ਗ਼ਦਰ ਪਾਰਟੀ ਨੇ ਅਨੇਕਾਂ ਸੂਰਮੇ ਪੈਦਾ ਕੀਤੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਮਿੱਥੇ ਨਿਸ਼ਾਨਿਆਂ ’ਤੇ ਚੱਲਦਿਆਂ ਤਸੀਹੇ ਝੱਲੇ ਅਤੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਯੋਧਿਆਂ ਵਿੱਚੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਭਾਰਤੀ ਲੋਕਾਂ ਵਿੱਚ ਗ਼ਦਰ ਲਹਿਰ ਦੀ ਜਾਗ ਲਾਈ। ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਕੈਦ ਵੀ ਕੱਟਣੀ ਪਈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿੱਚ 25 ਹਾੜ ਸੰਮਤ 1935 ਬਿਕ੍ਰਮੀ ਮੁਤਾਬਕ (7 ਜੁਲਾਈ 1878 ਈ:) ਸਰਦਾਰ ਨੱਥਾ ਸਿੰਘ ਗਰੇਵਾਲ ਅਤੇ ਮਾਤਾ ਪੰਜਾਬ ਕੌਰ ਦੇ ਘਰ ਹੋਇਆ। ਭਾਈ ਸਾਹਿਬ ਦੀ ਮਾਤਾ ਛੇਵੇਂ ਤੇ ਸੱਤਵੇਂ ਗੁਰੂ ਸਾਹਿਬ ਦੇ ਅਨਿਨ ਸਿੱਖ ਭਾਈ ਭਗਤੂ ਦੇ ਪਰਿਵਾਰ ਵਿੱਚੋਂ ਸਨ। ਕਾਲਜ ਤੋਂ ਪੜ੍ਹਾਈ ਪੂਰੀ ਕਰਦਿਆਂ ਭਾਈ ਸਾਹਿਬ ਨੂੰ ਲੁਧਿਆਣੇ ਜ਼ਿਲ੍ਹੇ ਵਿੱਚ ਮੈਡੀਕਲ ਡਾਕਟਰ ਫਿਫ਼ਰ ਦੇ ਅਸਿਸਟੈਂਟ ਲੱਗ ਗਏ। ਮਗਰੋਂ ਫ਼ਲੌਰ ਦੇ ਕੋਲ ਇੱਕ ਛੋਟੇ ਜਿਹੇ ਪਿੰਡ ਵਿੱਚ ਸਾਰੇ ਪੰਥ ਵੱਲੋਂ ਅੰਮ੍ਰਿਤ ਸੰਚਾਰ ਕਰਨ ਲਈ ਕਾਨਫਰੰਸ ਕੀਤੀ ਗਈ। ਇਸ ਵਿੱਚ ਕੁੱਲ 35 ਵਿਅਕਤੀਆਂ ਨੂੰ ਅੰਮ੍ਰਿਤ ਛਕਾਇਆ ਗਿਆ ਜਿਨ੍ਹਾਂ ’ਚੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਇੱਕ ਸਨ। ਉਨ੍ਹਾਂ ਦਾ ਪਹਿਲਾ ਨਾਂ ਬਸੰਤ ਸਿੰਘ ਸੀ, ਅੰਮ੍ਰਿਤ ਛਕਣ ਪਿੱਛੋਂ ਹੀ ਉਨ੍ਹਾਂ ਦਾ ਨਾਂ ‘ਰਣਧੀਰ ਸਿੰਘ’ ਰੱਖਿਆ ਗਿਆ। ਸਾਲ 1914 ਵਿੱਚ ਜਦੋਂ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਨੂੰ ਢਾਹੁਣ ਦੀ ਘਟਨਾ ਵਾਪਰੀ। ਉਦੋਂ ਭਾਈ ਰਣਧੀਰ ਸਿੰਘ ਪਹਿਲੇ ਸਤਿਆਗ੍ਰਹੀ ਦੇ ਤੌਰ ’ਤੇ ਜਥਾ ਲੈ ਕੇ 3 ਮਈ, 1914 ਈ: ਵਿੱਚ ਲਾਹੌਰ ਪਹੁੰਚੇ ਜਿੱਥੇ ਰੋਸ ਵੱਜੋਂ ਸਿੱਖਾਂ ਦਾ ਵੱਡਾ ਸਮਾਗਮ ਹੋ ਰਿਹਾ ਸੀ। 19 ਮਈ, 1914 ਨੂੰ ਖ਼ਾਲਸਾ ਸੰਗਤ ਨਾਰੰਗਵਾਲ ਵੱਲੋਂ ਵਾਇਸਰਾਏ ਨੂੰ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਹੇ ਜਾਣ ਦਾ ਰੋਸ ਪ੍ਰਗਟ ਕਰਨ ਲਈ ਤਾਰ ਭੇਜੀ। 21 ਫਰਵਰੀ, 1915 ਨੂੰ ਗ਼ਦਰ ਦੀ ਤਾਰੀਖ਼ ਨਿਸ਼ਚਿਤ ਕੀਤੀ ਗਈ ਪਰ ਕਿਸੇ ਭੇਤੀ ਨੇ ਸਾਰਾ ਭੇਦ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਕੋਲ ਪਹੁੰਚਾ ਦਿੱਤਾ। ਮਗਰੋਂ ਅੰਗ੍ਰੇਜ਼ੀ ਸਰਕਾਰ ਨੇ ਐਸਾ ਦਮਨ ਚੱਕਰ ਚਲਾਇਆ ਗ਼ਦਰ ਲਹਿਰ ਦੇ ਸਰਗਰਮ ਆਗੂ ਸਮੇਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਗ਼ਦਰੀ ਆਗੂਆਂ ਦੀ ਹਰ ਗੱਲ ਵਿੱਚ ਹਿੱਸਾ ਲੈਣ ਨੂੰ ਤੱਤਪਰ ਸਨ ਪਰ ਕਿਸੇ ਅਮੀਰ ਦੇ ਘਰ ਡਕੈਤੀ ਕਰਕੇ ਪੈਸੇ ਇੱਕਠੇ ਕਰਨੇ ਪਾਪ ਸਮਝਦੇ ਸਨ। ਦੂਜੇ ਲਾਹੌਰ ਸਾਜ਼ਿਸ਼ ਕੇਸ ਵਿੱਚ ਜਿਨ੍ਹਾਂ 48 ਆਜ਼ਾਦੀ ਦੇ ਪ੍ਰਵਾਨਿਆਂ ਨੂੰ ਉਮਰ ਕੈਦ ਹੋਈ, ਭਾਈ ਸਾਹਿਬ ਉਨ੍ਹਾਂ ਵਿੱਚੋਂ ਇੱਕ ਸਨ। ਪਿੱਛੋਂ 30 ਮਾਰਚ 1916 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕੀਤਾ ਗਿਆ। ਜਿੱਥੇ ਉਹ ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਸਾਥੀਆਂ ਨਾਲ ਇੱਕਠੇ ਹੋ ਗਏ। ਲਾਹੌਰ ਜੇਲ੍ਹ ਵਿੱਚ ਕੁੱਝ ਦਿਨ ਰਹਿਣ ਪਿੱਛੋਂ ਉਨ੍ਹਾਂ ਨੂੰ 4 ਅਪਰੈਲ 1916 ਨੂੰ ਰਾਤ ਦੇ 9 ਵਜੇ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਉਨ੍ਹਾਂ ਦੁਆਰਾ 13 ਮਈ ਤੱਕ ਕਰੀਬ 40 ਦਿਨ ਭੁੱਖ ਹੜਤਾਲ ਕੀਤੀ ਗਈ। 1921 ਵਿੱਚ ਉਨ੍ਹਾਂ ਨੂੰ ਹਜ਼ਾਰੀ ਬਾਗ਼ ਦੀ ਜੇਲ੍ਹ ਤੋਂ ਤਬਦੀਲ ਕਰਕੇ ਮਦਰਾਸ ਦੀ ਰਾਜ ਮੰਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿੱਚ ਬੈਠ ਕੇ ਉਨ੍ਹਾਂ ਨੇ ‘ਗੁਰਮਤਿ ਬਿਬੇਕ’ ਪੁਸਤਕ ਦਾ ਖਰੜਾ ਤਿਆਰ ਕੀਤਾ। 