ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਨੌਜਵਾਨ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਹੈ ਕਿ ਕੌਮ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰਦੀ। ਇਸ ਦੀ ਤਾਜ਼ਾ ਮਿਸਾਲ ਪੰਜਾਬ ਦੇ ਜਲੰਧਰ ਵਿਖੇ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਕ ਸਿੱਖ ਆਗੂ ਜੋ ਕਿ ਕੌਮ ਨਾਲ ਗੱਦਾਰੀ ਕਰਕੇ ਭਾਜਪਾ ਦੀ ਗੋਦ ਵਿਚ ਬੈਠ ਗਿਆ ਸੀ, ਨੂੰ ਜਲੰਧਰ ਜ਼ਿਮਨੀ ਚੋਣਾਂ ’ਚ ਗੱਦਾਰ ਕਹਿ ਕੇ ਸੰਬੋਧਨ ਕੀਤਾ ਗਿਆ ਅਤੇ ਉਸ ਨੂੰ ਮਜਬੂਰਨ ਉੱਥੋਂ ਭਜਣਾ ਪਿਆ।
ਅਕਾਲੀ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਜਲੰਧਰ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਜਨਤਾ ਵੱਲੋਂ ਗੱਦਾਰ ਕਹਿ ਕੇ ਸੰਬੋਧਨ ਕੀਤਾ ਗਿਆ ਅਤੇ ਉਥੋਂ ਭੱਜਣ ਲਈ ਮਜਬੂਰ ਕੀਤਾ ਗਿਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਜਲੰਧਰ ਵਾਸੀਆਂ ਦੀ ਜ਼ਮੀਰ ਅਜੇ ਵੀ ਜ਼ਿੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਕਿਸੇ ਤੋਂ ਛਿਪਿਆ ਨਹੀਂ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਿੰਦੇ ਹੋਏ ਕਾਲੇ ਕਾਰਨਾਮੇ ਕੀਤੇ ਅਤੇ ਕੌਮ ਦੀ ਪਿੱਠ ਵਿਚ ਛੁਰਾ ਮਾਰਨ ਦਾ ਕੰਮ ਕੀਤਾ। ਅਜਿਹੇ ਗੱਦਾਰ ਆਗੂ ਨੂੰ ਇਤਿਹਾਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਕੌਮ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਨਾ ਕਦੇ ਪਹਿਲਾਂ ਮੁਆਫ਼ ਕੀਤਾ ਗਿਆ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਹੋਣ ਦਿੱਤਾ ਜਾਵੇਗਾ।
ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਹੁਣ ਭਾਜਪਾ ਹਾਈਕਮਾਂਡ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਅਤੇ ਅਜਿਹੇ ਗੱਦਾਰ ਇਨਸਾਨ ਨੂੰ ਜਲਦ ਤੋਂ ਜਲਦ ਪਾਰਟੀ ਤੋਂ ਕੱਢ ਬਾਹਰ ਮਾਰ ਦੇਣਾ ਚਾਹੀਦੈ। ਜੋ ਸ਼ਖ਼ਸ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੋ ਸਕਿਆ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਮਮੂਲੀ ਵਰਕਰ ਤੋਂ ਪਾਰਸ਼ਦ, ਨੌਜਵਾਨ ਅਕਾਲੀ ਦਲ ਪ੍ਰਧਾਨ ਅਤੇ ਫ਼ਿਰ ਦਿੱਲੀ ਕਮੇਟੀ ’ਚ ਬਤੌਰ ਜਨਰਲ ਸਕੱਤਰ ਤੋਂ ਲੈ ਕੇ ਪ੍ਰਧਾਨਗੀ ਦੇ ਅਹੁਦੇ ਤਕ ਪਹੁੰਚਾਇਆ, ਉਸ ਨਾਲ ਗੱਦਾਰੀ ਕਰਕੇ ਨਿਜੀ ਹਿੱਤਾਂ ਦੇ ਸੁਆਰਥਪਨ ਕਰਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਅਜਿਹੇ ਦੋਗਲੇ ਆਦਮੀ ਨੂੰ ਕਦੇ ਕਿਸੇ ਹੋਰ ਪਾਰਟੀ ਵਿਚ ਲਾਭ ਦਿਖਾਈ ਦੇਵੇਗਾ ਤਾਂ ਉੱਥੇ ਨੱਸ ਜਾਵੇਗਾ।