Wed. Dec 6th, 2023


ਨਵੀਂ ਦਿੱਲੀ- ਪਾਕਿਸਤਾਨ ‘ਚ ਕੱਟੜਪੰਥੀਆਂ ਨੇ ਸੁੱਕਰ ਦੇ ਗੁਰਦੁਆਰਾ ਸਾਹਿਬ ‘ਤੇ ਅਚਾਨਕ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਇਸ ਨੂੰ ਗੈਰ-ਇਸਲਾਮਿਕ ਕਰਾਰ ਦਿੰਦੇ ਹੋਏ ਤੁਰੰਤ ਗੁਰਦੁਆਰੇ ਵਿੱਚ ਕੀਰਤਨ ਅਤੇ ਪਾਠ ਬੰਦ ਕਰਵਾ ਦਿੱਤਾ। ਇਸ ਨਾਲ ਉੱਥੇ ਵਸ ਰਹੀ ਸਿੱਖ ਕੌਮ ਵਿੱਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।

ਜਾਰੀ ਹੋਈ ਖ਼ਬਰ ਮੁਤਾਬਿਕ ਅਚਾਨਕ ਕੱਟੜਪੰਥੀਆਂ ਦਾ ਇੱਕ ਸਮੂਹ ਸੁੱਕਰ ਦੇ ਗੁਰਦੁਆਰੇ ਦੇ ਬਾਹਰ ਇਕੱਠਾ ਹੋ ਗਿਆ ਅਤੇ ਧਾਰਮਿਕ ਨਾਅਰੇ ਲਗਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਏ ਅਤੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਗੁਰਦੁਆਰੇ ਵਿੱਚ ਨੌਜਵਾਨ ਕੀਰਤਨ ਅਤੇ ਪਾਠ ਕਰ ਰਹੇ ਸਨ, ਜਿਸ ਨੂੰ ਉਨ੍ਹਾਂ ਵਲੋਂ ਜਬਰਦਸਤੀ ਰੁਕਵਾ ਦਿੱਤਾ ਗਿਆ। ਕੱਟੜਪੰਥੀ ਕਹਿ ਰਹੇ ਸਨ ਕਿ ਇੱਥੇ ਕੀਰਤਨ ਨਹੀਂ ਹੋ ਸਕਦਾ ਕਿਉਂਕਿ ਇਹ ਗ਼ੈਰ-ਇਸਲਾਮਿਕ ਹੈ।
ਸਿੱਖਾਂ ਨੇ ਸਮਾਜ ਦੇ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਖ਼ਿਲਾਫ਼ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਸਿੱਖ ਕੌਮ ਸਦਮੇ ਵਿੱਚ ਹੈ। ਉਨ੍ਹਾਂ ਨੂੰ ਡਰ ਹੈ ਕਿ ਕੱਟੜਪੰਥੀ ਭਵਿੱਖ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸਲਾਮੀ ਕੱਟੜਪੰਥੀ ਵੱਲੋਂ ਕੀਰਤਨ ਦੀ ਇਜਾਜ਼ਤ ਨਹੀਂ ਸੀ। ਸਥਾਨਕ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਕੋਈ ਕਾਰਵਾਈ ਨਹੀਂ ਕੀਤੀ। ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਜਿਕਰਯੋਗ ਹੈ ਕਿ ਪਾਕਿਸਤਾਨ ਦੇ ਦੂਰ-ਦੁਰਾਡੇ ਦੇ ਸੂਬਿਆਂ ਵਿਚ ਹਿੰਦੂਆਂ ਅਤੇ ਸਿੱਖਾਂ ਦਾ ਲਗਭਗ ਸਫਾਇਆ ਹੋ ਚੁੱਕਾ ਹੈ। ਸਿੰਧ ਸੂਬੇ ਵਿਚ ਸਿਰਫ਼ ਕੁਝ ਹਿੰਦੂ ਹੀ ਬਚੇ ਹਨ। ਇੱਥੇ ਵੀ ਹਿੰਦੂ ਅਤੇ ਸਿੱਖ ਕੁੜੀਆਂ ਨੂੰ ਜ਼ਬਰਦਸਤੀ ਅਗਵਾ, ਬਲਾਤਕਾਰ ਅਤੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *