ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਜਾਰੀ ਹੈ। ਕਿਸਾਨ ਸੰਘਰਸ਼ ਇਤਿਹਾਸ ਰਚ ਰਿਹਾ ਹੈ, ਇਤਿਹਾਸ ਸਿਰਜ ਰਿਹਾ ਹੈ, ਇਤਿਹਾਸ ਬਣਾ ਰਿਹਾ ਹੈ। ਕਿਸਾਨ ਸੰਘਰਸ਼ ਲੋਕ ਮਨਾਂ ਵਿੱਚ ਵਸ ਗਿਆ ਹੈ, ਜਨ ਅੰਦੋਲਨ ਬਣ ਗਿਆ ਹੈ। ਲੋਕ ਮਨਾਂ ਵਿੱਚ ਨਵੀਆਂ ਆਸਾਂ, ਇੱਛਾਵਾਂ, ਉਮੰਗਾਂ, ਤਰੰਗਾਂ, ਜਜ਼ਬੇ, ਜਜ਼ਬਾਤ ਪੈਦਾ ਕਰ ਰਿਹਾ ਹੈ।ਅਵਾਮ ਦੇ ਵੱਡੇ ਹਿੱਸੇ ਦੇ ਦਿਲਾਂ ਵਿੱਚ ਇਹ ਕਿਸਾਨ ਅੰਦੋਲਨ ਘਰ ਕਰ ਗਿਆ ਹੈ।ਵੱਡੀ ਗਿਣਤੀ ਕਿਸਾਨਾਂ ਤੇ ਹੋਰ ਤਬਕਿਆਂ ਦੇ ਜਿਓਣ ਮਰਨ ਦਾ ਸਵਾਲ ਬਣ ਗਿਆ ਹੈ ਇਹ ਅੰਦੋਲਨ…! ਜਿਹੜੇ ਲੋਕ ਸਰੀਰਕ ਰੂਪ ਵਿੱਚ ਨਹੀਂ ਵੀ ਸ਼ਾਮਲ ਉਹ ਵੀ ਮਾਨਸਿਕ ਰੂਪ ਵਿੱਚ ਇਸ ਅੰਦੋਲਨ ਨਾਲ ਜੁਡ਼ੇ ਹੋਏ ਹਨ। ਬਹੁਤ ਲੋਕ ਹਨ ਜੋ ਦਿੱਲੀ ਦੇ ਬਾਡਰਾਂ ਤੇ ਜਾ ਕੇ ਆਪਣੀ ਹਾਜ਼ਰੀ ਲਵਾ ਆਏ ਹਨ ਪਰ ਜੋ ਮਜਬੂਰੀਆਂ ਕਾਰਨ ਉਥੇ ਨਹੀਂ ਗਏ ਉਹ ਸੁਪਨਿਆਂ ਵਿੱਚ ਉਥੇ ਜਾ ਜਾ ਆਉਂਦੇ ਹਨ। ਅਖਬਾਰਾਂ, ਸੋਸ਼ਲ ਮੀਡੀਆ ਰਾਹੀਂ ਅਤੇ ਉਥੇ ਜਾ ਕੇ ਆਏ ਸਾਥੀਆਂ ਤੋਂ ਜਾਣਕਾਰੀਆਂ ਪ੍ਰਾਪਤ ਕਰੀਂ ਜਾਂਦੇ ਹਨ।
ਮੈਂ ਇਸ ਤੋਂ ਪਹਿਲਾਂ ਪੰਜ ਛੇ ਵਾਰੀਂ ਜਾ ਕੇ ਇਸ ਘੋਲ਼ ਦਾ ਹਿੱਸਾ ਬਣ ਆਇਆ ਹਾਂ। ਪਹਿਲੀ ਵਾਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਥੇ ਨਾਲ ਡਾ.ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਸੰਯੁਕਤ ਮੋਰਚੇ ਨੂੰ ਆਰਥਿਕ ਸਹਾਇਤਾ ਦੇ ਕੇ ਆਏ।ਦੂਜੀ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ “ਨਵਾਂ ਸਾਲ ਕਿਸਾਨਾਂ ਨਾਲ” ਮਨਾ ਕੇ ਆਏ।ਇਕ ਵਾਰ ਲੋਕ ਮੋਰਚਾ ਪੰਜਾਬ ਦੀ ਟੀਮ ਨਾਲ ਟਿਕਰੀ ਬਾਡਰ ਤੇ ਹਾਜ਼ਰੀ ਲਗਵਾਈ।21ਮਾਰਚ 2021 ਨੂੰ ਮੇਰੇ ਲਿਖੇ ਨਾਟਕ “ਸਿਕੰਦਰ ਦਾ ਘੋੜਾ” ਦਾ ਸਿੰਘੂ ਬਾਰਡਰ ਤੇ ਮੰਚਨ ਕੀਤਾ, ਜਿਸ ਦਾ ਨਿਰਦੇਸ਼ਨ ਕੀਰਤੀ ਕਿਰਪਾਲ ਨੇ ਦਿੱਤਾ ਸੀ।ਇਸ ਨਾਟਕ ਵਿੱਚ ਮੇਰੀਆਂ ਪੋਤੀਆਂ ਨੂਰ ਤੇ ਜੀਵਨ ਨੇ ਮੇਨ ਰੋਲ ਕੀਤੇ ਸਨ।ਇਕ ਵਾਰ ਟਿਕਰੀ ਬਾਡਰ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਰੱਖੀ ਕਨਵੈਨਸ਼ਨ ਵਿੱਚ ਬੁਲਾਰੇ ਵਜੋਂ ਭਾਗ ਲਿਆ।
