ਨਵੀਂ ਦਿੱਲੀ- ਕੈਨੇਡਾ ਦੇ ਭਾਰਤ `ਚ ਹਾਈ ਕਮਿਸ਼ਨਰ ਕੈਮਰੋਨ ਮੈਕੇਅ ਤੇ ਕੈਨੇਡਾ ਹਾਈ ਕਮਿਸ਼ਨ ਦੇ ਹੋਰ ਅਧਿਕਾਰੀ ਅੱਜ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਉਹਨਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ
ਭੇਂਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਹਾਈ ਕਮਿਸ਼ਨਰ ਕੈਮੋਰੋਨ ਮੈਕੇਅ ਨੇ ਕਿਹਾ ਕਿ ਉਹਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਮਿਲੀ ਹੈ ਤੇ ਉਹ ਜਲਦ ਫਿਰ ਇਥੇ ਨਤਮਸਤਕ ਹੋਣ ਆਉਣਗੇ। ਉਹਨਾਂ ਕਿਹਾ ਕਿ ਕੈਨੇਡਾ `ਚ ਸਿੱਖਾਂ ਦਾ ਬਹੁਤ ਵੱਡਾ
ਯੋਗਦਾਨ ਹੈ ਤੇ ਸਿੱਖ ਤੇ ਹੋਰ ਕੌਮਾਂ ਦੇ ਲੋਕ ਕੈਨੇਡਾ ਸਮਾਜ ਦਾ ਅਹਿਮ ਹਿੱਸਾ ਹਨ। ਉਹਨਾਂ ਇਹ ਵੀ ਕਿਹਾ ਕਿ ਕੈਨੇਡਾ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਸਨਮਾਨ ਕਰਦਾ ਹੈ। ਇਸ ਮੌਕੇ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਾਈ
ਕਮਿਸ਼ਨਰ ਕੈਮੋਰੋਨ ਮੈਕੇਅ ਨੂੰ ਅਸੀਂ ਗੁਰੂ ਸਾਹਿਬ ਦੇ ਇਤਿਹਾਸ, ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਉਹ ਕਾਫੀ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕਿ ਹਾਈ ਕਮਿਸ਼ਨਰ ਦਾ ਇਥੇ ਪਹੁੰਚਣ
’ਤੇ ਸਨਮਾਨ ਕਰਨਾ ਸਾਡਾ ਫਰਜ਼ ਸੀ ਕਿਉਂਕਿ ਕੈਨੇਡਾ `ਚ ਸਰਕਾਰ ਨੇ ਉਥੇ ਵੱਸ ਰਹੇ ਵੱਡੀ ਗਿਣਤੀ `ਚ ਸਿੱਖਾਂ ਤੇ ਪੰਜਾਬੀਆਂ ਨੂੰ ਸੰਭਾਲਿਆ ਹੈ।ਉਹਨਾਂ ਕਿਹਾ ਕਿ ਪੰਜਾਬ ਦਾ ਇਕ ਵੱਡਾ ਹਿੱਸਾ ਅੱਜ ਕੈਨੇਡਾ `ਚ ਹੈ ਜਿਹਨਾਂ ਨੂੰ ਸਰਕਾਰ ਨੇ ਰੋਜ਼ਗਾਰ ਦਿੱਤਾ ਤੇ ਵਸਾਇਆ
ਹੈ ਜਿਸ ਲਈ ਅਸੀਂ ਸਰਕਾਰ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਕੈਨੇਡਾ `ਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਅੱਜ ਸਿੱਖ ਉਥੇ ਸਰਕਾਰ ਵਿਚ ਮੰਤਰੀ, ਮੈਂਬਰ ਪਾਰਲੀਮੈਂਟ ਤੇ ਸੂਬਾਈ ਵਿਧਾਨ ਸਭਾਵਾਂ ਦੇ ਮੈਂਬਰ ਤੇ ਸਥਾਨਕ ਕੌਂਸਲਰ ਬਣ ਕੇ ਲੋਕਾਂ ਦੀ ਸੇਵਾ ਕਰ
ਰਹੇ ਹਨ ਤੇ ਕੈਨੇਡਾ ਦੇ ਅਰਥਚਾਰੇ `ਚ ਵੱਡਾ ਯੋਗਦਾਨ ਦੇ ਰਹੇ ਹਨ।ਇਸ ਮੌਕੇ ਅਮਰਜੀਤ ਸਿੰਘ ਪਿੰਕੀ, ਤਰਵਿੰਦਰ ਸਿੰਘ ਮਾਰਵਾਹ, ਗੁਰਦੇਵ ਸਿੰਘ, ਸੁਖਬੀਰ ਸਿੰਘ ਕਾਲੜਾ, ਪਰਮਜੀਤ ਸਿੰਘ ਚੰਢੋਕ, ਮਨਜੀਤ ਸਿੰਘ ਭੋਮਾ ਤੇ ਹੋਰ ਸ਼ਖਸੀਅਤਾਂ ਮੌਜੁਦ ਸਨ।