਤੇ ਫਜ਼ੂਲ ਮਸਲਿਆਂ ਦਾ ਵੀ ਹਲ ਨਿਕਲੇਗਾ। ਪੰਜਾਬ ਨਾਲ ਪਾਣੀ ਦੇ ਮਸਲੇ ਵੀ ਖਾਪ ਪੰਚਾਇਤਾਂ ਹੀ ਹਲ ਕਰਨਗੀਆਂ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਜਪਾਈ ਆਗੂਆਂ ਦੇ ਬਿਆਨਾਂ ਨੂੰ ਝੁਠਲਾਇਆ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਸਨ। ਚੌਧਰੀ ਕੰਡੇਲਾ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਦਾ ਕਿਸਾਨਾਂ ਨੂੰ ਨਹੀਂ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੂੰ ਹੀ ਲਾਭ ਮਿਲਣਾ ਸੀ। ਚੌਧਰੀ ਕੰਡੇਲਾ ਨੇ ਕਿਹਾ ਕਿ ਦੇਸ਼ ਦੇ ਗੋਦੀ ਮੀਡੀਆ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਹੋਛੇ ਹੱਥ ਕੰਡੇ ਅਪਣਾਏ। ਕਿਸਾਨ ਸ਼ੰਘਰਸ਼ ਨੂੰ ਖਾਲਿਸਤਾਨੀ ਤੇ ਦੇਸ਼ ਵਿਰੋਧੀ ਦਸਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਹ ਅੰਦੋਲਨ ਬਹੁਤ ਪਹਿਲਾਂ ਖਤਮ ਹੋ ਜਾਣਾ ਸੀ ਜੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਿਸਾਨਾਂ ਨਾਲ ਗੱਲਬਾਤ ਕਰਦੇ। ਉਹਨਾਂ ਕਿਹਾ ਕਿ ਇਸ ਅੰਦੋਲਨ ਵਿਚ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਸਾਡਾ ਬਹੁਤ ਸਾਥ ਦਿੱਤਾ। ਸਾਨੂੰ ਲੰਗਰ ਤੇ ਹਰ ਜਰੂਰਤ ਦੀ ਚੀਜ਼ ਮੁਹਈਆ ਕਾਰਵਾਈ ਜਿਸ ਲਈ ਅਸੀਂ ਗੁਰੂ ਘਰਾਂ ਦੇ ਧਨਵਾਦੀ ਹਾਂ।