ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਜੁਆਂਇਟ ਸਕੱਤਰ ਅਤੇ ਉੱਘੇ ਸਮਾਜ ਸੇਵੀ ਸ. ਜਗਮੋਹਨ ਸਿੰਘ ਵਿਰਕ (ਸ਼ੇਰੂ) ਨੇ ਕਿਹਾ ਕਿ ਤਕਰੀਬਨ ਪਿਛਲੇ ਛੇ ਵਰ੍ਹਿਆਂ ਤੋਂ ਸ਼ੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਉਦੋਂ ਸਿਖਰ ਹੋ ਗਈ ਜਦੋਂ ਇਕ ਬੰਦੇ ਨੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਦਰਸ਼ਨੀ ਜੰਗਲਾ ਟੱਪ ਕੇ ਸ੍ਰੀ ਗੁਰੂ
ਗ੍ਰੰਥ ਸਾਹਿਬ ਕੋਲ ਪਹੁੰਚ ਕੇ ਉਥੋਂ ਸ੍ਰੀ ਸਾਹਿਬ ਚੁੱਕ ਲਈ ਸੀ ਪਰ ਉਥੇ ਮੌਜੂਦ ਸੇਵਾਦਾਰਾਂ ਤੇ ਸੰਗਤਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ, ਬਾਅਦ `ਚ ਗੁੱਸੇ ਵਿਚ ਆਈਆਂ ਸੰਗਤਾਂ ਵਲੋਂ ਕੀਤੀ ਗਈ ਕੁੱਟਮਾਰ ਕਰਨ ਨਾਲ ਉਸ ਦੀ ਮੌਤ ਹੋ ਗਈ।ਸ. ਜਗਮੋਹਨ
ਸਿੰਘ ਵਿਰਕ ਨੇ ਕਿਹਾ ਕਿ ਹੁਣ ਇਸ ਦਾ ਹੱਲ ਕੀ ਹੈ ? ਪੁਲੀਸ ਤੇ ਪ੍ਰਸ਼ਾਸਨ ਦੀ ਕਾਰਵਾਈ ਤਾਂ ਮਗਰੋਂ ਦੀ ਗੱਲ ਹੈ, ਜੇ ਪ੍ਰਬੰਧਕ ਤੇ ਸੰਗਤ ਚੇਤੰਨ-ਸੁਚੇਤ ਹੋ ਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਕਰਨ ਤਾਂ ਭਵਿੱਖ ਵਿਚ ਕੋਈ ਅਜਿਹੀ
ਮੰਦਭਾਗੀ ਘਟਨਾ ਨਹੀਂ ਵਾਪਰ ਸਕੇਗੀ।ਇਸ ਲਈ ਚਲ ਰਹੇ ਦੀਵਾਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰੇ ਪਾਸਿਉਂ ਲੁੜੀਂਦੀ ਗਿਣਤੀ ਵਿਚ ਸ਼ਸਤਰਧਾਰੀ ਸੇਵਾਦਾਰ ਤੈਨਾਤ ਹੋਣ। ਬਹੁਤੇ ਹਿੰਦੂ ਮੰਦਰਾਂ ਵਿਚ ਦੁਪਹਿਰ-ਸ਼ਾਮ ਤਕ ਤਾਲੇ ਲਗਦੇ ਹਨ ਪਰ ਗੁਰਦੁਆਰੇ ਰਾਤ ਤਕ
ਖੁਲ੍ਹੇ ਰਹਿੰਦੇ ਹਨ। ਇਸ ਲਈ ਸਵੇਰੇ ਦੀਵਾਨ ਉਪਰੰਤ ਸ਼ਾਮ ਤਕ ਖੁਲ੍ਹੇ ਗੁਰਦੁਆਰਿਆਂ ਦੇ ਮੁੱਖ ਦਰਵਾਜ਼ੇ, ਹਾਲ ਵਿਚ ਅਤੇ ਪ੍ਰਕਾਸ਼ ਸਥਾਨ ਦੇ ਨੇੜੇ ਇਕ-ਇਕ ਸ਼ਸਤਰਧਾਰੀ ਸੇਵਾਦਾਰ ਨੂੰ ਤੈਨਾਤ ਕੀਤਾ ਜਾਵੇ।ਸ. ਜਗਮੋਹਨ ਸਿੰਘ ਵਿਰਕ ਨੇ ਕਿਹਾ ਕਿ ਮੌਜੂਦਾ ਦੌਰ `ਚ ਇਸ
ਤਰ੍ਹਾਂ ਤੇ ਕੁਝ ਹੋਰ ਉਚਿਤ ਪ੍ਰਬੰਧਕੀ ਉਪਾਅ ਕਰਕੇ ਅਜਿਹੀਆਂ ਦੁੱਖਦਾਈ ਬੇਅਦਬੀਆਂ ਤੋਂ ਬਚਿਆ ਜਾ ਸਕਦਾ ਹੈ।ਗੁਰਦੁਆਰਿਆਂ ਵਿਚ ਉਚਿਤ ਥਾਵਾਂ `ਤੇ ਕੈਮਰੇ ਜ਼ਰੂਰ ਲਗਾਏ ਜਾਣ ਪਰ ਕੈਮਰੇ ਤਾਂ ਘਟਨਾ ਤੋਂ ਬਾਅਦ ਦੀ ਗਵਾਹੀ ਲਈ ਕੰਮ ਆਉਂਦੇ ਹਨ।ਇਸ ਲਈ ਪਹਿਲਾਂ ਸਾਵਧਾਨ
ਹੋਣਾ ਹੀ ਜ਼ਰੂਰੀ ਹੈ।