ਉਸ ਕਨਵੈਨਸ਼ਨ ਵਿੱਚ ਭਾਗ ਲੈਣ ਲਈ ਅਸੀਂ ਜਥੇ ਦੇ ਰੂਪ ਵਿੱਚ ਸ਼ਾਮਲ ਹੋਏ ਸਾਂ। ਬਠਿੰਡਾ ਤੋਂ ਮੇਰੇ ਸਾਥੀ ਦਿਲਬਾਗ ਸਿੰਘ, ਅੰਮ੍ਰਿਤ ਬੰਗੇ, ਭੋਲਾ ਸਿੰਘ ਨਰੂਆਣਾ ਸਨ। ਚੰਡੀਗੜ੍ਹ ਤੋਂ ਸੁਖਦੇਵ ਸਿੰਘ ਸਿਰਸਾ ਤੇ ਸਾਥੀ, ਪਟਿਆਲੇ ਤੋਂ ਕੁਲਦੀਪ ਦੀਪ ਤੇ ਸਾਥੀ ਅਤੇ ਸਤਪਾਲ ਭੀਖੀ ਦਾ ਪਰਿਵਾਰ। ਲੁਧਿਆਣੇ ਤੋਂ ਗੁਲਜ਼ਾਰ ਪੰਧੇਰ ਤੇ ਜਸਵੀਰ ਝੱਜ ਤੇ ਸਾਥੀ ਸਨ। ਫਗਵਾੜੇ ਤੋਂ ਸੁਰਜੀਤ ਜੱਜ ਅਤੇ ਅੰਮ੍ਰਿਤਸਰ ਤੋਂ ਰਮੇਸ਼ ਯਾਦਵ ਤੇ ਉਸ ਦੇ ਸਾਥੀਆਂ ਨੇ ਸ਼ਿਰਕਤ ਕੀਤੀ ਸੀ। ਲੇਖਕਾਂ ਦੇ ਕਾਫਲੇ ਨੇ ਗਾਜੀਪੁਰ ਬਾਰਡਰ ਤੇ ਚੌਧਰੀ ਰਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ ਅਤੇ ਕਵੀ ਦਰਬਾਰ ਕੀਤਾ।ਸਿਘੂ ਬਾਰਡਰ ਉਪਰ ਅਸੀਂ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਮਿਲ ਕੇ ਯੱਕਯਹਿਤੀ ਪ੍ਰਗਟ ਕੀਤੀ। ਅਗਲੇ ਦਿਨ ਵਰ੍ਹਦੇ ਮੀਂਹ ਵਿੱਚ ਟਿਕਰੀ ਬਾਡਰ ਦੀ ਪਕੋੜਾ ਚੌਕ ਵਾਲੀ ਸਟੇਜ ਤੇ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ ਤੇ ਲੇਖਕਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ। ਮੀਂਹ ਵੀ ਪੂਰੀ ਤੇਜ਼ ਗਤੀ ਨਾਲ ਵਰ੍ਹਦਾ ਰਿਹਾ ਸੀ ਤੇ ਸਟੇਜ ਦਾ ਪ੍ਰੋਗਰਾਮ ਵੀ ਨਿਰਵਿਘਨ ਜਾਰੀ ਰਿਹਾ।ਪੰਡਾਲ ਵਿੱਚ ਸਰੋਤੇ ਢਾਈ ਤਿੰਨ ਘੰਟੇ ਖੜ੍ਹੀ ਲੱਤ ਖੜ੍ਹੇ ਰਹੇ। ਜੇਕਰ ਕੋਈ ਥੱਕ ਜਾਂਦਾ ਤਾਂ ਵਲੰਟੀਅਰ ਭੱਜ ਕੇ ਨੇੜੇ ਹੀ ਪਏ ਇੱਟਾਂ ਦੇ ਚੱਠੇ ਵਿੱਚੋਂ ਇੱਕ ਇੱਟ ਚੱਕ ਕੇ ਲਿਆ ਦਿੰਦੇ। ਮਾਈਆਂ ਬੀਬੀਆਂ ਤੇ ਬਜ਼ੁਰਗ ਬਾਬੇ ਪਾਣੀ ਵਿੱਚ ਹੀ ਇੱਟ ਧਰ ਕੇ ਬੈਠ ਜਾਂਦੇ। ਲੋਕਾਂ ਦਾ ਲੜਨ ਤੇ ਆਪਣੀ ਆਗੂਆਂ ਨੂੰ ਸੁਣਨ ਦਾ ਜਜ਼ਬਾ ਲਾਮਿਸਾਲ ਸੀ।
