Thu. Dec 7th, 2023


ਨਵੀਂ ਦਿੱਲੀ-ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜਦ ਮੈਂਬਰ, ਪ੍ਰਸਿੱਧ ਉਦਯੋਗਪਤੀ, ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੀਤ
ਪ੍ਰਧਾਨ, ਉੱਘੇ ਸਮਾਜ ਸੇਵੀ ਅਤੇ ਰਾਮਗੜ੍ਹੀਆ ਸਹਿਕਾਰੀ ਬੈਂਕ ਸ਼ੇਅਰ ਹੋਲਡਰ ਐਸੋਸੀਏਸ਼ਨ (ਰਜਿ:) ਦਿੱਲੀ ਦੇ ਐਕਟਿੰਗ ਪ੍ਰਧਾਨ ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਪਿਛਲੇ ਤਕਰੀਬਨ ਛੇ ਵਰ੍ਹਿਆਂ ਤੋਂ ਸ਼ੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ
ਬੇਅਦਬੀਆਂ ਦੀ ਕੱਲ੍ਹ ਉਦੋਂ ਸਿਖਰ ਹੋ ਗਈ ਜਦੋਂ ਇਕ ਬੰਦੇ ਨੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਦਰਸ਼ਨੀ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪਹੁੰਚ ਕੇ ਉਥੋਂ ਸ੍ਰੀ ਸਾਹਿਬ ਚੁੱਕ ਲਈ।ਉਹ ਸ੍ਰੀ ਸਾਹਿਬ ਚੁੱਕ ਕੇ
ਕੋਈ ਵੀ ਕੋਝੀ ਹਰਕਤ ਕਰ ਸਕਦਾ ਸੀ ਪਰ ਉਥੇ ਮੌਜੂਦ ਸੇਵਾਦਾਰਾਂ ਤੇ ਸੰਗਤਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ, ਬਾਅਦ `ਚ ਗੁੱਸੇ ਵਿਚ ਆਈਆਂ ਸੰਗਤਾਂ ਵਲੋਂ ਕੀਤੀ ਗਈ ਕੁੱਟਮਾਰ ਕਰਨ ਨਾਲ ਉਸ ਦੀ ਮੌਤ ਹੋ ਗਈ।ਪ੍ਰਧਾਨ ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਸ੍ਰੀ
ਦਰਬਾਰ ਸਾਹਿਬ ਵਿਚ ਹੋਈ ਬੇਅਦਬੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਕੁਝ ਸਾਲ ਪਹਿਲਾਂ ਵੀ ਇਕ ਬੰਦਾ ਤਾਬਿਆ ਬੈਠੇ ਗ੍ਰੰਥੀ ਸਾਹਿਬ ਦੀ ਪਿੱਠ ਵਾਲੇ ਪਾਸਿਉਂ ਜੰਗਲਾ ਟੱਪ ਛਾਲ ਮਾਰ ਕੇ ਉਦੋਂ ਖਾਲੀ ਪੀਹੜਾ ਸਾਹਿਬ ਉਤੇ ਚੌਕੜਾ ਮਾਰ ਕੇ ਬਹਿ ਗਿਆ
ਸੀ।ਉਨ੍ਹਾਂ ਕਿਹਾ ਕਿ ਹਾਲੇ ਕੁਝ ਮਹੀਨੇ ਪਹਿਲਾਂ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੌਰਾਨ ਕੀਰਤਨ ਕਰ ਰਹੇ ਰਾਗੀਆਂ ਉਤੇ ਇਕ ਬੰਦੇ ਵਲੋਂ ਸਿਗਰਟਾਂ ਦੇ ਧੂੰਏ ਸੁੱਟ ਕੇ ਬੇਅਦਬੀ ਕਰਨ ਦੀ ਘਟਨਾ ਵਾਪਰੀ ਸੀ।ਦਿੱਲੀ ਦੇ
