Fri. Mar 1st, 2024


ਨਵੀਂ ਦਿੱਲੀ-ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਕੀਤੀ ਗਈ ਸਿਆਸੀ ਬਿਆਨਬਾਜ਼ੀ ਉਤੇ ਸਿਆਸਤ ਗਰਮਾ ਗਈ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉਕਤ ਸਿਆਸੀ ਬਿਆਨਬਾਜ਼ੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਕਿਨਾਰੇ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਜੀਕੇ ਨੇ ਹੈਰਾਨੀ ਪ੍ਰਗਟਾਈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਉਤੇ ਕੇਂਦਰ ਸਰਕਾਰ ਪਾਸੋਂ ਸਿੱਖ ਆਗੂਆਂ ਦੇ ਮਿਲਣ ਦਾ ਸਮਾਂ ਲੈਣ ਵਿਚ ਨਾਕਾਮਯਾਬ ਰਹੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਹੁਣ ਆਪਣੀ ਨਾਕਾਮੀ ਛੁਪਾਉਣ ਲਈ ਜਥੇਦਾਰ ਕਾਉਂਕੇ ਦੀ ਸ਼ਹਾਦਤ ਦੇ ਮਾਮਲੇ ਉਤੇ ਅਕਾਲੀ ਆਗੂਆਂ ਨੂੰ ਜ਼ਿੰਮੇਵਾਰ ਦੱਸਣ ਦੀ ਰਾਹ ਉਤੇ ਤੁਰ ਪਏ ਹਨ। ਜਦਕਿ ਪੰਜਾਬ ਦੇ ਕਾਲੇ ਦੌਰ ਸਮੇਂ ਸਿੱਖ ਨੌਜਵਾਨਾਂ ਦੇ ਪੁਲਿਸ ਵੱਲੋਂ ਕੀਤੇ ਗਏ ਫਰਜ਼ੀ ਮੁਕਾਬਲਿਆਂ ਬਾਰੇ ਕਾਂਗਰਸ ਦੇ ਖਿਲਾਫ ਬੋਲਣ ਤੋਂ ਇਨ੍ਹਾਂ ਬੁਲਾਰਿਆਂ ਦੀ ਜੀਭ ਤਾਲੂ ਨਾਲ ਚਿਪਕ ਗਈ ਸੀ। ਇਸ ਮੌਕੇ ਰਿਟਾਇਰ ਥਾਣੇਦਾਰ ਸਤਨਾਮ ਸਿੰਘ ਗਿੱਲ ਦੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਜੀਕੇ ਨੇ ਕਿਹਾ ਕਿ ਜਦੋਂ