ਇਸੇ ਤਰ੍ਹਾਂ ਹੀ ਲਾਮਿਸਾਲ ਸਿੱਧ ਹੋ ਰਿਹਾ ਹੈ ਕਿਸਾਨ ਆਗੂਆਂ ਦਾ ਕਿਸਾਨ ਸੰਸਦ ਲਾਉਣ ਦਾ ਫੈਸਲਾ। ਸੰਯੁਕਤ ਮੋਰਚੇ ਦੇ ਫੈਸਲੇ ਮੁਤਾਬਿਕ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਸਮਾਨੰਤਰ ਕਿਸਾਨ ਸੰਸਦ ਚਲਾਈ ਜਾ ਰਹੀ ਹੈ। ਕਿਸਾਨ ਘੋਲ਼ ਦੀ ਸਫਲਤਾ ਲਈ ਜਿਹੜਾ ਜ਼ਬਰਦਸਤ ਅਸਰ ਟਰੈਕਟਰ ਪਰੇਡ ਨੇ ਪਾਉਂਣਾ ਸੀ ਉਹੋ ਜਿਹਾ ਪ੍ਰਭਾਵ ਕਿਸਾਨ ਸੰਸਦ ਸੰਸਾਰ ਪੱਧਰ ਤੇ ਪਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸੂਝ ਬੂਝ, ਜਥੇਬੰਦਕ ਯੋਗਤਾ ਅਤੇ ਲੜਨ ਦੀ ਲਗਨ ਸੰਸਾਰ ਪੱਧਰ ਤੇ ਲੋਹਾ ਮਨਵਾ ਰਹੀ ਹੈ। ਕਿਸਾਨਾਂ ਦੀ ਸੰਸਦ ਦੁਨੀਆਂ ਦੇ ਇਤਿਹਾਸ ਵਿਚ ਇਕ ਵੱਖਰੀ, ਵਿਲੱਖਣ, ਵਿਕਲੋਤਰੀ ਘਟਨਾ ਬਣ ਗਈ ਹੈ।
ਇਸ ਕਿਸਾਨ ਸੰਸਦ ਵਿੱਚ ਸ਼ਾਮਲ ਹੋਣ ਦੀ ਰੀਝ ਤੇ ਜ਼ਿੰਮੇਵਾਰੀ ਮੇਰੇ ਮਨ ਵਿੱਚ ਵੀ ਪਲ਼ ਰਹੀ ਸੀ ਕਿ ਇੱਕ ਦਿਨ ਡਾ. ਸੁਖਦੇਵ ਸਿਰਸਾ ਦਾ ਫੋਨ ਆ ਗਿਆ।
” ਜਸਪਾਲ ਕਿਸਾਨ ਸੰਸਦ ਵਿੱਚ ਸ਼ਾਮਲ ਹੋਣਾ ਹੈ?”
ਮੇਰੇ ਮਨ ਨੂੰ ਚਾਅ ਚੜ੍ਹ ਗਿਆ। ਦਿਮਾਗ ਵਿੱਚ ਖੁਸ਼ੀਆਂ ਦੀਆਂ ਘੰਟੀਆਂ ਖੜਕ ਗਈਆਂ।ਚਾਅ ਦੀ ਝੁਣਝੁਣੀ ਚੜ੍ਹ ਗਈ। ਮੈਂ ਝੱਟ ਹਾਮੀਂ ਭਰ ਦਿੱਤੀ…..!
” ਹਾਂ ਜੀ, ਤਿਆਰ ਆਂ।”
” ਆਧਾਰ ਕਾਰਡ ਭੇਜ ਦੇ।”
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪੰਜ ਮੈਂਬਰੀ ਵਫਦ ਦਾ ਪੰਜ ਅਗਸਤ ਨੂੰ ਜਾਣਾ ਤਹਿ ਹੋਇਆ।
ਇੱਕ ਜ਼ਿੰਮੇਵਾਰੀ, ਜਲੌਅ ਤੇ ਜੋਸ਼ ਨਾਲ ਮੈਂ ਚਾਰ ਅਗਸਤ ਨੂੰ ਹੀ ਨਵਾਂ ਸ਼ਹਿਰੀਆਂ ਦੇ ਲੰਗਰ ਵਿੱਚ ਪਹੁੰਚ ਗਿਆ। ਉਥੋਂ ਸਵਾਦੀ ਲੰਗਰ ਛਕ ਕੇ ਸਿੰਘੂ ਬਾਰਡਰ ਦੇ ਨਜ਼ਾਰੇ ਵੇਖਣ ਤੁਰ ਪਿਆ। ਟਰਾਲੀਆਂ, ਸ਼ੈਡਾਂ, ਬਾਂਸਾਂ ਪੋਲੀਥੀਨ ਹਰੀ ਚਾਦਰ ਦੇ ਬਣਾਏ ਘਰ ਵੇਖਦਾ ਤੁਰਿਆ ਜਾਂਦਾ ਮੈਂ ਕਿਸਾਨਾਂ ਦੇ ਚਿਹਰੇ ਵੀ ਪੜ੍ਹਦਾ ਜਾਂਦਾ ਸੀ। ਉਨ੍ਹਾਂ ਦੇ ਮਨਾਂ ਵਿੱਚ ਚਲਦੇ ਜਵਾਰਭਾਟੇ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦਾ ਤੁਰਿਆ ਫਿਰਦਾ ਰਿਹਾ।
ਉਦੋਂ ਹੀ ਇਕ ਅਲੌਕਿਕ ਦ੍ਰਿਸ਼ ਵੇਖਣ ਨੂੰ ਮਿਲਿਆ!!!
ਚਿੱਟੀਆਂ ਧੋਤੀਆਂ, ਲਾਲ ਚਿੱਟੀਆਂ ਝੱਗੀਆਂ, ਗਲ਼ਾਂ ਵਿੱਚ ਲਾਲ ਗਮਛੇ ਪਾਈਂ ਅੱਠ ਨੌਂ ਸੌ ਬੰਦਿਆਂ ਦਾ ਕਾਫ਼ਲਾ ਨਾਹਰੇ ਮਾਰਦਾ ਆ ਰਿਹਾ ਸੀ।
“ਕਿਸਾਨ ਏਕਤਾ—-ਜਿੰਦਾਬਾਦ !”
” ਮੋਦੀ ਸਰਕਾਰ—- ਮੁਰਦਾਬਾਦ!!”
ਇਹ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਆਏ ਤਾਮਿਲਨਾਡੂ ਦੇ ਕਿਸਾਨਾਂ ਦਾ ਕਾਫ਼ਲਾ ਸੀ। ਜਿਹੜੇ ਸੋਨੀਪਤ ਸਟੇਸ਼ਨ ਤੇ ਉਤ੍ਹਰ ਕੇ ਪੱਚੀ ਤੀਹ ਕਿਲੋਮੀਟਰ ਦਾ ਸਫ਼ਰ ਪੈਦਲ ਤਹਿ ਕਰਕੇ ਜਲੂਸ ਦੀ ਸ਼ਕਲ ਵਿਚ ਆ ਰਹੇ ਸਨ। ਲਾਲ ਚਿੱਟੇ ਕਾਲੇ ਰੰਗਾਂ ਦਾ ਇਹ ਤਿਰੰਗਾ ਕਿਸਾਨ ਅੰਦੋਲਨ ਦੀ ਸ਼ਾਨ ਆ ਬਣਿਆ।
ਸ਼ਾਮੀਂ ਪੰਜ ਵਜੇ ਨੂੰ ਕੇਂਦਰੀ ਸਭਾ ਦੇ ਆਗੂ ਸਾਥੀ ਵੀ ਆ ਪੁੱਜੇ। ਨਵਾਂ ਸ਼ਹਿਰੀਆਂ ਦੇ ਲੰਗਰ ਵਿੱਚੋਂ ਕੰਡੇ ਵਾਲੀ ਚਾਹ ਪੀ ਕੇ ਅਸੀਂ ਦੂਜੀ ਸਵੇਰ ਦੀ ਕਿਸਾਨ ਸੰਸਦ ਦੇ ਪ੍ਰੋਗਰਾਮ ਬਾਰੇ ਪਤਾ ਕਰਨ ਲਈ ਕਿਸਾਨ ਆਗੂਆਂ ਨੂੰ ਜਾ ਮਿਲੇ। ਸਾਥੀ ਨਿਜ਼ਾਮਪੁਰੀ, ਬਲਦੇਵ ਨਿਹਾਲਗੜ੍ਹ ਤੇ ਬਲਕਰਨ ਬਰਾੜ ਨੇ ਸਭ ਤਿਆਰੀਆਂ ਮੁਕੰਮਲ ਕਰ ਰੱਖੀਆਂ ਸਨ।
ਉਧਰੋਂ ਨਿਸ਼ਚਿੰਤ ਹੋ ਕੇ, ‘ਥਕੇਵਾਂ’ ਲਾਹ ਕੇ, ਬੇਫ਼ਿਕਰ ਹੋ ਕੇ ਆ ਸੁੱਤੇ।
ਕਿਸਾਨ ਸੰਸਦ ਦੀ ਬੱਸਾਂ ਕਜਰੀਆ ਟਾਈਲਜ ਕੋਲੋਂ ਚੱਲਣੀਆਂ ਸਨ। ਸਾਡੇ ਜਾਂਦਿਆਂ ਨੂੰ ‘ਕਿਸਾਨ ਸਾਂਸਦ’ ਹਰੇ ਫੀਤਿਆਂ ਵਾਲੇ ਪੀਲ਼ੇ-ਲਾਲ-ਹਰੇ ਕਾਰਡ ਗਲ਼ਾਂ ਵਿੱਚ ਲਮਕਾਈਂ ਚਾਅ ਚੜ੍ਹਾਈਂ ਫਿਰਦੇ ਸਨ। ਉਨ੍ਹਾਂ ਦੇ ਚਿਹਰਿਆਂ ਦੇ ਜਲੌਅ ਉਪਰ ਜ਼ਿੰਮੇਵਾਰੀਆਂ ਦੀ ਚਾਸ਼ਨੀ ਚੜ੍ਹੀ ਹੋਈ ਸੀ। ਅਸੀਂ ਅੱਠ ਜਣੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਥਾ ਬਣ ਗਏ।ਡਾ. ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁੱਟਰ, ਡਾ ਜੋਗਾ ਸਿੰਘ, ਪ੍ਰੋ ਸੁਰਜੀਤ ਜੱਜ, ਮੱਖਣ ਕੁਹਾੜ, ਸੁਲੱਖਣ ਸਰਹੱਦੀ, ਅਰਵਿੰਦਰ ਕੌਰ ਕਾਕੜਾ ਅਤੇ ਮੈਂ ਜਸਪਾਲ ਮਾਨਖੇੜਾ ਬੱਸਾਂ ਵਿੱਚ ਸਵਾਰ ਹੋ ਗਏ।
