Thu. Nov 30th, 2023


ਨਵੀਂ ਦਿੱਲੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੁਭਾਸ਼ ਨਗਰ 14 ਬਲਾਕ ਦੇ ਗੁਰਦਵਾਰਾ ਜੈ ਸਿੰਘ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਮੌਕੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ’ਤੇ ਚੌਰ ਸਾਹਿਬ ਦੀ ਸੇਵਾ ਨਿਭਾਈ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਜਸ ਉਚਾਰਨ ਕਰਦੇ ਹੋਏ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਰਸਤੇ ਵਿਚ ਸੰਗਤਾਂ ਨੇ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਰਾਹੀਂ ਸੇਵਾ ਕੀਤੀ। ਇਸ ਦੌਰਾਨ ਸਕੂਲੀ ਬੱਚਿਆਂ, ਬੈਂਡ ਪਾਰਟੀਆਂ, ਸ਼ਬਦ ਚੌਂਕੀ ਜਥੇ ਤੇ ਗਤਕਾ ਪਾਰਟੀਆਂ ਨੇ ਪੂਰੇ ਉਤਸ਼ਾਹ ਨਾਲ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਦਰਪ੍ਰੀਤ ਸਿੰਘ ਮੌਂਟੀ ਕੋਛੜ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਿੱਖ ਜਗਤ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਦੀ ਅਪੀਲ ਕੀਤੀ। ਗੁਰਦੁਆਰਾ ਸਾਹਿਬ ਤੋਂ ਪ੍ਰਕਾਸ਼ ਪੁਰਬ ਮੌਕੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ’ਚ ਸ਼ਮੂਲੀਅਤ ਕਰਨ ਮੌਕੇ ਮੌਂਟੀ ਕੋਛੜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਜਾਤ-ਪਾਤ ਦੀ ਵਲਗਣ ਵਿੱਚੋਂ ਕੱਢਿਆ। ਗੁਰੂ ਸਾਹਿਬ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਉਪਦੇਸ਼ ਨਾਲ ਦੁਨੀਆਂ ਦੇ ਧਰਮ ਇਤਿਹਾਸ ਅੰਦਰ ਵਿਲੱਖਣ ਮਾਰਗ ਨਿਰਧਾਰਤ ਕੀਤਾ। ਮੌਂਟੀ ਕੋਛੜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰਬਾਣੀ ਉਪਦੇਸ਼ ਮਨੁੱਖ ਨੂੰ ਸਾਂਵੀਂ-ਸੁਖਾਵੀਂ ਜ਼ਿੰਦਗੀ ਲਈ ਪ੍ਰੇਰਣਾ ਸਰੋਤ ਹਨ ਅਤੇ ਸਭ ਦਾ ਫ਼ਰਜ਼ ਹੈ ਕਿ ਗੁਰਬਾਣੀ ’ਤੇ ਅਮਲ ਕਰਕੇ ਆਪਣਾ ਜੀਵਨ ਬਤੀਤ ਕਰੀਏ। ਨਗਰ ਕੀਰਤਨ ਦੌਰਾਨ ਸਾਬਕਾ ਮੰਤਰੀ ਹਰਸ਼ਰਨ ਸਿੰਘ ਬੱਲੀ, ਗਗਨਦੀਪ ਸਿੰਘ, ਨਿਰਮਲ ਸਿੰਘ ਸੇਠੀ, ਮਾਤਾ ਸਰਬਜੀਤ ਕੌਰ, ਅਮਰਜੀਤ ਸਿੰਘ ਸੇਠੀ, ਗੁਰਮੀਤ ਸਿੰਘ ਸੇਠੀ, ਕੰਵਲਜੀਤ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ ਬੱਗਾ, ਮੋਹਨ ਸਿੰਘ ਰਾਜਵੰਸ਼ੀ, ਜਸਬੀਰ ਸਿੰਘ ਲੱਟੂ, ਗੁਰਮੀਤ ਸਿੰਘ ਰਿੰਕੂ ਸਮੇਤ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *