ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਪ੍ਰਚਾਰ ਦੌਰਾਨ 12 ਅਪ੍ਰੈਲ 2021 ਨੂੰ ਪੰਜਾਬੀ ਬਾਗ਼ ਵਿਖੇ ਇੱਕ ਕਾਰ ਤੋਂ ਫੜੀ ਗਈ 2 ਕਰੋਡ਼ ਰੁਪਏ ਦੀ ਨਕਦੀ ਤਸਕਰੀ ਦੇ ਮਾਮਲੇ ਵਿੱਚ ਹੁਣ ਦਿੱਲੀ ਪੁਲਿਸ ਵੱਲੋਂ ਅੱਗੇ ਜਾਂਚ ਕਰਨ ਦਾ ਰਸਤਾ ਖੁੱਲ ਗਿਆ ਹੈ। ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਸ਼ਿਕਾਇਤ ਉੱਤੇ ਦਿੱਲੀ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਅੱਗੇ ਇਸ ਮਾਮਲੇ ਵਿੱਚ ਜਾਂਚ ਕਰਨ ਸਬੰਧੀ ਬੇਨਤੀ ਪੱਤਰ ਭੇਜਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਉਮੀਦ ਜਤਾਈ ਕਿ ਪੁਲਿਸ ਦੀ ਜਾਂਚ ਨਾਲ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਇਸ ਪੈਸੇ ਨਾਲ ਵੋਟਰਾਂ ਨੂੰ ਲਾਲਚ ਦੇਣ ਦੀ ਇੱਛਾ ਦਾ ਖ਼ੁਲਾਸਾ ਹੋ ਸਕੇਗਾ। 21 ਅਪ੍ਰੈਲ ਨੂੰ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਪੱਤਰ ਵਿੱਚ ਜੀਕੇ ਨੇ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਰਾਸ਼ੀ ਦੇ ਡਰੱਗ ਮਣੀ ਹੋਣ ਦਾ ਖ਼ਦਸ਼ਾ ਜਤਾਇਆ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ 2 ਕਰੋਡ਼ ਰੁਪਏ ਜ਼ਬਤ ਕਰਕੇ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਕੇ ਜਾਂਚ ਬੰਦ ਕਰ ਦਿੱਤੀ ਸੀ। ਜੀਕੇ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਆਪਣੇ ਇਸ ਸ਼ਿਕਾਇਤੀ ਪੱਤਰ ਦਾ ਉਤਾਰਾ ਕੇਂਦਰੀ ਗ੍ਰਹਿ ਮੰਤਰੀ, ਦਿੱਲੀ ਦੇ ਉਪਰਾਜਪਾਲ, ਮੁੱਖ ਮੰਤਰੀ, ਪੁਲਿਸ ਕਮਿਸ਼ਨਰ ਅਤੇ ਦਿੱਲੀ ਗੁਰਦੁਆਰਾ ਚੋਣ ਬੋਰਡ ਨੂੰ ਵੀ ਭੇਜਿਆ ਸੀ। ਜਿਸ ਉੱਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਕਾਰਵਾਈ ਹੁਣੇ ਸਾਹਮਣੇ ਆਈ ਹੈ।
ਪ੍ਰਧਾਨ ਮੰਤਰੀ ਨੂੰ ਭੇਜੀ ਆਪਣੀ ਸ਼ਿਕਾਇਤ ਵਿੱਚ ਜੀਕੇ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਡਰੱਗ ਮਾਫ਼ੀਆ ਨਾਲ ਦੋਸਤੀ ਜਗਜਾਹਿਰ ਹੈ। ਇਸ ਲਈ ਹੁਣ ਇਹ ਇਸ ਧਾਰਮਿਕ ਚੋਣ ਨੂੰ ਨਸ਼ੀਲੇ ਪਦਾਰਥਾਂ ਅਤੇ ਪੈਸੇ ਨਾਲ ਗੰਦਲਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਵੱਖਰੇ ਸਰੋਤਾ ਦੇ ਮਾਧਿਅਮ ਤੋਂ ਮੇਰੀ ਜਾਣਕਾਰੀ ਵਿੱਚ ਜੋ ਇਲਜ਼ਾਮ ਆਏ ਹਨ, ਉਹ ਬਹੁਤ ਗੰਭੀਰ ਕਿਸਮ ਦੇ ਹਨ, ਇਸ ਲਈ ਤੁਹਾਨੂੰ ਬੇਨਤੀ ਹੈ ਕਿ ਅਕਾਲੀ ਦਲ ਬਾਦਲ ਵੱਲੋਂ ਕਥਿਤ ਤੌਰ ਉੱਤੇ 2 ਕਰੋਡ਼ ਰੁਪਏ ਦੀ ਨਗਦੀ ਤਸਕਰੀ ਦੀ ਜਾਂਚ ਲਈ ਇੱਕ ਆਜ਼ਾਦ ਜਾਂਚ ਟੀਮ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਨਿਰਪੱਖ ਜਾਂਚ ਨਾਲ ਡਰੱਗਜ਼ ਅਤੇ ਗ਼ੈਰ ਕਾਨੂੰਨੀ ਪੈਸੇ ਦੀ ਦੁਰਵਰਤੋਂ ਨਾਲ ਚੋਣ ਅਤੇ ਸਮਾਜ ਨੂੰ ਬਚਾਉਣ ਦੀ ਰਾਹ ਖੁੱਲ ਸਕਦੀ ਹੈ ਅਤੇ ਬਾਦਲ ਦਲ ਅਤੇ ਡਰੱਗ ਮਾਫ਼ੀਆ ਦੇ ਵਿਚਾਲੇ ਦੇ ਕਥਿਤ ਗੱਠਜੋੜ ਦਾ ਖ਼ੁਲਾਸਾ ਵੀ ਹੋ ਸਕਦਾ ਹੈ। ਇਸ ਲਈ ਜੋ ਵੀ ਇਸ ਦੇ ਪਿੱਛੇ ਹੈ ਉਸ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ਅਤੇ ਕਾਨੂੰਨ ਅਨੁਸਾਰ ਉਚਿੱਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਪਤਾ ਚਲਾ ਹੈ ਕਿ ਉਕਤ ਪੈਸੇ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਸਥਿਤ ਅਕਾਲੀ ਦਲ ਬਾਦਲ ਦੇ ਦਫ਼ਤਰ ਤੋਂ ਉਕਤ ਗੱਡੀ ਲੈ ਕੇ ਚੱਲੀ ਸੀ ਅਤੇ ਪੰਜਾਬੀ ਬਾਗ਼ ਲਾਲ ਬੱਤੀ ਉੱਤੇ ਜਾਂਚ ਦੌਰਾਨ 3 ਲੋਕਾਂ ਦੇ ਨਾਲ ਫੜੀ ਗਈ ਸੀ।