Tue. Mar 21st, 2023


 ਗੁਜਰਾਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਗੇੜ ਦੀਆਂ ਗੁਜਰਾਤ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਦਾਅਵਾ ਕੀਤਾ ਕਿ 8 ਦਸੰਬਰ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ‘ਚ ਆਮ ਆਦਮੀ ਪਾਰਟੀ (ਆਪ) ਭਾਰੀ ਬਹੁਮਤ ਨਾਲ ਗੁਜਰਾਤ ਵਿੱਚ ਸਰਕਾਰ ਬਣਾਏਗੀ।

ਮੰਗਲਵਾਰ ਨੂੰ ਲਿੰਬੜੀ, ਬੋਟਾਦ, ਸੁਰੇਂਦਰ ਨਗਰ, ਦਸਾਦਾ ਅਤੇ ਵੀਰਾਮਗਾਮ ਸਮੇਤ ਵੱਖ-ਵੱਖ ਰੋਡ ਸ਼ੋਆਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਵਾਰ ਗੁਜਰਾਤ ਦੇ ਲੋਕ ਸਿਸਟਮ ਵਿੱਚ ਬਦਲਾਅ ਲਿਆਉਣ ਲਈ ਵੋਟ ਦੇਣਗੇ। ਉਹ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਨਹੀਂ ਸਗੋਂ ਆਪਣੀ ਕਿਸਮਤ ਲਿਖਣਗੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਦੇਣਗੇ।

 ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚੁਣੀ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਭਾਜਪਾ ਦੇ 27 ਸਾਲਾਂ ਦੇ ਕੁਸ਼ਾਸਨ ਨੂੰ ਖਤਮ ਕਰਕੇ ਸੂਬੇ ‘ਚ ਬਦਲਾਅ ਲਿਆਉਣ ਅਤੇ ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਕਰਨ ਲਈ ਉਤਾਵਲੇ ਹਨ।  

 ਪੰਜਾਬ ਦੀ ਸੱਤਾਧਾਰੀ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ 27 ਸਾਲਾਂ ਤੋਂ ਸੂਬੇ ‘ਚ ਭਾਜਪਾ ਦਾ ਰਾਜ ਹੋਣ ਕਾਰਨ ਗੁਜਰਾਤ ਦੇ ਲੋਕ ਚੰਗੀ ਸਿੱਖਿਆ, ਸਿਹਤ ਸਹੂਲਤਾਂ ਸਮੇਤ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਤੋਂ ਵਾਂਝੇ ਹਨ। ਸੂਬੇ ਵਿੱਚ ਨੌਜਵਾਨ ਬੇਰੁਜ਼ਗਾਰ ਹਨ ਅਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਪਰ ਭਾਜਪਾ ਨੇ ਹਾਲਾਤ ਸੁਧਾਰਨ ਲਈ ਕੁਝ ਨਹੀਂ ਕੀਤਾ ਅਤੇ ਉਨ੍ਹਾਂ ਦੇ ਆਗੂ ਸਿਰਫ਼ ਆਪਣੀਆਂ ਤਿਜੋਰੀਆਂ ਭਰਨ ’ਚ ਲੱਗੇ ਰਹੇ। ਸਮਾਂ ਆ ਗਿਆ ਹੈ ਅਤੇ ਗੁਜਰਾਤ ਦੇ ਲੋਕ ਹੁਣ ਇਨ੍ਹਾਂ ਭ੍ਰਿਸ਼ਟ ਸਿਆਸਤਦਾਨਾਂ ਨੂੰ ਸਬਕ ਸਿਖਾਉਣਗੇ।

 ਉਨ੍ਹਾਂ ਕਿਹਾ ਕਿ ਕਿਸੇ ਬਦਲ ਦੀ ਘਾਟ ਕਾਰਨ ਭਾਜਪਾ ਦਹਾਕਿਆਂ ਤੋਂ ਗੁਜਰਾਤ ਵਿੱਚ ਸਰਕਾਰ ਚਲਾ ਰਹੀ ਸੀ। ਪਰ ਹੁਣ ਲੋਕਾਂ ਕੋਲ ‘ਆਪ’ ਦੀ ਇਮਾਨਦਾਰ ਸਰਕਾਰ ਚੁਣਨ ਦਾ ਵਿਕਲਪ ਹੈ, ਜੋ ਨਾ ਸਿਰਫ ਵਿਕਾਸ, ਨਵੇਂ ਸਕੂਲ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਾਏਗੀ ਬਲਕਿ ਇਹ ਵੀ ਯਕੀਨੀ ਬਣਾਏਗੀ ਕਿ ਇਨ੍ਹਾਂ ਭ੍ਰਿਸ਼ਟ ਨੇਤਾਵਾਂ ਨੂੰ ਉਨ੍ਹਾਂ ਦੇ ਕੰਮਾਂ ਅਤੇ ਘਪਲਿਆਂ ਦਾ ਹਿਸਾਬ ਦੇਣਾ ਪਵੇ।

 ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਦੇਸ਼ ਦਾ ਪੈਸਾ ਅੰਗਰੇਜ਼ਾਂ ਨਾਲੋਂ ਕਿਤੇ ਵੱਧ ਬੇਰਹਿਮੀ ਨਾਲ ਲੁੱਟਿਆ, ਪਰ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਗੁਜਰਾਤ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।

 ਉਨ੍ਹਾਂ ਦੁਹਰਾਇਆ ਕਿ ‘ਆਪ’ ਗੁਜਰਾਤ ਸਮੇਤ ਦੇਸ਼ ਭਰ ਵਿੱਚ ਸਿਆਸੀ ਖੇਤਰ ਵਿੱਚ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁਕਾਬਲਾ ਕਾਂਗਰਸ ਜਾਂ ਭਾਜਪਾ ਨਾਲ ਨਹੀਂ, ਸਗੋਂ ‘ਆਪ’ ਦੀ ਲੜਾਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਧਦੀ ਮਹਿੰਗਾਈ, ਪੇਪਰ ਲੀਕ ਅਤੇ ਸੂਬੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਖ਼ਿਲਾਫ਼ ਹੈ।

Leave a Reply

Your email address will not be published. Required fields are marked *