ਨਵੀਂ ਦਿੱਲੀ- ਕੁਲ ਜਹਾਨ ਜਗਤ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਆਏ ਦਿਨ ਪੜਨ ਨੂੰ ਮਿਲਦੀ ਹੈ ਜਿਸ ਨਾਲ ਕੌਮ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ ਸਰਕਾਰ ਵਲੋਂ ਵੀ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਨਾ ਕਰਣ ਕਰਕੇ ਦੋਸ਼ੀਆਂ ਦੇ ਹੋਂਸਲੇ ਬੁਲੰਦ ਰਹਿੰਦੇ ਹਨ ਤੇ ਉਹ ਮੰਦਭਾਗੇ ਕਾਰਜ਼ ਕਰਣ ਦੋ ਨਹੀਂ ਡਰਦੇ ਹਨ । ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਭਾਈ ਅਰਵਿੰਦਰ ਸਿੰਘ “ਰਾਜਾ”, ਭਾਈ ਮਲਕੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਹਰਪਾਲ ਸਿੰਘ “ਨੀਲਾ” ਨੇ ਕਿਹਾ ਕਿ ਬੀਤੀ 25 ਜੂਨ ਨੂੰ ਦੁਪਹਿਰ ਵੇਲੇ ਜਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਇਸੇ ਹੀ ਪਿੰਡ ਦੀ ਵਸਨੀਕ ਗੁਰਮੇਲ ਕੌਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਪਟਰੌਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨ ਭੇਟ ਹੋ ਗਿਆ ਅਤੇ ਬਾਕੀ 6 ਸਰੂਪ ਜਿਹੜੇ ਸੱਚਖੰਡ ਵਿਖੇ ਸਨ ਉਹ ਸਿੱਖ ਸੰਗਤ ਨੇ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਏ। ਇਹ ਦੁਰਘਟਨਾ ਵਾਪਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖ਼ਤ ਉਤੇ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਕੋਈ ਵੀ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ। ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਇਸ ਦੁਰਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਹਿਚਾਣ ਹੋਈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲ ਪਿੱਛੇ ਝਾਤ ਮਾਰੀ ਜਾਏ ਤਾਂ ਬੇਅਦਬੀ ਦੇ ਬਹੁਤ ਸਾਰੇ ਮਾਮਲੇ ਮਿਲਦੇ ਹਨ ਤੇ ਸਜ਼ਾ ਕਿਸੇ ਨੂੰ ਵੀ ਨਹੀਂ ਮਿਲ ਪਾਈ । ਅਦਾਲਤਾਂ ਅੰਦਰ ਲੰਮੇ ਸਮੇਂ ਤਕ ਮਾਮਲੇ ਚਲਦੇ ਰਹਿੰਦੇ ਹਨ ਤੇ ਅੰਤ ਵਿਚ ਗਵਾਹ ਨਾ ਮਿਲਣ ਕਰਕੇ ਮਾਮਲਾ ਖ਼ਤਮ ਹੋ ਜਾਂਦਾ ਹੈ । ਬਰਗਾੜੀ ਕਾਂਡ ਵਾਲਾ ਮਾਮਲਾ ਹਾਲੇ ਵੀ ਵਿਚਾਰਾਧੀਨ ਹੈ ਨਵੀਂ ਨਵੀਂ ਸਿਟ ਬਣਾਈ ਜਾਂਦੀ ਹੈ ਸਿਆਸੀ ਨੇਤਾਵਾਂ ਤੇ ਜ਼ੋਰ ਸਦਕਾ ਮਾਮਲਾ ਲਟਕਿਆ ਰਹਿ ਜਾਂਦਾ ਹੈ ਜਿਹੜੀ ਕਿ ਬੇਅਦਬੀ ਮਾਮਲੇ ਨੂੰ ਲਮਕਾਣ ਦੀ ਤਾਜ਼ੀ ਮਿਸਾਲ ਹੈ ।