ਕਿਸਾਨ ਸਾਂਸਦਾਂ ਨੂੰ ਮਹਿਮਾਨ ਖਿਡਾਰੀਆਂ ਜਾਂ ਵੀ ਵੀ ਆਈ ਪੀਜ਼ ਵਾਂਗੂੰ ਲਿਜਾਇਆ ਗਿਆ। ਬੱਸਾਂ ਅੱਗੇ ਕਿਸਾਨ ਆਗੂਆਂ ਦੀਆਂ ਇਕ ਦੋ ਗੱਡੀਆਂ ਲੱਗ ਗਈਆਂ ਉਨ੍ਹਾਂ ਅੱਗੇ ਹੂਟਰ ਮਾਰਦੀਆਂ ਪੁਲਿਸ ਦੀਆਂ ਜਿਪਸੀਆਂ ਤੇ ਪੁਲਿਸ ਅਧਿਕਾਰੀਆਂ ਦੀਆਂ ਲਾਲ ਬੱਤੀ ਵਾਲੀਆਂ ਕਾਰਾਂ ਭੱਜ ਰਹੀਆਂ ਸਨ।ਕੁੰਡਲੀ ਇੰਡਸਟਰੀਅਲ ਏਰੀਏ ਤੋਂ ਆਉਟਰ ਰਿੰਗ ਰੋਡ ਰਾਹੀਂ ਇਹ ਵਿਲੱਖਣ ਕਾਫ਼ਲਾ ਜੰਤਰ ਮੰਤਰ ਪੁੱਜ ਗਿਆ ਤੇ ਸੰਸਦ ਸ਼ੁਰੂ ਹੋ ਗਈ।
ਕਿਸਾਨ ਸੰਸਦ ਦਾ ਇਹ ਗਿਆਰਵਾਂ ਦਿਨ ਸੀ।ਹਰ ਰੋਜ਼ ਤਿੰਨ ਸੈਸ਼ਨ ਹੁੰਂਦੇ ਸਨ। ਤਿੰਨ ਖੇਤੀ ਕਨੂੰਨ ਤੇ ਦੋਵੇਂ ਆਰਡੀਨੈਂਸ ਡਿਸਕਸ ਹੋ ਚੁੱਕੇ ਸਨ। ਅੱਜ ਐਮ ਐਸ ਪੀ ਤੇ ਵਿਚਾਰ ਚਰਚਾ ਹੋਣੀ ਸੀ।ਪਹਿਲੇ ਸੈਸ਼ਨ ਦੇ ਸਪੀਕਰ ਹਰਿੰਦਰ ਸਿੰਘ ਲੱਖੋਵਾਲ ਤੇ ਡਿਪਟੀ ਸਪੀਕਰ ਰਾਮਕਿਸ਼ਨ ਮਹਿਲਾਵਤ, ਦੂਜੇ ਸੈਸ਼ਨ ਦੇ ਸਪੀਕਰ ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਤੇ ਡਿਪਟੀ ਸਪੀਕਰ ਧਰਮਪਾਲ ਸਿੰਘ ਸਨ।ਤੀਜੇ ਸੈਸ਼ਨ ਵਿੱਚ ਰਾਜਸਥਾਨ ਦੇ ਆਗੂ ਤਾਰਾ ਸਿੰਘ ਸਿੱਧੂ ਨੇ ਸਪੀਕਰ ਅਤੇ ਹਰਭਜਨ ਸਿੰਘ ਬੂੱਟਰ ਨੇ ਡਿਪਟੀ ਸਪੀਕਰ ਦੀ ਕੁਰਸੀ ਸੰਭਾਲੀ।
ਪਹਿਲੇ ਸੈਸ਼ਨ ਵਿੱਚ ਤਿੰਨ ਅਰਥਸ਼ਾਸਤਰੀਆਂ ਡਾ. ਦਵਿੰਦਰ ਸ਼ਰਮਾ, ਡਾ. ਰਣਜੀਤ ਸਿੰਘ ਘੁੰਮਣ, ਡਾ. ਸੁੱਚਾ ਸਿੰਘ ਗਿੱਲ ਨੇ ਪੰਦਰਾਂ ਪੰਦਰਾਂ ਮਿੰਟ ਐਮ ਐਸ ਪੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦਾ ਸਾਂਝਾ ਮੱਤ ਸੀ……..।
ਸਰਕਾਰ ਜੋ ਕਾਰਪੋਰੇਟ ਮਾਡਲ ਲਾਗੂ ਕਰਨਾ ਚਾਹੁੰਦੀ ਹੈ ਉਹ ਫੇਲ੍ਹ ਮਾਡਲ ਹੈ। ਅਮਰੀਕਾ ਵਿੱਚ ਵੀ ਇਹ ਮਾਡਲ ਲਾਗੂ ਕਰਕੇ ਐਮ ਐਸ ਪੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਥੇ ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ।
ਅਮਰੀਕਾ ਦੇ ਖੇਤੀ ਸੰਕਟ ਦੋਰਾਨ ਇਕ ਡੇਅਰੀ ਮਾਲਕ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਸੀ ਉਸ ਆਪਣੇ ਗੋਲ਼ੀ ਮਾਰਨ ਤੋਂ ਪਹਿਲਾਂ ਆਪਣੀਆਂ 51 ਗਾਵਾਂ ਗੋਲ਼ੀਆਂ ਮਾਰ ਕੇ ਮਾਰੀਆਂ ਸਨ। ਉਥੇ 93 ਪਰਸੈਂਟ ਡੇਅਰੀਆਂ ਬੰਦ ਹੋ ਗਈਆਂ ਹਨ। ਵੱਡੀਆਂ ਕੰਪਨੀਆਂ ਨੇ ਦੁੱਧ ਦਾ ਸਾਰਾ ਸੈਕਟਰ ਘੇਰ ਲਿਆ ਹੈ।
ਵਰਲਡ ਬੈਂਕ ਕਹਿੰਦਾ ਹੈ ਕਿ 40 ਪਰਸੈਂਟ ਕਿਸਾਨਾਂ ਨੂੰ ਖੇਤੀ ਵਿੱਚੋਂ ਕੱਢ ਕੇ ਸ਼ਹਿਰਾਂ ਵਿੱਚ ਲਿਆਉਣਾ ਹੈ।ਜਿਸ ਨਾਲ ਐਗਰੀਕਲਚਰ ਰਿਫਿਊਜੀ ਪੈਦਾ ਹੋ ਜਾਣਗੇ।
ਐਮ ਐਸ ਪੀ ਨਾ ਦੇਣ ਲਈ ਏ ਪੀ ਐਮ ਐਸ ਨੂੰ ਤੋੜਿਆ ਜਾ ਰਿਹਾ ਹੈ।
ਦੇਸ਼ ਅੰਦਰ ਦੋ ਮੰਡੀਆਂ ਨਹੀਂ ਰਹਿ ਸਕਦੀਆਂ, ਜੇ ਪ੍ਰਾਈਵੇਟ ਮੰਡੀ ਹੋਊ ਤਾਂ ਐਮ ਐਸ ਪੀ ਖ਼ਤਮ ਹੋਵੇਗੀ ਹੀ…
ਜੇਕਰ 23 ਫਸਲਾਂ ਤੇ ਐਮ ਐਸ ਪੀ ਦਿੱਤੀ ਜਾਂਦੀ ਹੈ ਤਾਂ ਕਿਸਾਨ ਦੂਜੀਆਂ ਫ਼ਸਲਾਂ ਉਗਾਉਣ ਲੱਗ ਜਾਵੇਗਾ।
ਜੇਕਰ ਐਮ ਐਸ ਪੀ ਕਾਨੂੰਨੀ ਦਰਜ਼ਾ ਪ੍ਰਾਪਤ ਕਰ ਲੈਂਦੀ ਹੈ ਤਾਂ ਘੱਟ ਰੇਟ ਤੇ ਖਰੀਦਣ ਵਾਲੇ ਤੇ ਮੁਕੱਦਮਾ ਚੱਲੇਗਾ। ਸਰਕਾਰ ਨਹੀਂ ਚਾਹੁੰਦੀ ਕਿ ਉਸ ਦੇ ਭਾਈਵਾਲਾਂ ਤੇ ਮੁਕੱਦਮਾ ਚੱਲੇ।
ਜਿਸ ਦਿਨ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੀ ਐਮ ਐਸ ਪੀ ਫਿਕਸ ਹੋ ਗਈ, ਦੇਸ਼ ਦੀ ਜੀ ਡੀ ਪੀ ਪੰਦਰਾਂ ਸੋਲਾਂ ਪਰਸੈਂਟ ਤੇ ਦੌੜੇਗੀ।
ਜੇਕਰ 1996 ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਹੋ ਜਾਂਦੀ ਤਾਂ 14996 ਕਰੋੜ ਰੁਪਈਆਂ ਹਰ ਸਾਲ ਕਿਸਾਨਾਂ ਨੂੰ ਮਿਲਦਾ।”
ਇਸ ਉਪਰੰਤ ਲਗਭਗ ਸੱਠ ਕਿਸਾਨ ਸਾਂਸਦਾਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਲੇਖਕਾਂ ਵਿਚੋਂ ਸੁਖਦੇਵ ਸਿਰਸਾ, ਦਰਸ਼ਨ ਬੁੱਟਰ, ਅਰਵਿੰਦਰ ਕੌਰ ਕਾਕੜਾ, ਮੱਖਣ ਕੁਹਾੜ ਨੇ ਆਪਣੇ ਤਰਕ ਪੇਸ਼ ਕੀਤੇ।
