ਨਵੀਂ ਦਿੱਲੀ- ਸੀ.ਬੀ.ਐਸ.ਈ ਵੱਲੋਂ ਐਲਾਨੇ ਨਤੀਜਿਆਂ ਵਿਚ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਇਸ ਵਾਰ ਵੀ 100ਫ਼ੀਸਦੀ ਰਹੇ। 10ਵੀਂ ਜਮਾਤ ਦੇ 112 ਬੱਚਿਆਂ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਜਦੋਂ ਕਿ 12 ਵੀਂ ਜਮਾਤ ਦੇ 335 ਵਿਦਿਆਰਥੀ ਅਜਿਹੇ ਸਨ ਜਿਨ੍ਹਾਂ ਨੇ 90 ਫ਼ੀਸਦੀ ਤੋਂ ਵੱਧ ਨੰਬਰ ਹਾਸਲ ਕੀਤੇ। ਇੱਕ ਬੱਚੀ ਨੇ 100 ਫ਼ੀਸਦੀ ਨੰਬਰ ਹਾਸਲ ਕੀਤੇ। ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਸਕੂਲ ਮੈਨੇਜਮੇਂਟ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ, ਸਕੂਲ ਦੇ ਚੇਅਰਮੈਨ ਬਲਦੀਪ ਸਿੰਘ ਰਾਜਾ, ਮੈਨੇਜਰ ਜਗਜੀਤ ਸਿੰਘ, ਪ੍ਰਿੰਸੀਪਲ ਡਾ. ਹਰਲੀਨ ਕੌਰ ਨੇ ਬੱਚਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ।
ਸ. ਹਰਮਨਜੀਤ ਸਿੰਘ ਨੇ ਕਿਹਾ ਸਾਨੂੰ ਮਾਣ ਹੈ ਆਪਣੇ ਸਕੂਲ ਦੇ ਬੱਚਿਆਂ ’ਤੇ ਜਿਨ੍ਹਾਂ ਨੇ ਮਿਹਨਤ ਅਤੇ ਲਗਨ ਸਦਕਾ ਇਤਨੇ ਚੰਗੇ ਨੰਬਰ ਹਾਸਲ ਕੀਤੇ ਅਤੇ ਸਕੂਲ ਦਾ ਨਾਓ ਰੌਸ਼ਨ ਕੀਤਾ । ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਿੰਗ ਸਟਾਫ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬੱਚਿਆਂ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਪਰੀਖਿਆ ਲਈ ਤਿਆਰੀ ਕਰਵਾਈ। ਉਨ੍ਹਾਂ ਕਿਹਾ ਕਿ ਉਸ ਸਮੇਂ ਹੋਰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਇਨ੍ਹਾਂ ਵਿੱਚੋਂ ਕੁਝ ਬੱਚੇ ਅੱਗੇ ਜਾ ਕੇ ਸਿਵਿਲ ਸੇਵਾਵਾਂ, ਡਾਕਟਰੀ, ਵਕਾਲਤ, ਖੇਲਕੂਦ ਅਤੇ ਹੋਰ ਵੱਖੋਂ-ਵੱਖ ਖੇਤਰਾਂ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹਨ ਅਤੇ ਚੰਗੇ ਅਹੁਦੇ ਹਾਸਲ ਕਰਦੇ ਹਨ। ਬਹੁਤ ਜਲਦ ਅਜਿਹੇ ਬੱਚੇ ਜੋ ਸਕੂਲ ਤੋਂ ਪੜ੍ਹ ਕੇ ਚੰਗੇ ਅਹੁਦਿਆਂ ’ਤੇ ਪਹੁੰਚੇ ਹਨ ਉਨ੍ਹਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।
ਪ੍ਰੋਗਰਾਮ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਨਾਲ ਕੀਤੀ ਗਈ, ਉਪਰੰਤ ਸ: ਹਰਮਨਜੀਤ ਸਿੰਘ, ਬਲਦੀਪ ਸਿੰਘ ਰਾਜਾ, ਜਗਜੀਤ ਸਿੰਘ, ਡਾ: ਹਰਲੀਨ ਕੌਰ ਵੱਲੋਂ ਸਮੂਹ ਬੱਚਿਆਂ ਅਤੇ ਟੀਚਿੰਗ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ।