ਨਵੀਂ ਦਿੱਲੀ- ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸੰਸਥਾ ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਅਹੁਦੇਦਾਰਾਂ ਵੱਲੋਂ ਅੱਜ ਇਥੇ ਕੌਮੀ ਘੱਟ
ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ।ਇਸ ਮਿਲਣੀ ਤੋਂ ਬਾਅਦ ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਅਤੇ ਉੱਘੇ ਸਮਾਜਮ ਸੇਵੀ ਸ. ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਉਕਤ ਸੰਸਥਾ ਰਾਹੀਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ
ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਰਾਹੀਂ ਰੋਪਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸ. ਬੌਬੀ ਨੇ ਕਿਹਾ ਕਿ ਸ਼੍ਰੀ ਹੇਮਕੁੰਟ ਸਾਹਿਬ ਦੇ ਪ੍ਰੋਜੈਕਟ ਨੂੰ ਲੈ ਕੇ ਦੇਸ਼ ਅਤੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸੰਗਤਾਂ ਨੂੰ ਬਹੁਤ ਆਸਾਨੀ ਹੋਵੇਗੀ ਅਤੇ ਜੋ ਸਫਰ ਕਰਨ ਲਈ ਡੇਢ ਦਿਨ
ਦਾ ਸਮਾਂ ਲੱਗਦਾ ਸੀ, ਉਹ ਇਸ ਪ੍ਰੋਜੈਕਟ ਬਣਨ ਤੋਂ ਬਾਅਦ ਸਿਰਫ 45 ਮਿੰਟਾਂ ਵਿੱਚ ਪੂਰਾ ਹੋ ਜਾਵੇਗਾ। ਇਸ 12.5 ਕਿਲੋਮੀਟਰ ਰੋਪਵੇਅ ਪ੍ਰਾਜੈਕਟ `ਤੇ 1163 ਕਰੋੜ ਰੁਪਏ ਖਰਚ ਕੀਤੇ ਜਾਣਗੇ।ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਸੀਂ ਇਹ ਵੀ ਮੰਗ
ਕੀਤੀ ਹੈ ਕਿ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ `ਤੇ ਲੱਗੇ ਸਾਈਨ ਬੋਰਡਾਂ `ਤੇ ਵੀ ਪੰਜਾਬੀ ਭਾਸ਼ਾ `ਚ ਲਿਖਿਆ ਜਾਵੇ, ਜਿਸ ਨਾਲ ਪੰਜਾਬੀ ਜਾਣਨ ਵਾਲਿਆਂ ਲੋਕਾਂ ਨੂੰ ਆਸਾਨੀ ਹੋਵੇਗੀ।ਇਸ ਸਬੰਧੀ ਸਾਬਕਾ ਆਈ.ਏ.ਐਸ ਅਧਿਕਾਰੀ ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਅਸੀਂ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਰਾਹੀਂ ਕੇਂਦਰ ਸਰਕਾਰ
ਤੋਂ ਵੀ ਮੰਗ ਕੀਤੀ ਹੈ ਕਿ ਦੇਸ਼ ਦੇ ਮਦਰੱਸਿਆਂ ਦੀ ਤਰਜ਼ `ਤੇ ਛੋਟੇ-ਛੋਟੇ ਗੁਰੂਘਰਾਂ ਦੇ ਗ੍ਰੰਥੀ ਅਤੇ ਰਾਗੀ ਜਥਿਆਂ ਨੂੰ ਵੀ ਤਨਖ਼ਾਹ ਸਰਕਾਰ ਵੱਲੋਂ ਦਿੱਤੀ ਜਾਵੇ। ਇਸ ਮੌਕੇ ਜਸਵੰਤ ਸਿੰਘ ਬੌਬੀ ਨੇ ਮੰਗ ਕੀਤੀ ਕਿ ਦਿੱਲੀ ਤੋਂ ਅੰਮ੍ਰਿਤਸਰ ਲਈ ਵੰਦੇ ਭਾਰਤ ਰੇਲ ਗੱਡੀ ਵੀ ਚਲਾਈ ਜਾਵੇ ਤਾਂ ਜੋ ਸ਼ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਹੋ ਸਕੇ।