ਨਵੀਂ ਦਿੱਲੀ – ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ ਤੇ ਭਾਈ ਗੁਰਪਾਲ ਸਿੰਘ ਪਾਲ ਨੇ ਪ੍ਰੈੱਸ ਦੇ ਨਾ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਭਾਰਤੀ ਫੌਜਾਂ ਨੇ ਜੂਨ 84 ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਆਸਿਕ ਗੁਰਦੁਆਰਾ ਸਾਹਿਬਾਨ ਵਿੱਚ ਇਕੱਤਰ ਹੋਈਆਂ ਸੰਗਤਾਂ ਤੇ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਕੇ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਤੇ 38 ਗੁਰਧਾਮਾਂ ਤੇ ਟੈਕਾਂ ਤੋਪਾਂ ਨਾਲ ਹਮਲਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਤੇ ਸ੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2500 ਤੋਂ ਵੱਧ ਬੀੜਾਂ ਨੂੰ ਅਗਨ ਭੇਟ, ਹਜ਼ਾਰਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ, ਇੱਥੋ ਤੱਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਿਰਦਈਪੁਣੇ ਦੀਆਂ ਸਭ ਹੱਦ ਟੱਪ ਕੇ ਸ਼ਹੀਦ ਕੀਤਾ ਗਿਆ ।

ਹਿੰਦੋਸਤਾਨ ਦੀ ਹਕੂਮਤ ਨੇ ਜੂਨ 84 ਦਾ ਖੂਨੀ ਘੱਲੂਘਾਰਾ ਕਰਕੇ ਸਿੱਖ ਕੌਮ ਦੇ ਹਿਰਦਿਆਂ ਤੇ ਨਾਂ ਮਿਟਣ ਵਾਲੇ ਜੋ ਜ਼ਖਮ ਉੱਕਰ ਦਿੱਤੇ ਹਨ ਇਹ 40 ਸਾਲ ਬੀਤ ਜਾਣ ਤੋਂ ਬਾਅਦ ਵੀ ਜੂਨ ਦੇ ਪਹਿਲੇ ਹਫ਼ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਰ ਗੁਰਸਿੱਖ ਮਾਈ-ਭਾਈ ਨੂੰ ਟੈਂਕ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ ਬਲਕਿ ਆਪਣੀ ਛਾਤੀ ‘ਤੇ ਚੜ੍ਹੇ ਮਹਿਸੂਸ ਹੁੰਦੇ ਹਨ। ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ ‘ਤੇ ਨਹੀਂ ਸਗੋਂ ਆਪਣੇ ਸਾਰੇ ਵਜੂਦ ‘ਤੇ ਡਿੱਗਦੇ ਮਹਿਸੂਸ ਹੁੰਦੇ ਹਨ।
ਹਿੰਦੋਸਤਾਨ ਦੀ ਹਕੂਮਤ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਸਿੱਖ ਕੌਮ ਦੀਆਂ ਭਾਵਨਾਂ ਤੇ ਜ਼ਖਮਾਂ ਦੀ ਭਰਾਈ ਕਰਨ ਦੀ ਬਜਾਏ ਆਪਣੀ ਚਾਣਕੀਆਂ ਸਾਮ, ਭੇਦ, ਦਾਮ, ਦੰਡ ਦੀ ਨੀਤੀ ਵਰਤ ਕੇ ਇਸ ਸਾਰੇ ਕੁਝ ਨੂੰ ਭੁਲ ਜਾਣ ਤੇ ਭਲਾਉਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਸਿੱਖ ਕੌਮ ਦੇ ਮਰੀ ਹੋਈ ਜ਼ਮੀਰ ਵਾਲੇ ਆਗੂ ਵੀ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਕੌਮ ਨਾਲ ਹੋਏ ਇਸ ਕਹਿਰ ਨੂੰ ਭੁੱਲ ਗਏ ਹਨ ਤੇ ਕੌਮ ਨੂੰ ਭੁਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਜਗਦੀ ਜ਼ਮੀਰ, ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖਣ ਵਾਲੇ ਸਿੱਖ ਹਿੰਦੋਸਤਾਨ ਦੀ ਹਕੂਮਤ ਦੇ ਜ਼ੁਲਮਾਂ ਨੂੰ ਕਦੀ ਵੀ ਨਹੀਂ ਭੁਲਾਉਣਗੇ।
ਘੱਲੂਘਾਰੇ ਦੇ ਸ਼ਹੀਦਾਂ ਦੀ 40ਵੀਂ ਯਾਦ ਨੂੰ ਸਮਰਪਿਤ ਜਰਮਨ ਲੋਕਾਂ ਤੇ ਜਰਮਨ ਦੇ ਵਿੱਚ ਜਨਮੇ ਬੱਚਿਆਂ ਨੂੰ ਜਾਗਰੂਕ ਕਰਨ ਤੇ ਜਾਣਕਾਰੀ ਦੇਣ ਲਈ ਜਰਮਨ ਵਿੱਚ ਲਿਟਰੇਚਰ ਤੇ ਭਾਰਤੀ ਜ਼ੁਲਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੀਆਂ ਵੱਖ ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨੀਆਂ ਅਗਲੇ ਮਹੀਨਿਆਂ ਵਿੱਚ ਜਰਮਨ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਲਗਾਈਆ ਜਾਣਗੀਆਂ ਅਤੇ ਇਸ ਦਿਨ ਨੂੰ ਯਾਦ ਕਰਦਿਆਂ ਸ਼ਹੀਦੀ ਸਮਾਗਮ ਕੀਤੇ ਜਾਣਗੇ । ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਦਰਬਾਰ ਸਾਹਿਬ ਦੇ ਹਮਲੇ ਦੇ 40 ਸਾਲਾ ਸਮਾਗਮਾਂ ਅਤੇ ਪ੍ਰਦਰਸ਼ਨੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ । ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿੱਖਾਂ ਉੱਤੇ ਹੋਏ ਜ਼ੁਲਮ ਤੋਂ ਜਾਣੂ ਕਰਵਾਉਣ ਤੇ ਪ੍ਰਣ ਕਰਨ ਕਿ ‘ਨਾਂ ਭੁੱਲੇ ਹਾਂ ਨਾਂ ਭੁਲਾਂਗੇ ਅਸੀ ਜੂਨ 84’।

Leave a Reply

Your email address will not be published. Required fields are marked *