ਅੰਤ ਵਿੱਚ ਕਿਸਾਨ ਸੰਸਦ ਨੇ ਐਮ ਐਸ ਪੀ ਨੂੰ ਕਾਨੂੰਨ ਬਣਾਉਣ ਲਈ ਮਤਾ ਪਾਸ ਕੀਤਾ।
ਵਾਪਸੀ ਵੇਲੇ ਥਕਾਵਟ ਦੇ ਭੰਨੇ, ਗਰਮੀ ਹੁੰਮਸ ਮੁੜ੍ਹਕੇ ਦੇ ਮਰਨ ਵਾਲੇ ਕੀਤੇ ਅਸੀਂ ਮਸਾਂ ਨਵਾਂ ਸ਼ਹਿਰੀਆਂ ਦੇ ਲੰਗਰ ਵਿੱਚ ਆ ਕੇ ਡਿੱਗੇ। ਉਥੇ ਚਾਹ ਪੀ ਤਰੋਤਾਜਾ ਹੋ ਅਸੀਂ “ਸਾਂਝੀ ਸੱਥ” ਵਿੱਚ ਚਲੇ ਗਏ। ਜਿਥੇ ਮੋਰਚੇ ਦੇ ਪਹਿਲੇ ਦਿਨ ਤੋਂ ਨੌਜਵਾਨ ਮੁੰਡੇ ਪੇਂਟਿੰਗਜ਼ ਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਗਾ ਕੇ ਮੋਰਚੇ ਮੱਲੀਂ ਬੈਠੇ ਹਨ। ਉਸ ਦਿਨ ਭਾਰਤੀ ਹਾਕੀ ਟੀਮ ਨੇ ਕਾਂਸ਼ੀ ਦਾ ਤਮਗਾ ਜਿੱਤਿਆ ਸੀ। ਇਸ ਖੁਸ਼ੀ ਵਿਚ ਲੱਡੂ ਵੰਡੇ ਜਾ ਰਹੇ ਸਨ।ਸਪੋਕਸਮੈਨ ਟੀ ਵੀ ਦੀ ਐਂਕਰ ਕੁੜੀ ਨੇ ਮੇਰੇ ਮੂਹਰੇ ਮਾਈਕ ਕਰ ਦਿੱਤਾ ਤੇ ਕਹਿੰਦੀ, ” ਅੱਜ ਸਾਡੇ ਖਿਡਾਰੀਆਂ ਨੇ ਉਲੰਪਿਕ ਵਿਚ ਮੱਲਾਂ ਮਾਰੀਆਂ ਨੇ, ਖੇਡਾਂ ਤੇ ਖਿਡਾਰੀਆਂ ਨੂੰ ਇਕ ਲੇਖਕ ਕਿਵੇਂ ਬਿਆਨ ਕਰਦੈ??”
” ਲੇਖਕ ਹਮੇਸ਼ਾ ਸਮਾਜ ਚੋਂ ਗੱਲਾਂ ਲੈਂਦੈ। ਲੇਖਕ ਹਮੇਸ਼ਾ ਸਟਰਗਲ ਚੋਂ ਗੱਲਾਂ ਲੈਂਦੈ। ਖਿਡਾਰੀ ਆਪਣੀ ਖੇਡ ਵਿੱਚ ਸਟਰਗਲ ਕਰਦੇ ਹਨ। ਦੂਜੀ ਟੀਮ ਜਾਂ ਦੂਜੇ ਖਿਡਾਰੀ ਨਾਲ ਸੰਘਰਸ਼ ਕਰਦੇ ਹਨ। ਖਿਲਾੜੀਆਂ ਦਾ ਸੰਘਰਸ਼ ਵੀ ਲੇਖਕ ਨੂੰ ਪ੍ਰਭਾਵਿਤ ਤੇ ਪ੍ਰੇਰਿਤ ਕਰਦਾ ਹੈ। ਅੱਜ ਸਾਡੇ ਲਈ ਦੂਹਰੀ ਖੁਸ਼ੀ ਹੈ। ਚਾਲ਼ੀ ਸਾਲਾਂ ਬਾਅਦ ਸਾਡੀ ਹਾਕੀ ਟੀਮ ਨੂੰ ਮੈਡਲ ਮਿਲਿਆ ਹੈ। ਅੱਜ ਅਸੀਂ ਕਿਸਾਨ ਮੋਰਚੇ ਵਿੱਚ ਖੜ੍ਹ ਕੇ ਖੁਸ਼ੀ ਮਨਾ ਰਹੇ ਹਾਂ। ਖਿਡਾਰੀਆਂ ਵਾਂਗ ਕਿਸਾਨ ਵੀ ਪੂਰੀ ਜੀਅ-ਜਾਨ ਨਾਲ ਸੰਘਰਸ਼ ਕਰ ਰਿਹਾ ਹੈ…. ।” ਮੈਂ ਕਿਹਾ।
ਬਾਕੀ ਲੇਖਕ ਸਾਥੀਆਂ ਨੇ ਤਾਂ ਵਾਪਸ ਚਾਲੇ ਪਾ ਦਿੱਤੇ, ਮੈਂ ਰਾਤ ਰਹਿ ਪਿਆ। ਸੁੱਖ ਦੀ ਰਾਤ ਕੱਟ ਕੇ ਮੈਂ ਸਿੰਘੂ ਬਾਰਡਰ ਤੇ ਸੂਹੀ ਸਵੇਰ ਦਾ ਆਨੰਦ ਮਾਣਦਾ ਫਿਰਿਆ।ਛੇ ਅਗਸਤ ਦੀ ਕਿਸਾਨ ਸੰਸਦ ਚ ਜਾਣ ਲਈ ਬੱਸਾਂ ਫਿਰ ਤਿਆਰ ਖੜ੍ਹੀਆਂ ਸਨ। ਬਲਵੀਰ ਸਿੰਘ ਰਾਜੇਵਾਲ, ਦਰਸ਼ਨ ਪਾਲ, ਜੋਗਿੰਦਰ ਯਾਦਵ, ਰਜਿੰਦਰ ਦੀਪ ਸਿੰਘ ਵਾਲਾ ਕਿਸਾਨ ਸੰਸਦ ਵੱਲ ਨੂੰ ਚਾਲੇ ਪਾ ਗਏ।
