ਨਵੀਂ ਦਿੱਲੀ -ਸੰਯੁਕਤ ਕਿਸਾਨ ਮੋਰਚਾ ਸਿਰਸਾ ਪ੍ਰਸ਼ਾਸਨ ਵੱਲੋਂ 15 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਲਗਾਏ ਗਏ ਦੇਸ਼-ਧ੍ਰੋਹ ਅਤੇ ਹੋਰ ਇਲਜਾਮਾਂ ਨੂੰ ਵਾਪਸ ਲੈਣ ਦੀ ਮੰਗ ਕਰਦਾ ਹੈ। ਐਸਕੇਐਮ ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਦੀ ਤੁਰੰਤ ਰਿਹਾਈ ਦੀ ਵੀ ਮੰਗ ਵੀ ਕਰਦਾ ਹੈ। ਐਤਵਾਰ (11 ਜੁਲਾਈ) ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਖਿਲਾਫ ਹੋਏ ਰੋਸ ਪ੍ਰਦਰਸ਼ਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇਹ ਦਮਨਕਾਰੀ ਕਦਮ ਚੁੱਕੇ ਗਏ ਸਨ ਅਤੇ ਪ੍ਰਸ਼ਾਸਨ ਕਿਸਾਨਾਂ ਉਤੇ ਹਿੰਸਕ ਹੋਣ ਦਾ ਦੋਸ਼ ਲਾ ਰਿਹਾ ਹੈ ।ਹਾਲਾਂਕਿ, ਪ੍ਰਸ਼ਾਸਨ ਅਜੇ ਤੱਕ ਅਜਿਹੀ ਕੋਈ ਵੀ ਵੀਡਿਓ ਜਾਂ ਹੋਰ ਸਬੂਤ ਨਹੀਂ ਦਿਖਾ ਸਕਿਆ ਹੈ ਕਿ ਕਿਸਾਨ ਅਜਿਹੀ ਕਥਿਤ ਹਿੰਸਾ ਵਿਚ ਸ਼ਾਮਲ ਸਨ । ਕੱਲ੍ਹ ਪ੍ਰਸ਼ਾਸਨ ਨਾਲ 21 ਨੇਤਾਵਾਂ ਦੀ ਅਗਵਾਈ ਵਾਲੀ ਕਮੇਟੀ ਦੀ ਗੱਲਬਾਤ ਅਸਫਲ ਰਹਿਣ ਮਗਰੋਂ ਐਸਕੇਐਮ ਨੇਤਾਵਾਂ ਨੇ ਪ੍ਰਸ਼ਾਸਨ ਨੂੰ ਅੱਜ ਦੁਪਹਿਰ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ । ਜੇ ਮੰਗ ਨਾਂ ਮੰਨੀ ਗਈ ਤਾਂ ਬਲਦੇਵ ਸਿੰਘ ਸਿਰਸਾ ਵੱਲੋਂ ਉਦੋਂ ਤੱਕ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ ਜਾਵੇਗੀ, ਜਦੋਂ ਉਦੋਂ ਪ੍ਰਸ਼ਾਸਨ ਮੰਗਾਂ ਸਵੀਕਾਰ ਨਹੀਂ ਕਰਦਾ । ਇਹ ਪਰੈਸ ਬਿਆਨ ਜਾਰੀ ਹੋਣ ਵੇਲੇ ਤੋਂ ਹੀ ਮਰਨ ਵਰਤ ਸ਼ੁਰੂ ਹੋ ਗਿਆ ਹੈ । ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਹਰਿਆਣਾ ਦੀ ਕਮਜ਼ੋਰ ਸਰਕਾਰ ਹਤਾਸ਼ ਹੋਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਦੇਸ਼ ਧ੍ਰੋਹ ਵਰਗੇ ਕੇਸ ਮੜਣ ਵਾਲੇ ਘਟੀਆ ਪੈਂਤੜੇ ਅਪਣਾ ਰਹੀ ਹੈ। ਅਚੰਭੇ ਵਾਲੀ ਗੱਲ ਹੈ ਕਿ ਹਰਿਆਣਾ ਦੀ ਪੁਲਿਸ ਇਨ੍ਹਾਂ ਵੇਲਾ ਵਿਹਾ ਚੁੱਕੇ ਅਤੇ ਗੈਰ ਸੰਵਿਧਾਨਕ ਹਥਕੰਡਿਆਂ ਦੀ ਵਰਤੋਂ ਕਰ ਰਹੀ ਹੈ, ਜਦੋਂ ਕਿ ਸੁਪਰੀਮ ਕੋਰਟ ਦੇਸ਼ਧ੍ਰੋਹ ਦੇ ਕਾਨੂੰਨ ਦੀ ਦੁਰਵਰਤੋਂ ਵਿਰੁੱਧ ਅਵਾਜ਼ ਉਠਾ ਰਹੀ ਹੈ।
ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਨੇ ਅੱਜ ਦਿੱਲੀ ਪੁਲਿਸ ਦੇ ਸੰਯੁਕਤ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਮੂਹਰੇ ਹੋਣ ਵਾਲੇ ਰੋਸ ਪ੍ਰਦਰਸ਼ਨਾਂ ਬਾਰੇ ਐਸਕੇਐਮ ਦੇ ਪ੍ਰੋਗਰਾਮ ਬਾਰੇ ਦਿੱਲੀ ਪੁਲਿਸ ਨੂੰ ਜਾਣੂ ਕਰਾਇਆ ਗਿਆ । ਦਿੱਲੀ ਪੁਲਿਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕਿਸਾਨ ਅੰਦੋਲਨ ਵਲੋਂ ਸੰਸਦ ਦਾ ਘਿਰਾਓ ਕਰਨ ਜਾਂ ਇਸ ਅੰਦਰ ਧੱਕੇ ਨਾਲ ਦਾਖਲ ਹੋਣ ਦੀ ਕੋਈ ਮਨਸ਼ਾ ਨਹੀਂ ਹੈ।
ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀਆਂ ਟੀਮਾਂ ਵੱਲੋਂ ਸੰਸਦ ਦੇ ਵਿਰੋਧ ਲਈ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਸੰਸਦ ਦੇ ਹਰੇਕ ਕੰਮ ਵਾਲੇ ਦਿਨ ਵੱਖ-ਵੱਖ ਰਾਜਾਂ ਦੇ 200 ਕਿਸਾਨਾਂ ਦਾ ਜਥਾ ਰੋਸ ਪ੍ਰਦਰਸ਼ਨ ਕਰੇਗਾ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲੇ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਐਸਕੇਐਮ ਨੇ ਇਸ ਲਈ ਇਕ ਕਮੇਟੀ ਵੀ ਬਣਾਈ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਤਾਮਿਲਨਾਡੂ, ਬਿਹਾਰ, ਮੱਧ ਪ੍ਰਦੇਸ਼ ਆਦਿ ਰਾਜਾਂ ਤੋਂ ਵਧ ਤੋਂ ਵੱਧ ਕਿਸਾਨ ਮੋਰਚੇ ‘ਤੇ ਪਹੁੰਚ ਰਹੇ ਹਨ।
ਕਿਸਾਨ ਅੰਦੋਲਨ ਨਾਲ ਜੁੜੇ ਵਫ਼ਦ ਵੱਖ-ਵੱਖ ਸੂਬਿਆਂ ਵਿੱਚ ਸੰਸਦ ਮੈਂਬਰਾਂ ਨੂੰ ਮਿਲ ਰਹੇ ਹਨ ਅਤੇ ਉਹਨਾਂ ਨੂੰ ਐਸ ਕੇ ਐਮ ਵੱਲੋਂ ਜਾਰੀ ਕੀਤਾ ਗਿਆ ਵ੍ਹਿਪ ਸੌਪਿਆ ਜਾ ਰਿਹਾ ਹੈ।
ਰੋਹਤਕ ਵਿੱਚ ਹਰਿਆਣਾ ਦੇ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੀਸ਼ ਗਰੋਵਰ ਖ਼ਿਲਾਫ਼ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਸਦਭਾਵਨਾਪੂਰਣ ਸਮਝੌਤੇ ਬਾਅਦ ਖ਼ਤਮ ਹੋ ਗਿਆ ਹੈ । ਮਨੀਸ਼ ਗਰੋਵਰ ਦੀ ਕਾਰ ਵਿਚਲੇ ਵਿਅਕਤੀਆਂ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲ ਅਸ਼ਲੀਲ ਇਸ਼ਾਰੇ ਕਰਨ ਵਿਰੁੱਧ ਚੱਲ ਰਹੇ ਪੰਜ ਰੋਜ਼ਾ ਧਰਨੇ ਨੂੰ ਸਾਬਕਾ ਮੰਤਰੀ ਗਰੋਵਰ ਨਾਲ ਮੀਟਿੰਗ ਤੋਂ ਬਾਅਦ ਅੱਜ ਖ਼ਤਮ ਕਰ ਦਿੱਤਾ ਗਿਆ । ਇਹ ਮੀਟਿੰਗ ਕੁਝ ਉੱਘੇ ਸਥਾਨਕ ਵਿਚੋਲਿਆਂ ਅਤੇ ਪ੍ਰਸ਼ਾਸਨ ਦੀ ਪਹਿਲਕਦਮੀ ਨਾਲ ਕਰਵਾਈ ਗਈ ਸੀ । ਇਸ ਨਾਲ ਸੁਲ੍ਹਾ ਸਫਾਈ ਲਈ ਰਾਹ ਪੱਧਰਾ ਹੋਇਆ। ਸਾਬਕਾ ਮੰਤਰੀ ਨੇ 10 ਜੁਲਾਈ ਨੂੰ ਵਾਪਰੀ ਇਸ ਘਟਨਾ ਤੋਂ ਭੜਕੀਆਂ ਹੋਈਆਂ ਔਰਤਾਂ ਨਾਲ ਗੱਲਬਾਤ ਕੀਤੀ। ਹਾਂਸੀ ਦੇ ਵਿਧਾਇਕ ਵਿਨੋਦ ਭਯਾਨਾ ਦੇ ਕੋਲ ਬੈਠੇ ਵਿਅਕਤੀ ਦੀ ਚੰਗੀ ਤਰ੍ਹਾਂ ਪਛਾਣ ਨਾ ਕਰ ਸਕਣ ਦੀ ਗੱਲ ਮੰਨਦਿਆਂ , ਸਾਬਕਾ ਮੰਤਰੀ ਨੇ ਔਰਤਾਂ ਦੇ ਪੈਰ ਛੂਹੇ ਅਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗੀ । ਪੀੜਤ ਔਰਤਾਂ ਨੇ ਵਿਚਾਰ ਵਟਾਂਦਰੇ ਮਗਰੋਂ ਕੱਢੇ ਗਏ ਹੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।ਇਸ ਦੇ ਨਾਲ ਹੀ ਸਾਬਕਾ ਮੰਤਰੀ ਦੇ ਘਰ ਮੂਹਰੇ ਚੱਲ ਰਿਹਾ ਰੋਸ ਧਰਨਾ ਵੀ ਖਤਮ ਹੋ ਗਿਆ ਹੈ ਅਤੇ 19 ਜੁਲਾਈ ਨੂੰ ਹੋਣ ਵਾਲੀ ਮਹਿਲਾ ਮਹਾਂਪੰਚਾਇਤ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਕੱਲ ਕੈਥਲ ਵਿਖੇ ਹਰਿਆਣਾ ਦੇ ਮੰਤਰੀ ਕਮਲੇਸ਼ ਥੰਡਾ ਅਤੇ ਭਾਜਪਾ ਦੇ ਸੰਸਦ ਮੈਂਬਰ ਨਾਇਬ ਸੈਣੀ ਨੂੰ ਕਾਲੇ ਝੰਡਿਆਂ ਨਾਲ ਕੀਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਥੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਉਸ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ, ਜਿਸ ਵਿਚ ਭਾਜਪਾ ਨੇਤਾ ਹਿੱਸਾ ਲੈ ਰਹੇ ਸਨ।
ਮੌਜੂਦਾ ਅੰਦੋਲਨ ਦਾ ਹਿੱਸਾ ਬਣੀਆਂ ਹੋਈਆਂ ਕਿਸਾਨ ਜਥੇਬੰਦੀਆਂ ਵਿੱਚੋਂ ਇਕ ਬੀਕੇਯੂ-ਟਿਕੈਤ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਲੜਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਬੀ.ਕੇ.ਯੂ. ਟਿਕੈਤ ਨੇ ਇਸ ਸਬੰਧ ਵਿਚ ਪੈਦਾ ਹੋਏ ਭੁਲੇਖੇ ਦਾ ਕਾਰਨ ਰੋਜ਼ਾਨਾ ਹਿੰਦੀ ਦੈਨਿਕ  ਵੱਲੋਂ ਜਾਣਬੁੱਝ ਕੇ ਕੀਤੀ ਗਈ ਝੂਠੀ ਰਿਪੋਟਿੰਗ ਨੂੰ ਮੰਨਿਆ ਹੈ ਅਤੇ ਆਪਣੇ ਮੈਂਬਰਾਂ ਨੂੰ ਇਸ ਅਖਬਾਰ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ । ਸਿਸੌਲੀ ਵਿਚ ਨਰੇਸ਼ ਟਿਕੈਤ ਨੇ ਕਿਹਾ ਸੀ ਕਿ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਸਬਕ ਸਿਖਾਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਚੁਣੇ ਗਏ ਨੇਤਾ ਅਜਿਹੇ ਹੋਣੇ ਚਾਹੀਦੇ ਹਨ, ਕਿ ਜੇ ਉਹ ਕਿਸਾਨਾਂ ਵਿਰੁੱਧ ਕੋਈ ਗਲਤੀਆਂ ਕਰਦੇ ਹਨ ਤਾਂ ਅਜਿਹੇ ਆਗੂ ਨਾਗਰਿਕਾਂ ਮੂਹਰੇ ਆਕੇ ਮੁਆਫੀ ਮੰਗਣ ਅਤੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ । ਇਹ ਵੀ ਕਿ ਬੀ.ਕੇ.ਯੂ.-ਟਿਕੈਤ ਵੋਟਰਾਂ ਨੂੰ ਅਪੀਲ ਕਰੇਗੀ ਕਿ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖਣ ।
ਕੱਲ੍ਹ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਕਿਸਾਨਾਂ ਵਿਰੁੱਧ ਬੇਰਹਿਮ ਹਿੰਸਾ ਕੀਤੀ, ਜਿਹੜੇ ਭਾਜਪਾ ਦੇ ਸੰਜੇ ਟੰਡਨ ਅਤੇ ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਨ। ਪੁਲੀਸ ਦੀ ਇਸ ਤੋਂ ਵੀ ਘਟੀਆ ਹਰਕਤ ਸੀ ਕਿ ਉਸਨੇ ਇਕ ਬੱਚੇ ਨੂੰ ਚੁੱਕ ਕੇ ਗਿਰਫ਼ਤਾਰ ਕਰ ਲਿਆ । ਜਦੋਂ ਗ੍ਰਿਫਤਾਰ ਕੀਤੇ ਬੱਚੇ ਦੀ ਵੀਡੀਓ ਕਲਿੱਪ ਵਾਇਰਲ ਹੋ ਗਈ, ਤਾਂ ਪੁਲਿਸ ਨੇ ਅਜਿਹੀ ਹੋਛੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਵੀ ਉਸ ਉਤੇ ਯਕੀਨ ਨਹੀਂ ਹੋਇਆ । ਇਸਤੋਂ ਬਿਨਾ ਇਹ ਦਰਸਾਉਣ ਲਈ ਬਹੁਤ ਸਾਰੇ ਅੱਖੀਂ ਦੇਖੇ ਸਬੂਤ ਪ੍ਰਾਪਤ ਹਨ ਕਿ ਪੁਲਿਸ ਨੇ ਸਚਮੁਚ ਹੀ ਲੜਕੇ ਨੂੰ ਫੜਿਆ ਅਤੇ ਗ੍ਰਿਫਤਾਰ ਕੀਤਾ ਸੀ ।
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 3 ਕਿਸਾਨਾਂ ਨੂੰ 14 ਦਿਨਾਂ ਲਈ ਨਿਆਂਇਕ-ਹਿਰਾਸਤ ‘ਚ ਭੇਜਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਕੇਸ ਰੱਦ ਕੀਤੇ ਜਾਣ।
ਪੰਜਾਬ ਤੋਂ ਵਕੀਲਾਂ ਅਤੇ ਕਲਾਕਾਰਾਂ ਦੀ ਇਕ ਵੱਡੀ ਮੰਡਲੀ ਟਿਕਰੀ ਬਾਰਡਰ ‘ਤੇ ਪਹੁੰਚੀ ਹੈ, ਜਿਸਨੇ ਕਿਸਾਨੀ ਅੰਦੋਲਨ ਪ੍ਰਤੀ ਆਪਣੀ ਇਕਜੁੱਟਤਾ ਅਤੇ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ ।
ਸੰਯੁਕਤ ਕਿਸਾਨ ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਸਮਾਜਿਕ-ਬਾਈਕਾਟ ਦਾ ਸੱਦਾ ਸਿਰਫ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦਾ ਹੈ।

 

Leave a Reply

Your email address will not be published. Required fields are marked *