ਨਵੀਂ ਦਿੱਲੀ -ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਤੇ ਫੈਸਲਾ ਲੈਣ ਲਈ ਚਾਰ ਹਫ਼ਤੇ ਦਾ ਸਮਾਂ ਹੋਰ ਮੰਗਣ ਤੇ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸਵਾਲ ਉਠਾਉੰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਦਿੱਲੀ ਸਰਕਾਰ ਇੱਕ ਸਜ਼ਾ ਪੂਰੀ ਕਰ ਚੁੱਕੇ ਤੇ ਲਗਾਤਾਰ ਸਿਹਤ ਪੱਖੋਂ ਢਿੱਲੇ ਚੱਲ ਰਹੇ ਇਨਸਾਨ ਦੀ ਰਿਹਾਈ ਲਈ ਆਪਣੀਆਂ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਕਾਰਨ ਰਿਹਾਈ ਨਹੀਂ ਕਰ ਰਹੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਉਭਾਰਨ ਵਿੱਚ ਸਭ ਤੋਂ ਵੱਧ ਯੋਗਦਾਨ ਬਿਨਾ ਸ਼ੱਕ ਸਿੱਖਾਂ ਨੇ ਪਾਇਆ ਹੈ । ਚਾਹੇ ਉਸਨੂੰ ਆਰਥਿਕ ਤੌਰ ਤੇ ਵਿਦੇਸ਼ਾਂ ਵਿਚਲੇ ਸਿੱਖਾਂ ਨੇ ਪੈਰਾਂ ਸਿਰ ਕੀਤਾ ਤੇ ਚਾਹੇ ਜਦੋਂ ਸਾਰੇ ਮੁਲਕ ਵਿੱਚ ਲੋਕ ਸਭਾ ਚੋਣਾਂ ‘ਚ ਇਸਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਉਸ ਵੇਲੇ ਪੰਜਾਬ ਦੇ ਲੋਕਾਂ ਨੇ ਚਾਰ ਐਮ.ਪੀ ਬਣਾਏ ਤੇ ਹੁਣ ਇਸ ਪਾਰਟੀ ਦੀ ਸਰਕਾਰ ਬਣਾਈ ਹੈ । ਪਰ ਆਮ ਆਦਮੀ ਪਾਰਟੀ ਇਸਦੇ ਬਦਲੇ ਲਗਾਤਾਰ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਚਾਹੇ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਦਖਲ ਅੰਦਾਜੀ ਹੋਵੇ ਚਾਹੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਵਰਗੇ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ । ਪਿਛਲੇ ਤਿੰਨ – ਚਾਰ ਸਾਲਾਂ ਤੋਂ ਆਰਵਿੰਦ ਕੇਦਰੀਵਾਲ ਨੇ ਪ੍ਰੋ. ਭੁੱਲਰ ਦੀ ਰਿਹਾਈ ਨੂੰ ਬਿਨਾ ਵਜਾ ਟਾਲ ਰੱਖਿਆ ਹੈ । ਅਰਵਿੰਦ ਕੇਦਰੀਵਾਲ ਤੇ ਆਮ ਆਦਮੀ ਪਾਰਟੀ ਦੱਸੇ ਕਿ ਉਹਨਾਂ ਦੀ ਕੀ ਮਜਬੂਰੀ ਹੈ ਜੋ ਉਹ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਨਹੀ ਕਰਨਾ ਚਾਹੁੰਦੇ..?