ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਆਉਣ ਵਾਲਾ ਸਾਲ ਚੋਣਾਂ ਦਾ ਹੈ। ਜੇਕਰ ਇਸ ਵਾਰ ਰੇਲਗੱਡੀ ਖੁੰਝ ਗਈ ਤਾਂ ਸਾਡੇ ਦੇਸ਼ ਵਿੱਚੋਂ ਲੋਕਤੰਤਰ ਸਦਾ ਲਈ ਅਲੋਪ ਹੋ ਜਾਵੇਗਾ। ਅਸੀਂ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਮੈਂ “ਵਿਰੋਧੀ ਧਿਰ ਏਕਤਾ” ਸ਼ਬਦ ਦੀ ਵਰਤੋਂ ਨਹੀਂ ਕਰਾਂਗਾ, ਕਿਉਂਕਿ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਹਾਂ। ਅਸੀਂ ਸਾਰੇ ਦੇਸ਼ ਭਗਤ ਹਾਂ। ਜਿਹੜੇ ਲੋਕ ਲੋਕਤੰਤਰ ਨੂੰ ਦੇਸ਼ ਵਿੱਚੋਂ ਕੱਢਣਾ ਚਾਹੁੰਦੇ ਹਨ, ਅਸੀਂ ਅਜਿਹੇ ਲੋਕਾਂ ਨੂੰ ਲੋਕਤੰਤਰ ਵਿਰੋਧੀ ਕਹਿੰਦੇ ਹਾਂ। ਅੱਜ ਅਸੀਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਅਤੇ ਇਨ੍ਹਾਂ ਲੋਕਤੰਤਰ ਵਿਰੋਧੀ ਲੋਕਾਂ ਖ਼ਿਲਾਫ਼ ਲੜਨ ਲਈ ਇਕੱਠੇ ਹੋਏ ਹਾਂ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਦੋ ਫੈਸਲੇ ਦਿੱਤੇ। ਇੱਕ ਸ਼ਿਵ ਸੈਨਾ ਬਾਰੇ ਸੀ ਤੇ ਦੂਜਾ ਦਿੱਲੀ ਬਾਰੇ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸਭ ਤੋਂ ਵੱਧ ਮਹੱਤਵ ਲੋਕ ਨੁਮਾਇੰਦੇ ਦਾ ਹੋਣਾ ਚਾਹੀਦਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਲਈ ਜ਼ਰੂਰੀ ਸੀ। ਪਰ ਕੇਂਦਰ ਸਰਕਾਰ ਵੱਲੋਂ ਇਸ ਵਿਰੁੱਧ ਲਿਆਂਦਾ ਆਰਡੀਨੈਂਸ ਲੋਕਤੰਤਰ ਦੇ ਵਿਰੁੱਧ ਹੈ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਹੈ, ਉਹ ਲੋਕਾਂ ਦੇ ਨੁਮਾਇੰਦੇ ਹਨ। ਇਸ ਲਈ ਉਨ੍ਹਾਂ ਨੂੰ ਕੁਝ ਅਧਿਕਾਰ ਮਿਲਣੇ ਚਾਹੀਦੇ ਹਨ। ਇਸ ਤਰ੍ਹਾਂ, ਸ਼ਾਇਦ ਭਵਿੱਖ ਵਿੱਚ ਅਜਿਹੇ ਦਿਨ ਵੀ ਆਉਣਗੇ, ਜਦੋਂ ਰਾਜਾਂ ਵਿੱਚ ਚੋਣਾਂ ਨਹੀਂ ਹੋਣਗੀਆਂ। ਚੋਣਾਂ ਕੇਂਦਰ ਵਿੱਚ ਹੀ ਹੋਣਗੀਆਂ ਅਤੇ ਉਹ ਵੀ 2024 ਤੱਕ ਹੀ ਲੋਕ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਜਨਤਾ ਵੱਲੋਂ ਲਏ ਗਏ ਫੈਸਲੇ ਦਾ ਨਤੀਜਾ ਸਭ ਦੇ ਸਾਹਮਣੇ ਨਜ਼ਰ ਆਵੇਗਾ। ਇਸੇ ਲਈ ਅੱਜ ਅਸੀਂ ਦੇਸ਼ ਵਾਸੀਆਂ ਨੂੰ ਜਗਾਉਣ ਲਈ ਇਕੱਠੇ ਹੋਏ ਹਾਂ।