Thu. Nov 30th, 2023


ਨਵੀਂ ਦਿੱਲੀ – ਜੈ ਕਿਸਾਨ ਅੰਦੋਲਨ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਐਸ ਕੇ ਐਮ ਦੇ ਨਾਂ ਹੇਠ ਚੁਣਾਵੀ ਮੋਰਚਾ ਬਣਾਉਣ ਦੇ ਵਿਚਾਰ ਦਾ ਸਮਰਥਕ ਨਹੀਂ ਹੈ ਅਤੇ ਨਾ ਹੀ ਕਿਸੇ ਅਜਿਹੇ ਉਪਰਾਲੇ/ ਪ੍ਰਯੋਗ ਦਾ ਹਿੱਸਾ ਬਣੇਗਾ।
ਗੁਰਬਖਸ਼ ਸਿੰਘ ਕਨਵੀਨਰ ਜੈ ਕਿਸਾਨ ਅੰਦੋਲਨ, ਪੰਜਾਬ ਨੇ ਕਿਹਾ ਕਿ ਬੇਸ਼ਕ ਜੈ ਕਿਸਾਨ ਅੰਦੋਲਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਹਿੱਸਾ ਹੈ। ਇਨ੍ਹਾਂ ਵਿੱਚੋਂ ਕੁਝ ਕਿਸਾਨ ਜਥੇਬੰਦੀਆਂ ਜਾਂ ਵਿਅਕਤੀਆਂ ਵਲੋਂ ਚੁਣਾਵੀ ਮੋਰਚਾ ਬਣਾਉਣ ਦੀ ਚਰਚਾ ਚੱਲ ਰਹੀ ਹੈ। ਪਰ ਜੈ ਕਿਸਾਨ ਅੰਦੋਲਨ, ਕਿਸਾਨ ਜਥੇਬੰਦੀਆਂ ਜਾਂ ਵਿਅਕਤੀਆਂ ਵਲੋਂ ਚੁਣਾਵੀ ਮੋਰਚਾ ਬਣਾਉਣ ਦਾ ਸਮਰਥਨ ਨਹੀਂ ਕਰਦਾ ਸਗੋਂ ਸਾਡੀ ਸਮਝ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੀ ਏਕਤਾ ਬਣਾ ਕੇ ਰੱਖਦੇ ਹੋਏ ਕਿਸਾਨਾਂ ਦੀਆਂ ਮੰਗਾਂ ਦੇ ਲਈ ਸੰਘਰਸ਼ ਦੀ ਰਾਹ ਤੇ ਟਿਕੇ ਰਹਿਣਾ ਚਾਹੀਦਾ ਹੈ। ਏਸੇ ਰਾਹ ਤੇ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹਿੱਤ ਵਿੱਚ ਵੱਡੀ ਭੂਮਿਕਾ ਨਿਭਾ ਸਕਣਗੇ।
ਗੁਰਬਖਸ਼ ਸਿੰਘ ਨੇ ਸਪਸ਼ਟ ਕੀਤਾ ਕਿ ਅਸੀਂ ਰਾਜਨੀਤੀ ਕਰਨ ਜਾਂ ਵੱਖ-ਵੱਖ ਪਾਰਟੀਆਂ ਵਲੋਂ ਚੋਣ ਲੜਨ ਦੇ ਖਿਲਾਫ਼ ਨਹੀਂ ਹਾਂ। ਪਰ ਮਹਾਨ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ ਵੱਡੀ ਜਿੱਤ ਪ੍ਰਾਪਤ ਹੋਈ ਉਸ ਵੇਲੇ ਕਿਸਾਨ ਅੰਦੋਲਨ ਦੀ ਸਾਂਝ ਨੂੰ ਕਾਇਮ ਰੱਖਦਿਆਂ ਸੰਘਰਸ਼ ਨੂੰ ਅਗਾਂਹ ਲੈ ਜਾਣਾ ਜ਼ਰੂਰੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਖ਼ਤਮ ਨਹੀਂ ਕੀਤਾ ਬਲਕਿ ਸਸਪੈਂਡ ਕੀਤਾ ਹੈ, ਹੱਲੇ ਐਮਐਸਪੀ ਅਤੇ ਕਰਜ਼ੇ ਤੋਂ ਮੁਕਤੀ ਦੇ ਸਵਾਲ ਬਾਕੀ ਹਨ। ਇਸ ਵੇਲੇ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂਆਂ ਦਾ ਚੋਣ ਮੋਰਚਾ ਬਣਾ ਕੇ ਚੋਣ ਲੜਨਾ ਕਿਸਾਨਾਂ ਦੀ ਲੜਾਈ ਨੂੰ ਕਮਜ਼ੋਰ ਕਰੇਗਾ।
ਗੁਰਬਖਸ਼ ਸਿੰਘ ਨੇ ਚੋਣ ਮੋਰਚਾ ਬਣਾ ਕੇ ਚੋਣਾਂ ਵਿੱਚ ਕੁੱਦਣ ਵਾਲੀਆਂ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੀ ਵਿਰਾਸਤ ਦਾ ਰਾਜਨੀਤਿਕ ਲਾਹਾ ਲੈਣ ਤੋਂ ਗੁਰੇਜ਼ ਕਰਨ ਅਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂ ਰਾਜਨੀਤਕ ਪਾਰਟੀ ਬਣਾ ਕੇ ਚੋਣਾਂ ਵਿੱਚ ਕੁੱਦਣ ਦਾ ਇਰਾਦਾ ਰੱਖਦੇ ਹਨ ਉਹ ਸੰਯੁਕਤ ਕਿਸਾਨ ਮੋਰਚੇ ਤੋਂ ਅਪਣੇ ਆਪ ਨੂੰ ਵੱਖ ਕਰਨ ਦਾ ਐਲਾਨ ਕਰ ਦੇਣ।

 

Leave a Reply

Your email address will not be published. Required fields are marked *