ਭਾਈ ਗੁਰਦੇਵ ਸਿੰਘ ਕਾਉਂਕੇ ਉਤੇ ਪੁਲਿਸ ਤਸ਼ੱਦਦ ਹੋਈ ਸੀ ਤਾਂ ਸਤਨਾਮ ਸਿੰਘ ਗਿੱਲ ਥਾਣਾ ਜਗਰਾਓ ਵਿਖੇ ਡਿਯੂਟੀ ਉਤੇ ਤੈਨਾਤ ਦਸਿਆ ਜਾਂਦਾ ਹੈ। ਫਿਰ ਉਸਨੂੰ ਦਿੱਲੀ ਕਮੇਟੀ ਵੱਲੋਂ ਸ਼ਹੀਦੀ ਸਮਾਗਮ ਵਿਚ ਕਿਉਂ ਸੱਦਿਆ ਗਿਆ ਸੀ.?
ਜੀਕੇ ਨੇ ਕਿਹਾ ਕਿ ਡਿਬਰੂਗੜ੍ਹ ਦੀ ਜੇਲ੍ਹ ਵਿਚ ਬੰਦ ਸਿੰਘਾਂ ਦੇ ਮਸਲੇ ਉਤੇ ਹਾਲੇ ਤੱਕ ਚੁੱਪ ਰਹਿਣ ਵਾਲੀ ਦਿੱਲੀ ਕਮੇਟੀ ਦੇ ਆਗੂਆਂ ਦਾ ਨਿਸ਼ਾਨਾ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੇ ਇਛੁੱਕ ਹਮਖਿਆਲ ਲੋਕਾਂ ਨੂੰ ਦਿੱਲੀ ਕਮੇਟੀ ਦੇ ਸਰੋਤਾਂ ਤੋਂ ਸਹਿਯੋਗ ਦੇਣ ਦੇ ਭਰੋਸੇ ਸਹਾਰੇ ਇਸ ਸਮਾਗਮ ਵਿਚ ਸੱਦਿਆ ਗਿਆ ਸੀ। ਇਹੀਂ ਕਾਰਨ ਹੈ ਕਿ ਪੰਜਾਬ ਦੀਆਂ ਮੁਹਤਬਰ ਸਿੱਖ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾ ਕੇ ਰੱਖੀ ਸੀ। ਜੀਕੇ ਨੇ ਦਾਅਵਾ ਕੀਤਾ ਕਿ ਸਿੱਖ ਮਸਲਿਆਂ ਉਤੇ ਸਰਕਾਰਾਂ ਨੂੰ ਅੱਖਾਂ ਵਿਖਾਉਣ ਦੀ ਬਜਾਏ ਸਰਕਾਰਾਂ ਦੀਆਂ ਫੋਕੀਆਂ ਤਰੀਫ਼ਾਂ ਕਰਨ ਨੂੰ ਆਪਣਾ ਕਿੱਤਾ ਬਣਾ ਚੁੱਕੇ ਦਿੱਲੀ ਕਮੇਟੀ ਆਗੂ ਪੰਥ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ। ਇਸੇ ਕਰਕੇ ਇਨ੍ਹਾਂ ਵਿਚ ਮੌਜੂਦਾ ਸਮੇਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਅਖੋਂ ਪਰੋਖੇ ਕਰਨ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਨਹੀਂ ਹੋ ਪਾ ਰਿਹਾ ਹੈ। ਜੀਕੇ ਨੇ ਦਾਅਵਾ ਕੀਤਾ ਕਿ ਹਰਮੀਤ ਸਿੰਘ ਕਾਲਕਾ ਆਪਣੇ ਦਾਦਾ ਜਸਵੰਤ ਸਿੰਘ ਕਾਲਕਾ ਦੇ ਪਦਚਿੰਨ੍ਹਾਂ ਉਤੇ ਚਲਦੇ ਹੋਏ ਸਿੱਖਾਂ ਨੂੰ ਪਾੜ ਕੇ ਸਰਕਾਰ ਨੂੰ ਖੁਸ਼ ਕਰਨ ਵਾਲੇ ਪਾਸੇ ਤੁਰੇ ਹੋਏ ਹਨ। ਜਸਵੰਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਦੀ ਆਪਣੀ ਪ੍ਰਧਾਨਗੀ ਦੌਰਾਨ ਕੇਂਦਰ ਸਰਕਾਰ ਦੀ ਡੱਟ ਕੇ ਹਿਮਾਇਤ ਕੀਤੀ ਸੀ। ਭਾਵੇਂ ਗੱਲ ਸਾਕਾ ਨੀਲਾ ਤਾਰਾ ਤੋਂ ਬਾਅਦ ਗੁਰੂ ਦੀ ਗੋਲਕ ਵਰਤ ਕੇ ਸਰਕਾਰੀ ਅਕਾਲ ਤਖ਼ਤ ਬਣਾਉਣ ਦੀ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਗੀ ਦਰਸ਼ਨ ਸਿੰਘ ਦੇ ਖਿਲਾਫ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਕੇ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਟਿੱਚ ਜਾਨਣ ਦੀ ਹੋਵੇ ਜਾਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਝੂਠਾ ਸਰਬਤ ਖਾਲਸਾ ਬੁਲਾਉਣ ਦੀ ਹੋਵੇ, ਜਸਵੰਤ ਸਿੰਘ ਕਾਲਕਾ ਨੇ ਉਹ ਕੀਤਾ ਜੋਂ ਰਾਜੀਵ ਗਾਂਧੀ ਤੇ ਬੂਟਾ ਸਿੰਘ ਦੇ ਮਾਫਿਕ ਸੀ। ਅੱਜ ਸਾਰੀ ਕੌਮ ਇਸ ਗੱਲ ਉਤੇ ਇਕਮੱਤ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪਰ ਇਹ ਜਥੇਦਾਰ ਕਾਉਂਕੇ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਇਸ ਮੁੱਦੇ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਦਬਾਉਣ ਵਾਸਤੇ ਵਰਤਣ ਦੀ ਗੁਸਤਾਖੀ ਕਰ ਰਹੇ ਹਨ। ਤਾਂਕਿ ਆਪਣੇ ਦਾਦੇ ਵਾਂਗ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਕੇ ਸਰਕਾਰੀ ਫਾਇਦੇ ਲੈਣ ਦਾ ਫਾਰਮੂਲਾ ਜ਼ੱਦੀ ਪੁਸ਼ਤੀ ਚਲਦਾ ਰਹੇਂ।

Leave a Reply

Your email address will not be published. Required fields are marked *