ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀ ਬੀ ਐਸ ਈ) ਵੱਲੋਂ ਅੱਜ ਐਲਾਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਲਈ ਸਕੂਲਾਂ ਦੇ ਚੇਅਰਮੈਨਾਂ, ਪ੍ਰਿੰਸੀਪਲਾਂ, ਸਟਾਫ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਹਰ ਸਾਲ ਵਾਂਗੂ ਇਸ ਵਾਰ ਵੀ 10ਵੀਂ ਤੇ 12ਵੀਂ ਦੇ ਨਤੀਜਿਆਂ ਵਿਚ ਸ਼ਾਨਦਾਰ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਬੇਸ਼ੱਕ ਸਿਆਸੀ ਵਿਰੋਧੀਆਂ ਨੇ ਸਕੂਲਾਂ ਦਾ ਵੀ ਸਿਆਸੀਕਰਨ ਕਰਨ ਦਾ ਯਤਨ ਕੀਤਾ ਪਰ ਵਿਦਿਆਰਥੀਆਂ, ਸਟਾਫ ਤੇ ਮਾਪਿਆਂ ਦੀ ਮਿਹਨਤ ਸਦਕਾ ਮਿਲੇ ਸ਼ਾਨਦਾਰ ਨਤੀਜੇ ਅਜਿਹੇ ਸਿਆਸੀ ਵਿਰੋਧੀਆਂ ਦੇ ਮੂੰਹ ’ਤੇ ਕਰਾਰੀ ਚਪੇੜ ਹਨ।
ਉਹਨਾਂ ਦੱਸਿਆ ਕਿ 10ਵੀਂ ਦੇ ਨਤੀਜਿਆਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ 12 ਬ੍ਰਾਂਚਾਂ ਵਿਚੋਂ 9 ਬ੍ਰਾਂਚਾਂ ਦੇ 100 ਫੀਸਦੀ ਨਤੀਜੇ ਆਏ ਹਨ ਤੇ ਬਾਕੀ 3 ਬ੍ਰਾਂਚਾਂ ਦੇ 99.5 ਪ੍ਰਤੀਸ਼ਤ ਨਤੀਜੇ ਆਏ ਹਨ। ਇਸੇ ਤਰੀਕੇ 12ਵੀਂ ਕਲਾਸ ਦੇ ਨਤੀਜਿਆਂ ਵਿਚ ਕਈ ਬ੍ਰਾਂਚਾਂ ਦੇ 99.5, 98.7, 97.4 ਤੇ ਇਸੇ ਤਰੀਕੇ ਦੇ ਨਤੀਜੇ ਆਏ ਹਨ ਤੇ ਓਵਰਆਲ 97 ਫੀਸਦੀ ਨਤੀਜਾ ਆਇਆ ਹੈ।
ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਸਾਡੇ 98 ਤੋਂ 100 ਫੀਸਦੀ ਤੱਕ ਨਤੀਜੇ ਸਨ।
ਉਹਨਾਂ ਕਿਹਾ ਕਿ ਇਹਨਾਂ ਸ਼ਾਨਦਾਰ ਪ੍ਰਾਪਤੀਆਂ ਲਈ ਇਹਨਾਂ ਸਕੂਲਾਂ ਦੇ ਚੇਅਰਮੈਨ, ਪ੍ਰਿੰਸੀਪਲ, ਵਿਦਿਆਰਥੀ ਤੇ ਉਹਨਾਂ ਦੇ ਮਾਪਿਆਂ ਦੀ ਮਿਹਨਤ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਹੀ ਇਹ ਅਪੀਲ ਕਰਦੇ ਰਹੇ ਹਾਂ ਕਿ ਸੰਗਤਾਂ ਆਪਣੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਦਾਖਲੇ ਦੁਆਉਣ ਜਿਥੇ ਪੰਜਾਬੀ, ਗੁਰਮੁਖੀ ਵੀ ਸਿਖਾਈ ਜਾਂਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਨਤੀਜੇ ਕਾਬਲੇ ਤਾਰੀਫ ਹੈ ਜਿਸ ਲਈ ਸਕੁਲਾਂ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਬੱਚਿਆਂ ਨੂੰ ਵਧਾਈ ਤੇ ਇਹਨਾਂ ਦੇ ਮਾਪਿਆਂ ਨੂੰ ਵੀ ਲੱਖ-ਲੱਖ ਵਧਾਈ।