Sat. Dec 2nd, 2023


 ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਲੁਧਿਆਣਾ ਅਤਿਵਾਦੀ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਢਿੱਲ ਮੱਠ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਪਾਕਿਸਤਾਨ ਲਈ ਪਿਆਰ ਇਸ ਹਮਲੇ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਇਸ ਹਮਲੇ ਨੁੰ ਚੋਣਾਂ ਨਾਲ ਜੋੜ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਧਮਾਕਾ ਨਸ਼ਿਆਂ ਦੇ ਕੇਸ ਤੋਂ ਧਿਆਨ ਪਾਸੇ ਕਰਨ ਵਾਸਤੇ ਹੋਇਆ ਹੈ। ਉਹਨਾਂ ਕਿਹਾ ਕਿ ਇਹ ਉਸ ਵਿਅਕਤੀ ਦਾ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਅਤੇ ਸ਼ਰਮਨਾਕ ਬਿਆਨ ਹੈ ਜਿਸਦੇ ਮੋਢਿਆਂ ‘ਤੇ ਲੋਕਾਂ ਅਤੇ ਸੂਬੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਚੰਨੀ ਲੋਕਾਂ ਨੂੰ ਦੱਸਣ ਕਿ ਕੀ ਇਹ ਬੰਬ ਧਮਾਕਾ ਖੁਫੀਆ ਤੰਤਰ ਦੀ ਅਸਫਲਤਾ ਦਾ ਨਤੀਜਾ ਸੀ ਜਾਂ ਫਿਰ ਉਹ ਪੰਜਾਬ ਨੁੰ ਮੁੜ ਤੋਂ ਕਾਲੇ ਦੌਰ ਵਿਚ ਧੱਕਣ ਦੇ ਕਾਂਗਰਸ ਪਾਰਟੀ ਦੇ 1980ਵਿਆਂ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ। ਉਹਨਾਂ ਕਿਹਾ ਕਿ ਉਦੋਂ ਵੀ ਕਾਂਗਰਸ ਨੇ ਅਜਿਹਾ ਹੀ ਕੀਤਾ ਸੀ ਤੇ ਹਜ਼ਾਰਾਂ ਨਿਰਦੋਸ਼ਾਂ ਦੀ ਮੌਤ ਹੋਈ ਸੀ ਤੇ ਕਾਂਗਰਸ ਨੁੰ ਬਦਲੇ ਵਿਚ ਸੱਤਾ ਮਿਲੀ ਸੀ।
ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਲੁਧਿਆਣਾ ਧਮਾਕੇ ਕਾਰਨ ਸਦਮੇ ਵਿਚ ਹਨ ਅਤੇ ਮੁੱਖਮ ੰਤਰੀ ਨੁੰ ਸਟੇਜ ‘ਤੇ ਭੰਗੜੇ ਪਾਉਂਦੇ ਵੇਖ ਤੇ ਸਿੱਧੂ ਨੁੰ ਇਮਰਾਨ ਖਾਨ ਨੁੰ ਜੱਫੀਆਂ ਪਾਉਂਦੇ ਵੇਖ ਹੈਰਾਨ ਹਨ। ਉਹਨਾਂ ਕਿਹਾ ਕਿ ਚੰਨੀ ਦੱਸਣ ਕਿ ਜੇਕਰ ਉਹਨਾਂ ਕੋਲ ਹਮਲੇ ਦੀ ਪਹਿਲਾਂ ਜਾਣਕਾਰੀ ਸੀ ਤਾਂ ਫਿਰ ਕਿਸੇ ਦੀ ਗ੍ਰਿਫਤਾਰ ਕਿਉਂ ਨਹੀਂ ਕੀਤੀ ਗਈ ? ਜੇ ਨਹੀਂ ਤਾਂ ਕੀ ਉਹ ਸੁੱਤ ਪਏ ਸਨ ?
ਸਿਰਸਾ ਨੇ ਹੋਰ ਕਿਹਾ ਕਿ ਪੰਜਾਬ ਤੜਫ ਰਿਹਾ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਸੁਬੇ ਦੀ ਸੁਰੱਖਿਆ ਖਤਰੇ ਵਿਚ ਪਾ ਦਿੱਤੀ ਸੀ। ਉਹਨਾਂ ਕਿਹਾ ਕਿ ਅਮਨ ਕਾਨੁੰਨ ਦੀ ਸਥਿਤੀ ਨਿਰੰਤਰ ਗਿਰਾਵਟ ਵੱਲ ਹੈ ਅਤੇ ਕਾਂਗਰਸੀ ਆਗੂ ਤੇ ਮੁੱਖ ਮੰਤਰੀ ਇਕ ਦੂਜੇ ਸਿਰ ਦੋਸ਼ ਲਾਉਣ ਦੀ ਖੇਡ ਖੇਡ ਰਹੇ ਹਨ।

ਭਾਜਪਾ ਆਗੂ ਨੇ ਅੱਜ ਹਮਲੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਆਤਮਾਵਾਂ ਨੂੰ ਸ਼ਾਂਤੀ ਬਖ਼ਸ਼ਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। 

Leave a Reply

Your email address will not be published. Required fields are marked *