ਗੁਰਦੁਆਰਾ ਬੰਗਲਾ ਸਾਹਿਬ, ਸਿੰਘੂ ਬਾਰਡਰ ਦੇ ਕਿਸਾਨ ਮੋਰਚੇ ਅਤੇ ਦੇਸ਼ ਭਰ ਦੇ ਹੋਰ ਸਥਾਨਕ ਗੁਰਦੁਆਰਿਆਂ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪਾਵਨ ਗੁਟਕਿਆਂ ਦੀਆਂ ਬੇਅਦਬੀਆਂ ਦੀ ਇਕ ਲੜੀ ਚਲ ਰਹੀ ਹੈ।ਪੁਲੀਸ ਵਲੋਂ ਹਰ ਵਾਰ ਕਸੂਰਵਾਰ ਬੰਦਾ ਮਾਨਸਿਕ
ਰੋਗੀ ਅਥਵਾ ਪਾਗ਼ਲ ਕਰਾਰ ਦੇ ਕੇ ਛੱਡਿਆ ਜਾਂਦਾ ਰਿਹਾ ਹੈ।ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਹੁਣ ਇਸ ਦਾ ਹੱਲ ਕੀ ਹੈ ? ਪੁਲੀਸ ਤੇ ਪ੍ਰਸ਼ਾਸਨ ਦੀ ਕਾਰਵਾਈ ਤਾਂ ਮਗਰੋਂ ਦੀ ਗੱਲ ਹੈ, ਜੇ ਪ੍ਰਬੰਧਕ ਤੇ ਸੰਗਤ ਚੇਤੰਨ-ਸੁਚੇਤ ਹੋ ਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਕਰਨ ਤਾਂ ਭਵਿੱਖ ਵਿਚ ਕੋਈ ਅਜਿਹੀ ਮੰਦਭਾਗੀ ਘਟਨਾ ਨਹੀਂ ਵਾਪਰ ਸਕੇਗੀ।ਇਸ ਲਈ ਚਲ ਰਹੇ ਦੀਵਾਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰੇ ਪਾਸਿਉਂ ਲੁੜੀਂਦੀ ਗਿਣਤੀ ਵਿਚ ਸ਼ਸਤਰਧਾਰੀ ਸੇਵਾਦਾਰ ਤੈਨਾਤ ਹੋਣ। ਬਹੁਤੇ ਹਿੰਦੂ ਮੰਦਰਾਂ ਵਿਚ ਦੁਪਹਿਰ-ਸ਼ਾਮ ਤਕ ਤਾਲੇ ਲਗਦੇ ਹਨ ਪਰ ਗੁਰਦੁਆਰੇ ਰਾਤ ਤਕ ਖੁਲ੍ਹੇ ਰਹਿੰਦੇ ਹਨ। ਇਸ ਲਈ ਸਵੇਰੇ ਦੀਵਾਨ ਉਪਰੰਤ ਸ਼ਾਮ ਤਕ ਖੁਲ੍ਹੇ ਗੁਰਦੁਆਰਿਆਂ ਦੇ ਮੁੱਖ
ਦਰਵਾਜ਼ੇ, ਹਾਲ ਵਿਚ ਅਤੇ ਪ੍ਰਕਾਸ਼ ਸਥਾਨ ਦੇ ਨੇੜੇ ਇਕ-ਇਕ ਸ਼ਸਤਰਧਾਰੀ ਸੇਵਾਦਾਰ ਨੂੰ ਤੈਨਾਤ ਕੀਤਾ ਜਾਵੇ।ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਮੌਜੂਦਾ ਦੌਰ `ਚ ਇਸ ਤਰ੍ਹਾਂ ਤੇ ਕੁਝ ਹੋਰ ਉਚਿਤ ਪ੍ਰਬੰਧਕੀ ਉਪਾਅ ਕਰਕੇ ਅਜਿਹੀਆਂ ਦੁੱਖਦਾਈ ਬੇਅਦਬੀਆਂ ਤੋਂ
ਬਚਿਆ ਜਾ ਸਕਦਾ ਹੈ।ਗੁਰਦੁਆਰਿਆਂ ਵਿਚ ਉਚਿਤ ਥਾਵਾਂ `ਤੇ ਕੈਮਰੇ ਜ਼ਰੂਰ ਲਗਾਏ ਜਾਣ ਪਰ ਕੈਮਰੇ ਤਾਂ ਘਟਨਾ ਤੋਂ ਬਾਅਦ ਦੀ ਗਵਾਹੀ ਲਈ ਕੰਮ ਆਉਂਦੇ ਹਨ।ਇਸ ਲਈ ਪਹਿਲਾਂ ਸਾਵਧਾਨ ਹੋਣਾ ਹੀ ਜ਼ਰੂਰੀ ਹੈ।

Leave a Reply

Your email address will not be published. Required fields are marked *