‌ਮੈਂ ਮੁੜ ਟਿਕਾਣੇ ਤੇ ਆ ਗਿਆ। ਇੱਕ ਹੋਰ ਵਿਲੱਖਣ ਵਰਤਾਰਾ ਵੇਖਣ ਨੂੰ ਮਿਲਿਆ। ਵੱਡੇ ਫੋਰ ਵਾਈ ਫੋਰ ਦੇ ਟਰੈਕਟਰ ਉਪਰ ਉਚੀ ਆਵਾਜ਼ ਵਿੱਚ ਧਮਾਲਾਂ ਪਾਉਦੇ ਨੌਜਵਾਨਾਂ ਦਾ ਟੋਲਾ ਲੰਘ ਗਿਆ। ਪਿਛਲੇ ਦੋ ਤਿੰਨ ਦਿਨਾਂ ਤੋਂ ਮੈਂ ਅਜਿਹੇ ਕਾਫ਼ਲੇ ਵੇਖ ਰਿਹਾ ਸੀ। ਹਰੇਕ ਗੱਡੀ ਉਪਰ ਉਚੀ ਆਵਾਜ਼ ਵਿੱਚ ਗੀਤ ਗੂੰਜ ਰਹੇ ਹੁੰਦੇ ਸਨ।
” ਬਾਈ ਆਹ ਕੀ ਮਾਜਰਾ ਐ, ਇਹ ਕਿਸਾਨ ਤਾਂ ਲੱਗਦੇ ਨਹੀਂ?”
” ਬਾਈ ਜੀ ਸਰਕਾਰ ਨੇ ਕਾਂਵੜੀਆਂ ਦੇ ਹਰਿਦੁਆਰ ਜਾਣ ਤੇ ਰੋਕ ਲਾ ਦਿੱਤੀ। ਪਿਛਲੇ ਪੰਜ ਛੇ ਦਿਨਾਂ ਤੋਂ ਹਰਿਆਣਾ, ਪੰਜਾਬ, ਰਾਜਸਥਾਨ, ਯੂ ਪੀ ਤੋਂ ਕਾਂਵੜੀਆਂ ਦੇ ਯਾਤਰੀ ਜਥੇ ਸਿੰਘੂ ਬਾਰਡਰ ਤੇ ਆਉਣ ਲੱਗੇ ਨੇ। ਕਾਂਵੜੀ ਮੁੰਡੇ ਆਪਣੇ ਪਿੰਡਾਂ ਤੋਂ ਪਾਣੀ ਤੇ ਮਿੱਟੀ ਲੈ ਕੇ ਚੱਲਦੇ ਨੇ। ਟਰੈਕਟਰਾਂ, ਛੋਟੇ ਹਾਥੀ, ਟਾਟਾ ਚਾਰ ਸੌ ਸੱਤ ਤੇ ਸਪੀਕਰ ਲਾਈਂ ਨੱਚਦੇ, ਟੱਪਦੇ, ਭੰਗੜਾ ਪਾਉਂਦੇ ਸਿੰਘੂ ਬਾਰਡਰ ਤੇ ਮਿੱਟੀ ਪਾਣੀ ਲਿਆਉਂਦੇ ਨੇ। ਇਥੋਂ ਮਿੱਟੀ ਪਾਣੀ ਲੈ ਕੇ ਵਾਪਸ ਪਿੰਡਾਂ ਨੂੰ ਮੁੜਦੇ ਨੇ…!”
ਇਹ ਮੇਰੇ ਲਈ ਨਵੀਂ ਗੱਲ ਤੇ ਅਚੰਭਾ ਸੀ।
ਵਾਪਸ ਸੋਨੀਪਤ ਦੇ ਰੇਲਵੇ ਸਟੇਸ਼ਨ ਨੂੰ ਆਉਂਦਾ ਮੈਂ ਕਾਂਵੜੀਆਂ ਦੇ ਜਾਹੋ ਜਲਾਲ ਨੂੰ ਵੇਖ, ਨਿਹਾਰ ਰਿਹਾ ਸੀ, ਕਾਰ ਚਲਾ ਰਿਹਾ ਹਰਿਆਣਵੀ ਮੁੰਡਾ ਪਰਦੀਪ ਰਾਵਲ ਆਖ ਰਿਹਾ ਸੀ….!
” ਅੰਕਲ ਜੀ ਯੇਹ ਅੰਦੋਲਨ ਕੋ ਕੋਈ ਫੇਲ਼ ਨਹੀਂ ਕਰ ਸਕਤਾ, ਏਸ ਕੇ ਗੈਲ ਬਜ਼ੁਰਗ ਕਿਸਾਨਾਂ ਕੀ ਸਿਆਣਪ ਅਰ ਹੋਸ ਐ ਔਰ ਜਵਾਣੋਂ ਕਾ ਜੋਸ ਔਰ ਸਕਤੀ ਐ, ਯੇਹ ਅੰਦੋਲਣ ਹਮ ਜੀਤੇਂਗੇ ਹੀ ਜੀਤੇਂਗੇ ……!”

 

Leave a Reply

Your email address will not be published. Required fields are marked *