1 ਦਸੰਬਰ, 1922 ਨੂੰ ਉਨ੍ਹਾਂ ਨੂੰ ਨਾਗਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਜਾਲਨਾਮਾ ਢੰਗ ਦੇ ਅਸਹਿ ਤਸੀਹੇ ਦਿੱਤੇ ਗਏ। ਇਨ੍ਹਾਂ ਅਤਿਆਚਾਰਾਂ ਦੀ ਖ਼ਬਰ ਮਦਰਾਸ ਦੇ ਪ੍ਰਸਿੱਧ ਹਫ਼ਤਾਵਾਰ ਅਖ਼ਬਾਰ ‘ਸਵਾਰਾਜ’ ਦੇ ਸੰਪਾਦਕ ਟੀ. ਪ੍ਰਕਾਸ਼ਨ ਦੁਆਰਾ ਲੇਖਾਂ ਵਿੱਚ ਲਿਖ ਕੇ ਦਿੱਤੀ ਗਈ। ਇੱਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੇ ਆਪਣਾ ਮਹਾਂਕਾਵਿ ‘ਜੋਤਿ ਵਿਗਾਸ’ ਲਿਖਿਆ। ਉਨ੍ਹਾਂ ਦੀ ਬਦੋਲਤ ਹੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਦਸਤਾਰ ਸਜਾਉਣ ਦੀ ਆਗਿਆ ਮਿਲੀ ਅਤੇ ਕੜੇ, ਕਛਹਿਰੇ ਵੀ ਮਿਲੇ। ਆਖ਼ਰ 16 ਵਰ੍ਹੇ ਕੈਦ ਕੱਟਣ ਮਗਰੋਂ 1932 ਈ: ਵਿੱਚ ਰਿਹਾਈ ਹੋਈ। 1932 ਤੋਂ 1961 ਤੱਕ ਦਾ ਸਮਾਂ ਭਾਈ ਸਾਹਿਬ ਨੇ ਅਖੰਡ-ਪਾਠਾਂ, ਅਖੰਡ ਕੀਰਤਨ ਮੰਡਲਾਂ ਵਿੱਚ ਹਿੱਸਾ ਲੈਂਦਿਆਂ ਬਤੀਤ ਕੀਤਾ। ਉਨ੍ਹਾਂ ਦਾ ਜੀਵਨ ਬਹੁ-ਪੱਖੀ ਅਤੇ ਸਰਬਪੱਖੀ ਸੰਪੂਰਨ ਸੀ। ਪੰਜਾਬੀ ਸਾਹਿਤ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਗੁਰਮਤਿ ਸਾਹਿਤ ਸਿਰਜਣਾ ਹੈ। ਉਨ੍ਹਾਂ ਨੇ 40 ਦੇ ਕਰੀਬ ਰਚਨਾਵਾਂ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਹੀ ਨਹੀਂ ਭਰਿਆ ਸਗੋਂ ਇਨ੍ਹਾਂ ਲਿਖਤਾਂ ਰਾਹੀਂ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਸਿੱਖ ਧਰਮ ਦੇ ਪ੍ਰਚਾਰ ਦੀ ਨਿਸ਼ਕਾਮ ਸੇਵਾ ਵੀ ਕੀਤੀ। ਆਖ਼ਰ ਭਾਈ ਰਣਧੀਰ ਸਿੰਘ ਦੇਸ਼ ਕੌਮ ਅਤੇ ਮਨੁੱਖਤਾ ਨੂੰ ਇੱਕ ਮਹਾਨ ਵਿਰਸਾ ਭੇਟ ਕਰਕੇ 83 ਵਰ੍ਹੇ ਦੀ ਉਮਰ ਭੋਗ ਕੇ 16 ਅਪਰੈਲ, 1961 ਈ. ਨੂੰ ਇਸ ਫ਼ਾਨੀ ਸੰਸਾਰ ਨੂੰ ਤਿਆਗ ਗਏ। ਉਨ੍ਹਾਂ ਸਸਕਾਰ ਗੁਜਰਵਾਲ ਤੇ ਨਾਰੰਗਵਾਲ ਦਰਮਿਆਨ ਇੱਕ ਢਾਬ ’ਤੇ ਹੋਇਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕੀਤੀ ਕੁਰਬਾਨੀ ਗੁਰਮਤਿ ਦੇ ਜਗਿਆਸੂਆਂ ਲਈ ਹਮੇਸ਼ਾ ਪ੍ਰੇਰਣਾ ਦਾ ਕੇਂਦਰ ਬਣੀ ਰਹੇਗੀ।

 

Leave a Reply

Your email address will not be published. Required fields are marked *