ਉਨ੍ਹਾਂ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਜੇਕਰ ਦੁਨਿਆਵੀ ਢਾਂਚੇ ਇਨਸਾਫ ਕਰਨ ਦੇ ਸਮਰੱਥ ਨਾ ਰਹਿਣ ਤਾਂ ਸਿੱਖ ਦਾ ਫਰਜ ਆਪਣੇ ਸੱਚੇ ਪਾਤਿਸਾਹ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲ ਕੇ ਖੁਦ ਇਨਸਾਫ ਕਰਨ ਦਾ ਹੈ। ਇਹੀ ਸਾਡੀ ਰਵਾਇਤ ਹੈ, ਇਹੀ ਗੁਰੂ ਦੇ ਅਦਬ ਵਿੱਚ ਸਿੱਖ ਦਾ ਕਰਮ ਹੈ।
ਪੰਥਕ ਰਵਾਇਤ ਦੀ ਅਣਦੇਖੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਅਵੱਗਿਆ ਹੀ ਹੁੰਦੀ ਹੈ ਜੋ ਸਿੱਖ ਸੰਗਤ ਅੱਜ-ਕੱਲ੍ਹ ਜਾਣੇ-ਅਣਜਾਣੇ ਵਿੱਚ ਲਗਾਤਾਰ ਕਰ ਰਹੀ ਹੈ। ਇਸ ਅਵੇਸਲੇਪਣ ਕਾਰਨ ਇਹ ਅਵੱਗਿਆ ਇਕ ਦਿਨ ਘੋਰ ਬੇਅਦਬੀ ਦੇ ਰੂਪ ਵਿੱਚ ਵਾਪਰ ਜਾਂਦੀ ਹੈ। ਫਿਰ ਅਸੀਂ ਆਪਣੇ ਢਿੱਲੇ ਪਹਿਰੇ ਨੂੰ ਲੁਕਾਉਣ ਲਈ ਦੋਸ਼ੀ ਨੂੰ ਲੱਭਣ ਅਤੇ ਦੁਨਿਆਵੀ ਅਦਾਲਤਾਂ ਤੋਂ ਸਜਾ ਦਬਾਉਣ ਲਈ ਸੜਕਾਂ ਬੰਦ ਕਰਦੇ ਹਾਂ, ਮੋਰਚੇ ਲਗਾਉਂਦੇ ਹਾਂ। ਜੇਕਰ ਦੋਸ਼ੀ ਲੱਭ ਵੀ ਜਾਏ ਅਤੇ ਦੋਸ਼ ਸਿੱਧ ਵੀ ਹੋ ਜਾਣ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੀ ਹੁੰਦੀ ਹੈ। ਦੋਸ਼ੀ ਨੇ ਦੁਰਘਟਨਾ ਕਿਉਂ ਕੀਤੀ ਅਤੇ ਕਿਸ ਨੇ ਕਰਵਾਈ ਉਸ ਦੀ ਤਫ਼ਤੀਸ਼ ਪੁਲਸ ਕਦੇ ਨਹੀਂ ਕਰਦੀ। ਸੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸੁਰੱਖਿਆ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ ਅਤੇ ਇਸ ਲਈ ਮੁੜ ਤੋਂ ਸਖ਼ਤ ਮਰਿਆਦਾ ਬਣਾ ਕੇ ਲਾਗੂ ਕਰਣ ਦੀ ਲੋੜ ਹੈ ਜਿਸ ਨਾਲ ਭਵਿੱਖ ਵਿਚ ਕੋਈ ਵੀ ਟੇਡੀ ਅੱਖ ਨਾਲ ਨਾ ਦੇਖ ਸਕੇ ।
ਅੰਤ ਵਿਚ ਉਨ੍ਹਾਂ ਜੰਮੂ ਕਸ਼ਮੀਰ ਵਿਚ ਲਵ ਜਿਹਾਦ ਰਾਹੀ ਹੋ ਰਹੇ ਸਿੱਖ ਕੁੜੀਆਂ ਦੇ ਧਰਮਪਰਿਵਰਤਣ ਬਾਰੇ ਰੋਸ਼ ਪ੍ਰਗਟ ਕਰਦੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਮਕੀਆਂ ਦੇ ਕੇ ਸਿੱਖ ਕੁੜੀਆਂ ਅਗਵਾ ਕਰ ਕੇ ਜਬਰੀ ਧਰਮ ਪਰਿਵਰਤਨ ਕਰ ਕੇ ਉਹਨਾਂ ਦਾ ਬੁੱਢਿਆਂ ਨਾਲ ਨਿਕਾਹ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਸਿੱਖਾਂ ਨਾਲ ਮਤਰਿਆ ਵਿਵਹਾਰ ਕਰ ਰਹੀ ਹੈ ਉਹ ਇਤਿਹਾਸ ਨੂੰ ਪੜ ਲਵੇ ਕਿ ਅਜ ਜੰਮੂ ਕਸ਼ਮੀਰ ਸਿੱਖਾਂ ਦੀਆ ਦਿਤੀਆਂ ਹੋਈਆਂ ਸ਼ਹਾਦਤਾਂ ਸਦਕਾ ਹੀ ਹਿੰਦੁਸਤਾਨ ਨਾਲ ਹੈ ਨਹੀਂ ਤੇ ਇਹ ਪਾਕਿਸਤਾਨ ਦਾ ਇਕ ਹਿੱਸਾ ਹੋਣਾ ਸੀ, ਸਰਕਾਰ ਨੂੰ ਜਲਦ ਤੋਂ ਜਲਦ ਇਸ ਲਈ ਵਿਸ਼ੇਸ਼ ਕਾਨੂੰਨ ਬਣਾ ਕੇ ਓਥੇ ਰਹਿ ਰਹੇ ਸਿੱਖਾਂ ਨੂੰ ਰਾਹਤ ਦੇਣੀ ਚਾਹੀਦੀ ਹੈ ।